ਫਲਾਈਓਵਰ ਦਾ ਲੈਂਟਰ ਡਿੱਗਣ ਕਾਰਨ 8 ਮਜ਼ਦੂਰ ਜ਼ਖ਼ਮੀ

ਖਰੜ-ਮੋਰਿੰਡਾ ਸੜਕ ਉੱਤੇ ਉਸਾਰੀ ਅਧੀਨ ਫਲਾਈਓਵਰ ਦੀ ਸਲੈਬ ਦੇ ਲੈਂਟਰ ਦੀ ਸ਼ਟਰਿੰਗ ਡਿੱਗ ਜਾਣ ਕਾਰਨ 8 ਮਜ਼ਦੂਰਾਂ ਨੂੰ ਸੱਟਾਂ ਲੱਗੀਆਂ। ਇਹ ਘਟਨਾ ਅੱਜ ਤੜਕੇ 3 ਵਜੇ ਵਾਪਰੀ। ਘਟਨਾ ਬਾਰੇ ਅਸ਼ੋਕ ਕੁਮਾਰ ਬਾਂਸਲ ਮਾਲਕ ਮੈਪ ਪ੍ਰੋਜੈਕਟਸ ਨੇ ਦੱਸਿਆ ਕਿ ਉਹ ਅਸ਼ੋਕਾ ਬਿਲਡਕੋਨ ਲਿਮਟਿਡ ਕੰਪਨੀ, ਜੋ ਨੈਸ਼ਨਲ ਹਾਈਵੇ 95 ਉਤੇ 6-ਲੇਨ ਰਾਸ਼ਟਰੀ ਰਾਜ ਮਾਰਗ ਦੀ ਉਸਾਰੀ ਕਰ ਰਹੀ ਹੈ, ਦੇ ਸਬ-ਕੰਡਕਟਰ ਹਨ। ਉਨ੍ਹਾਂ ਕਿਹਾ ਕਿ ਅੱਜ ਤੜਕੇ 3 ਵਜੇ ਦੇ ਕਰੀਬ ਘੜੂੰਆਂ ਬੱਸ ਸਟੈਂੜ ਦੇ ਨਜ਼ਦੀਕ ਪੁਲ ਦੀ ਛੱਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜੋ ਲਗਪਗ ਪੂਰਾ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਅੱਧੀ ਸਲੈਬ ਦਾ ਕੰਮ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਅਤੇ ਅੱਧੀ ਸਲੈਬ ਪਾਉਣ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਇਕ ਟਰੱਕ ਪੁਲ ਨਾਲ ਲੱਗੀ ਹੋਈ ਸ਼ਟਰਿੰਗ ਨਾਲ ਟਕਰਾ ਗਿਆ। ਇਸ ਨਾਲ ਪੁਲ ਦੀ ਛੱਤ ਹੇਠਾਂ ਡਿੱਗ ਪਈ ਅਤੇ ਮਜ਼ਦੂਰਾਂ ਨੂੰ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਇਹ ਹਾਦਸਾ ਵਾਪਰਿਆ ਉਥੇ ਮੌਜੂਦ ਲੋਕਾਂ ਨੇ ਚੌਕਸੀ ਵਰਤਦਿਆਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕੋਈ ਮਜ਼ਦੂਰ ਮਲਬੇ ਹੇਠਾਂ ਤਾਂ ਨਹੀਂ ਦੱਬ ਗਿਆ। ਉਨ੍ਹਾਂ ਦੱਸਿਆ ਕਿ ਹਨੇਰੇ ਵਿੱਚ ਹੀ ਲੋਕਾਂ ਨੇ ਮਜ਼ਦੂਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਟਰਿੰਗ ਨੂੰ ਟੱਕਰ ਮਾਰਨ ਵਾਲਾ ਟਰੱਕ ਡਰਾਈਵਰ ਉਥੋਂ ਫਰਾਰ ਹੋ ਗਿਆ। ਜ਼ਖ਼ਮੀ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਖਰੜ ਲਿਆਂਦਾ ਗਿਆ ਜਿਨ੍ਹਾਂ ਦੀ ਪਛਾਣ ਸੁਰਿੰਦਰ ਸਿੰਘ, ਮੁਕੇਸ਼, ਰਾਮ ਕਿਸ਼ਨ ਸਿੰਘ, ਸੰਜੀਵ ਸਿੰਘ, ਪ੍ਰੇਮ ਸਿੰਘ, ਸ਼ਿਵਮ, ਰਾਮ ਕ੍ਰਿਸ਼ਨ ਅਤੇ ਅਜੇ ਵਜੋਂ ਹੋਈ ਹੈ। ਇਨ੍ਹਾਂ ਮਜ਼ਦੂਰਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਘੜੂੰਆਂ ਪੁਲੀਸ ਨੇ ਟਰੱਕ ਦੇ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Previous articleਕਿਸਾਨਾਂ ਨੇ ਕਰਜ਼ਾ ਮੁਕਤੀ ਤੇ ਜ਼ਮੀਨੀ ਹੱਕਾਂ ਲਈ ਆਰੰਭਿਆ ਲੰਬਾ ਮਾਰਚ
Next articleਮਹਾਤਮਾ ਗਾਂਧੀ ਵਿਕਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ