ਗਰੀਬੀ ਖ਼ਤਮ ਕਰਨ ਲਈ ਉੱਚ ਵਿਕਾਸ ਦਰ ਲੋੜੀਂਦੀ: ਜੇਤਲੀ

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਗਰੀਬੀ ਖ਼ਤਮ ਕਰਨ ਅਤੇ ਵਿਕਾਸ ਦੇ ਲਾਭ ਗਰੀਬਾਂ ਦੀ ਪਹੁੰਚ ਤਕ ਯਕੀਨੀ ਬਣਾਉਣ ਲਈ ਉੱਚ ਵਿਕਾਸ ਦਰ ਦੀ ਲੋੜ ਹੈ। ਬੱਚਤਾਂ ਅਤੇ ਪਰਚੂਨ ਬੈਂਕਾਂ ਦੀ ਇਥੇ 25ਵੀਂ ਵਿਸ਼ਵ ਕਾਂਗਰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗਰੀਬਾਂ ਦਾ ਜੀਵਨ ਪੱਧਰ ਸੁਧਾਰਨ ਦੀ ਤਾਂਘ ਰੱਖਣ ਵਾਲਾ ਤਬਕਾ ਅਣਮਿੱਥੇ ਸਮੇਂ ਤਕ ਉਡੀਕ ਨਹੀਂ ਕਰ ਸਕਦਾ। ਸ੍ਰੀ ਜੇਤਲੀ ਨੇ ਕਿਹਾ,‘‘ਸਾਡੇ ਵਰਗੇ ਦੁਨੀਆ ਭਰ ਦੇ ਅਰਥਚਾਰਿਆਂ ਨੂੰ ਉੱਚ ਵਿਕਾਸ ਦਰ ਦੀ ਲੋੜ ਹੈ। ਅਸੀਂ ਇਸ ਤੱਥ ਤੋਂ ਵੀ ਸੁਚੇਤ ਹਾਂ ਕਿ ਵਿਕਾਸ ਅਤੇ ਤਰੱਕੀ ਦਾ ਲਾਭ ਕੁਝ ਲੋਕਾਂ ਤਕ ਪਹੁੰਚਣ ਅਤੇ ਬਹੁਤਿਆਂ ਦੇ ਸਮੁੱਚ ਪ੍ਰਣਾਲੀ ’ਚੋਂ ਅਲਹਿਦਾ ਰਹਿਣ ਦਾ ਖ਼ਤਰਾ ਹੈ।’’ ਉਨ੍ਹਾਂ ਕਿਹਾ ਕਿ ਅਜਿਹੇ ’ਚ ਵਿਕਾਸ ਦਾ ਅਸਰ ਹੌਲੀ ਹੌਲੀ ਹੋਵੇਗਾ ਅਤੇ ਤਾਂਘ ਰੱਖਣ ਵਾਲਾ ਸਮਾਜ ਅਣਮਿੱਥੇ ਸਮੇਂ ਤਕ ਉਡੀਕ ਨਹੀਂ ਕਰ ਸਕਦਾ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕ, ਖਾਸ ਕਰਕੇ ਜਨਤਕ ਖੇਤਰ ਦੇ ਬੈਂਕਾਂ ਨੇ ਕੁਝ ਮਹੀਨਿਆਂ ਅੰਦਰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ 33 ਕਰੋੜ ਖਾਤੇ ਖੋਲ੍ਹੇ ਹਨ। ਪਹਿਲਾਂ ਇਹ ਸਿਫ਼ਰ ਬੈਲੇਂਸ ਵਾਲੇ ਖਾਤੇ ਸਨ ਪਰ ਬਾਅਦ ’ਚ ਲੋਕਾਂ ਨੇ ਇਨ੍ਹਾਂ ’ਚ ਪੈਸਾ ਜਮਾਂ ਕਰਾਉਣਾ ਸ਼ੁਰੂ ਕਰ ਦਿੱਤਾ। -ਪੀਟੀਆਈ

Previous articleਗੁਲਾਬਗੜ੍ਹ ਦੀ ਧੀ ਦੇ ਘਰ ਮਹਿਕਿਆ ਦੀਵਾਲੀ ਬੰਪਰ
Next articleਜਗਤਪੁਰਾ ਵਿੱਚ ਦੋ ਨੌਜਵਾਨਾਂ ’ਤੇ ਕਾਤਲਾਨਾ ਹਮਲਾ