(ਸਮਾਜ ਵੀਕਲੀ)
ਆਓ ਬੱਚਿਓ ਤਹਾਨੂੰ ਗੱਲ ਸੁਣਾਵਾਂ,
ਰਿਸ਼ਤਿਆਂ ਦੀ ਪਛਾਣ ਕਰਾਵਾਂ।
ਪਿਓ ਦੇ ਭਰਾ ਨੂੰ ਕਹਿੰਦੇ ਚਾਚਾ,
ਪਿਓ ਦਾ ਪਿਓ ਹੁੰਦਾ ਐ ਦਾਦਾ।
ਭੂਆ ਤੁਹਾਡੀ ਹੁੰਦੀ ਪਿਓ ਦੀ ਭੈਣ ,
ਘਰ ਦੇ ਇੱਜ਼ਤ ਜਿਸਨੂੰ ਸਾਰੇ ਦੇਣ।
ਤੂਹਾਡੀ ਚਾਚੀ, ਮਾਂ ਦੀ ਦਰਾਣੀ ,
ਚਾਚੀ ਦੀ ਲੱਗੇ, ਉਹ ਜਠਾਣੀ ।
ਦਰਾਣੀ ਦਾ ਪੁੱਤ ਹੁੰਦਾ ਦਰੀਆ ,
ਜੇਠ ਦਾ ਪੁੱਤ ਨੂੰ ਕਹਿਣ ਜਠੀਆ।
ਪਿਓ ਦਾ ਪੁੱਤ,ਉਹਦੇ ਬਾਪ ਦਾ ਪੋਤਰਾ,
ਪੋਤਰੇ ਦੇ ਪੁੱਤ ਨੂੰ ਕਹਿਣ ਪੜਪੋਤਰਾ।
ਘਰ ਵਿਚ ਵੱਡਾ ਹੁੰਦਾ ਏ ਦਾਦਾ,
ਦਾਦੇ ਦੇ ਪਿਓ ਨੂੰ ਕਹੀਏ ਪੜਦਾਦਾ।
ਮਾਂ ਦੇ ਪਿਓ ਨੂੰ ਕਹੀਏ ਨਾਨਾ ,
ਉਸਦਾ ਪਿਓ ਕਹਾਏ ਪੜਨਾਨਾ।
ਦਾਦੇ – ਨਾਨੇ ਦੀ ਕੁੜਮਾਚਾਰੀ,
ਇਹ ਰਿਸ਼ਤੇਦਾਰੀ ਬੜੀ ਪਿਆਰੀ।
ਚਾਚੇ ਦੀ , ਤੁਹਾਡੀ ਮਾਂ ਭਰਜਾਈ ,
ਭੂਆ ਉਹਦੀ ਨਨਾਣ ਅਖਵਾਈ ।
ਭੂਆ ਦੇ ਘਰ ਵਾਲਾ ਫੁੱਫੜ ,
ਜਦੋਂ ਵੀ ਆਵੇ ਛਕਦਾ ਕੁੱਕੜ।
ਸੇਵਾ ਹੋਵੇ, ਇੱਥੇ ਵਾਂਗ ਪਟਵਾਰੀ,
ਸਾਬਤ ਮੁਰਗਾ,ਬੋਤਲ ਸਾਰੀ।
ਵਿਆਹ ‘ਚ ਜੇ ਨਾਂ ਭਸੂੜੀ ਪਾਈ,
ਫਿਰ ਉਹ ਕਿਵੇਂ ਲੱਗੂ ਜਵਾਈ।
ਚਾਚੇ ਸਹੁਰੇ ਨੂੰ ਕਹਿਣ ਪਤਿਆਹੁਰਾ,
ਪਤੀ ਦਾ ਦਾਦਾ ਅਖਵਾਏ ਦਦਿਆਹੁਰਾ।
ਇਕ ਹੋਰ ਰਿਸ਼ਤੇ ਦੀ ਨਾ ਕੋਈ ਰੀਸ,
ਪਿਓ ਦੀ ਚਾਚੀ, ਮਾਂ ਦੀ ਪਤੀਸ।
ਪਿਓ ਦੀ ਦਾਦੀ,ਹੁੰਦੀ ਮਾਂ ਦੀ ਦਦੇਹਸ,
ਪਿਆਰ ਕਰੇ ਨਾਲੇ ਸਮਝਾਵੇ ਗੁੱਝੇ ਭੇਤ।
ਮਾਂ ਦੀ ਮਾਂ ਨੂੰ ਕਹੀਏ ਨਾਨੀ ,
ਮਾਮੇ ਦੀ ਵਿਆਂਦੜ,ਹੁੰਦੀ ਮਾਮੀ।
ਮਾਂ ਦੇ ਪਿਓ ਨੂੰ ਕਹਿੰਦੇ ਨਾਨਾ,
ਪੁੱਤਰ ਉਸਦੇ ਨੂੰ ਕਹੀਏ ਮਾਮਾ।
ਮਾਮਾ ਤੁਹਾਡਾ ਪਿਓ ਦਾ ਸਾਲਾ ,
ਰਿਸ਼ਤਾ ਇਨ੍ਹਾਂ ਦਾ ਬੜਾ ਪਿਆਰਾ।
ਮਾਮੀ ਲੱਗੇ ਪਿਓ ਦੀ ਸਾਲੇਹਾਰ ,
ਗਿਣਾਤੇ ਰਿਸ਼ਤੇ ਅਸੀਂ,ਵਾਰੋ ਵਾਰ।
ਨਨਾਣ ਦਾ ਘਰ ਵਾਲਾ ਨਨਾਣਵਈਆ,
ਪਿਓ ਦਾ ਜੋ ਲੱਗੇ ਭਣਵ੍ਹਾਈਆ।
ਮਾਂ ਦੀ ਭੈਣ ਨੂੰ ਮਾਸੀ ਕਹਿੰਦੇ ,
ਪਿਆਰ ਨਾਲ ਨਾਂਅ ਉਹਦਾ ਲੈਂਦੇ।
ਮਿਲਦੇ ਰਹਿਣ ਤਾਂ ਰਿਸ਼ਤੇ ਪੂਰੇ,
ਪਿਆਰ ਬਿਨਾਂ ‘ਬਾਸਰਕੇ’ ਅਧੂਰੇ ।
ਰਿਸ਼ਤਾ ਕਰਾਉਣ ਵਾਲਾ ਵਿਚੋਲਾ,
ਰੱਖ ਜਾਂਦਾ ‘ਮਨਮੋਹਨ’ ਉਹ ਓਹਲਾ।
ਵਿਚੋਲੇ ਨੂੰ ਫਿਰ ਪੈਂਦੀਆਂ ਗਾਲਾਂ,
ਪੈਣ ਲਾਹਨਤਾਂ ਅਤੇ ਫਿਟਕਾਰਾਂ।
ਮਨਮੋਹਨ ਸਿੰਘ ਬਾਸਰਕੇ
ਬਾਸਰਕੇ ਹਾਊਸ ਭੱਲਾ ਕਲੋਨੀ ਛੇਹਰਟਾ ਅੰਮ੍ਰਿਤਸਰ
ਸੰਪਰਕ ਨੰਬਰ :9914716616
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly