ਭਾਰਤੀ ਟੀਮ ਭਲਕੇ ਐਤਵਾਰ ਨੂੰ ਇੱਥੇ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲਾ ਤੀਜਾ ਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਜਿੱਤ ਕੇ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ ਜਦੋਂਕਿ ਮੇਜ਼ਬਾਨ ਟੀਮ ਆਪਣੀ ਬੈਂਚ ਸਟਰੈਂਥ ਨੂੰ ਵੀ ਅਜ਼ਮਾਉਣਾ ਚਾਹੇਗੀ। ਚੇਨੱਈ ਦੇ ਕ੍ਰਿਕਟ ਪ੍ਰਸੰਸਕਾਂ ਨੂੰ ਹਾਲਾਂਕਿ ਮਹਿੰਦਰ ਸਿੰਘ ਧੋਨੀ ਦੀ ਘਾਟ ਜ਼ਰੂਰ ਰੜਕੇਗੀ ਜੋ ਟੀ-20 ਟੀਮ ਦਾ ਹਿੱਸਾ ਨਹੀਂ ਹੈ।
ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਲਖਨਊ ਵਿੱਚ ਹੀ 2-0 ਦੀ ਜੇਤੂ ਲੀਡ ਬਣਾ ਲੈਣ ਤੋਂ ਬਾਅਦ ਮੇਜ਼ਬਾਨ ਟੀਮ ਸ਼੍ਰੇਅਸ ਅੱਈਅਰ, ਐੱਮਐੱਸ ਵਾਸ਼ਿੰਗਟਨ ਸੁੰਦਰ ਅਤੇ ਸ਼ਾਹਬਾਜ਼ ਨਦੀਮ ਨੂੰ ਆਸਟਰੇਲੀਆ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਮੌਕਾ ਦੇਣਾ ਚਾਹੇਗੀ। ਚੋਣਕਾਰਾਂ ਨੇ ਐਤਵਾਰ ਨੂੰ ਹੋਣ ਵਾਲੇ ਮੈਚ ਤੋਂ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਉਮੇਸ਼ ਯਾਦਵ ਅਤੇ ਸਪਿੰਨਰ ਕੁਲਦੀਪ ਯਾਦਵ ਨੂੰ ਆਰਾਮ ਦੇਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਆਸਟਰੇਲੀਆ ਦੌਰੇ ਤੋਂ ਪਹਿਲਾਂ ਉਹ ਆਪਣੀ ਸਭ ਤੋਂ ਵਧੀਆ ਫਿੱਟਨੈੱਸ ਹਾਸਲ ਕਰ ਸਕਣ। ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲ ਦੇ ਮੈਚਾਂ ਵਿੱਚ ਚੇਪਕ ਦੀ ਪਿੱਚ ਧੀਮੀ ਰਹੀ ਹੈ ਪਰ ਐਤਵਾਰ ਦੇ ਮੈਚ ਲਈ ਤਿਆਰ ਕੀਤੀ ਪਿੱਚ ਤੋਂ ਬੱਲੇਬਾਜ਼ਾਂ ਨੂੰ ਮਦਦ ਮਿਲਣ ਦੀ ਆਸ ਹੈ।
ਲਖਨਊ ਟੀ-20 ਦੌਰਾਨ ਕਪਤਾਨ ਰੋਹਿਤ ਸ਼ਾਨਦਾਰ ਲੈਅ ਵਿੱਚ ਦਿਖਿਆ ਸੀ ਪਰ ਵੈਸਟਇੰਡੀਜ਼ ਦੀ ਗੇਂਦਬਾਜ਼ੀ ’ਚ ਲਗਾਤਾਰਤਾ ਦੀ ਘਾਟੇ ਦੇ ਬਾਵਜੂਦ ਹੋਰ ਬੱਲੇਬਾਜ਼ ਵਧੀਆ ਯੋਗਦਾਨ ਨਹੀਂ ਪਾ ਸਕੇ। ਕਪਤਾਨ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ, ਲੋਕੇਸ਼ ਰਾਹੁਲ ਅਤੇ ਰਿਸ਼ਭ ਪੰਤ ਆਸਟਰੇਲੀਆ ਦੌਰੇ ਤੋਂ ਪਹਿਲਾਂ ਇਸ ਮੈਚ ਵਿੱਚ ਵੱਧ ਤੋਂ ਵੱਧ ਦੌੜਾਂ ਬਣਾਉਣਾ ਚਾਹੁਣਗੇ। ਸਥਾਨਕ ਖਿਡਾਰੀ ਦਿਨੇਸ਼ ਕਾਰਤਿਕ ਨੇ ਘੱਟ ਸਕੋਰ ਵਾਲੇ ਪਹਿਲੇ ਟੀ-20 ਵਿੱਚ ਭਾਰਤ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਹ ਘਰੇਲੂ ਦਰਸ਼ਕਾਂ ਦੇ ਸਾਹਮਣੇ ਇਕ ਵਾਰ ਫਿਰ ਚੰਗੀ ਪਾਰੀ ਖੇਡਣਾ ਚਾਹੇਗਾ। ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਵਾਲੇ ਬੁਮਰਾਹ ਤੇ ਕੁਲਦੀਪ ਨੂੰ ਆਰਾਮ ਦੇਣ ਤੋਂ ਬਾਅਦ ਜਲਦੀ ਵਿਕਟਾਂ ਉਡਾਉਣ ਦੀ ਜ਼ਿੰਮੇਵਾਰੀ ਭੁਵਨੇਸ਼ਵਰ ਕੁਮਾਰ ਤੇ ਨੌਜਵਾਨ ਖਲੀਲ ਅਹਿਮਦ ਦੀ ਤੇਜ਼ ਗੇਂਦਬਾਜ਼ਾਂ ਦੀ ਜੋੜੀ ’ਤੇ ਹੋਵੇਗੀ। ਕੁਲਦੀਪ ਦੀ ਗੈਰ ਮੌਜੂਦਗੀ ’ਚ ਸਪਿੰਨ ਵਿਭਾਗ ’ਚ ਯੁਜਵੇਂਦਰ ਦੀ ਵਾਪਸੀ ਹੋ ਸਕਦੀ ਹੈ ਜਦੋਂਕਿ ਕ੍ਰਿਣਾਲ ਪੰਡਿਆ ਕੋਲ ਆਪਣੇ ਕੌਮਾਂਤਰੀ ਕਰੀਅਰ ਦੀ ਪ੍ਰਭਾਵੀ ਸ਼ੁਰੂਆਤ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਟੀਮ ਪ੍ਰਬੰਧਨ ਚੇਨੱਈ ਦੇ ਵਾਸ਼ਿੰਗਟਨ ਸੁੰਦਰ ਨੂੰ ਅੱਈਅਰ ਦੇ ਨਾਲ ਮੌਕਾ ਦਿੰਦਾ ਹੈ ਜਾਂ ਨਹੀਂ। ਉੱਧਰ, ਕੋਲਕਾਤਾ ਵਿੱਚ ਆਈਸੀਸੀ ਵਿਸ਼ਵ ਟੀ-20 ਦੇ ਫਾਈਨਲਜ਼ ਵਿੱਚ ਬੈਨ ਸਟੋਕਸ ਦੀਆਂ ਗੇਂਦਾਂ ’ਤੇ ਲਗਾਤਾਰ ਚਾਰ ਛੱਕਿਆਂ ਨਾਲ ਵੈਸਟਇੰਡੀਜ਼ ਨੂੰ ਖ਼ਿਤਾਬ ਜਿਤਾਉਣ ਵਾਲਾ ਵੈਸਟਇੰਡੀਜ਼ ਦਾ ਕਪਤਾਨ ਕਾਰਲੋਸ ਬਰੇਥਵੈਟ ਚੰਗੇ ਪ੍ਰਦਰਸ਼ਨ ਨਾਲ ਆਪਣੇ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਨਗੇ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ।
Sports ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਫਾਈਨਲ ਟੀ-20 ਕੌਮਾਂਤਰੀ ਕ੍ਰਿਕਟ ਮੈਚ ਅੱਜ