ਕਨੂਰ (ਕੇਰਲ) (ਸਮਾਜ ਵੀਕਲੀ): ਉੱਤਰੀ ਕੇਰਲ ਦੇ ਕੰਨੂਰ ਜ਼ਿਲ੍ਹੇ ਦੇ ਥਾਲਾਸਰੀ ਵਿੱਚ ਬੀਤੀ ਰਾਤ ਨੌਜਵਾਨ ਨੇ ਉਸ ਦੀ ਕਾਰ ਕੋਲ ਖੜ੍ਹੇ ਛੇ ਸਾਲ ਦੇ ਪਰਵਾਸੀ ਬੱਚੇ ਦੀ ਛਾਤੀ ’ਤੇ ਜ਼ੋਰਦਾਰ ਲੱਤ ਮਾਰ ਦਿੱਤੀ। ਸੀਸੀਟੀਵੀ ਵਿੱਚ ਕੈਦ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਨਾਲ ਹੀ ਚੈਨਲਾਂ ਨੇ ਇਸ ਦਾ ਪ੍ਰਸਾਰਨ ਸ਼ੁਰੂ ਕਰ ਦਿੱਤਾ। ਪੁਲੀਸ ਨੇ ਅੱਜ ਸਵੇਰੇ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਧਰ, ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਇਸ ਘਟਨਾ ਨੂੰ ‘ਬੇਰਹਿਮੀ ਅਤੇ ਹੈਰਾਨੀਜਨਕ’ ਕਰਾਰ ਦਿੱਤਾ। ਕਥਿਤ ਘਟਨਾ ਦੀ ਇੱਕ ਵੀਡੀਓ ਵਿੱਚ ਰਾਜਸਥਾਨ ਦੇ ਪਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਸ ਬੱਚੇ ਨੂੰ ਇੱਥੇ ਸੜਕ ਕੰਢੇ ਖੜ੍ਹੀ ਕਾਰ ਵੱਲ ਝੁਕੇ ਹੋਏ ਦੇਖਿਆ ਜਾ ਸਕਦਾ ਹੈ। ਕਾਰ ਮਾਲਕ ਗੁੱਸੇ ਵਿੱਚ ਬੱਚੇ ਨੂੰ ਕੁੱਝ ਪੁੱਛਣ ਮਗਰੋਂ ਉਸ ਦੀ ਛਾਤੀ ਵਿੱਚ ਜ਼ੋਰਦਾਰ ਲੱਤ ਮਾਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਕੁੱਝ ਸਥਾਨਕ ਲੋਕ ਪੋਨਯਮਪਾਲਮ ਵਾਸੀ ਸ਼ਹਿਸ਼ਾਦ ਨਾਮ ਦੇ ਵਿਅਕਤੀ ਕੋਲੋਂ ਇਸ ਘਟਨਾ ਸਬੰਧੀ ਸਵਾਲ ਕਰਦੇ ਵੀ ਦੇਖੇ ਜਾ ਸਕਦੇ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly