(ਸਮਾਜ ਵੀਕਲੀ)
ਮੈਂ ਚੜ੍ਹੀ ਬਲੀ ਸਿਆਸਤ ਦੀ
ਕਈ ਹਿੱਸਿਆ ਚ ਫਿਰ ਮੈਂ ਵੰਡੀ ਗਈ ਆ
ਕਰ ਮੇਰੇ ਟੋਟੇ,ਸਵਾਰਥਾਂ ਲਈ,ਮੈਂ ਬੇਅਕਸ ਕੀਤੀ ਗਈ ਆ
ਮੈਂ ਰਾਵੀ ਇਸ ਦੁਨੀਆਂ ਦੇ ਕਹਿਰ ਤੋਂ ਡਰ ਗਈ ਆ
ਧਰਮਾਂ ਮਜਹਬਾਂ ਦੀ ਮੰਡੀ ਲਾ
ਮੈਨੂੰ ਕਈ ਵਾਰ ਸੂਲੀ ਚਾੜ੍ਹਿਆ ਗਿਆ
ਤਾਣ ਬੰਦੂਕਾਂ ਭਾਈ ਨੂੰ ਭਾਈ ਤੇ
ਮੇਰੇ ਆਰ ਪਾਰ ਖਲ੍ਹਾਰਿਆ ਗਿਆ
ਮੈਂ ਰਾਵੀ ਇਸ ਦੁਨੀਆਂ ਦੇ ਕਹਿਰ ਤੋਂ ਡਰ ਗਈ ਆ
ਜਿਨ੍ਹਾਂ ਰਾਜਨੀਤਿਕ ਛੜਿਅੰਤਰਾ ਨੂੰ
ਮੈਂ ਸਦੀਆ ਤੋਂ ਹੀ ਪਿੰਡੇ ਹੰਢਾਉਂਦੀ ਰਹੀਂ ਆਂ
ਉਹਨਾਂ ਦੇ ਹੀ ਤਾਮੀਲ਼ੇ ਫ਼ਰਮਾਣ,ਸੁਣ ਮੈਂ ਹੈਰਾਨ ਹੋ ਗਈ ਆਂ
ਵਿਕਿਆ ਜ਼ਮੀਰ ਕੁਝ ਸਿੱਕਿਆਂ ਦੇ ਭਾਅ
ਮਨੁੱਖ ਤੂੰ ਕਿੰਨਾ ਸ਼ੈਤਾਨ ਹੋ ਗਿਆਂ
ਮੈਂ ਰਾਵੀ ਇਸ ਦੁਨੀਆਂ ਦੇ ਕਹਿਰ ਤੋਂ ਡਰ ਗਈ ਆਂ
ਅੱਖੀਂ ਦੇਖੇ ਕਈ ਦਰਦਨਾਕ ਮੰਜਰ,ਇਹ ਮੇਰਾ ਹੀ ਸਬਰ
ਮੈਂ ਲਾਲ ਆਪਣੇ ਸਪੁਰਦੇ-ਖ਼ਾਕ ਹੁੰਦੇ ਦੇਖਦੀ ਰਹੀ ਆਂ
ਖਤਰਾ ਹੈ, ਕਿਸਨੂੰ? ਕਿਸ ਤੋਂ?
ਚੋਰਾਂ ਕਰਨੀ ਚੋਰੀ ਤੇ ਮੈਂ ਰਾਹ ਹੋ ਗਈ ਆਂ
ਨਫਰਤਾਂ ਦੇ ਬੀਜ਼ ਤੇਰੇ ਆਪਣੇ ਉਪਜਾਏ
ਕਿਉਂ ਮੈਂ ਸਰਹੱਦ ਦੀ ਮਿਣਤੀ ਦਾ ਨਿਸ਼ਾਨ ਹੋ ਗਈ ਆਂ
ਮੈਂ ਰਾਵੀ ਇਸ ਦੁਨੀਆ ਦੇ ਕਹਿਰ ਤੋਂ ਡਰ ਗਈ ਆਂ
ਮੈਂ ਸੁਣਿਆਂ ਕੁਰਾਨ-ਸ਼ਰੀਫ਼
ਗੀਤਾ ਦਾ ਫ਼ਰਮਾਨ ਵੀ ਸਮਝ ਗਈ ਆਂ
ਧੌਂਵਾਂ ਚਰਨ ਕਰਤਾਰਪੁਰ ਦੇ
ਮੈਂ ਨਾਨਕ ਦੀ ਬਾਣੀ ਦਾ ਗਵਾਹ ਹੋ ਗਈ ਆਂ
ਕੁਦਰਤ ਦੀ ਸਿਫ਼ਤ ਚ ਮੇਰੀ ਵੀ ਥਾਂ ਹੋ ਗਈ
ਪਰ ਮੈਂ ਰਾਵੀ ਇਸ ਦੁਨੀਆ ਦੇ ਕਹਿਰ ਤੋਂ ਡਰ ਗਈ ਆਂ
ਹਾਂ ਮੈਂ ਡਰ ਗਈ ਆਂ।
ਨਵਜੋਤਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly