ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਦੇ 10 ਵਰ੍ਹਿਆਂ ਦੌਰਾਨ ਪੰਜਾਬ ਦੇ ਕਿਸਾਨ ਕਦੇ ਵੀ ਖ਼ੁਆਰ ਨਹੀਂ ਹੋਏ। ਤਪਾ ਦੀ ਨਵੀਂ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਣ ਪੁੱਜੇ ਸਾਬਕਾ ਉਪ ਮੁੱਖ ਮੰਤਰੀ ਨੇ ਪ੍ਰਬੰਧਾਂ ’ਤੇ ਅਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਚੰਗੇ ਪ੍ਰਬੰਧ ਕਰਨ ਵਿਚ ਨਾਕਾਮ ਰਹੀ ਹੈ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਐਡਵੋਕੇਟ ਸਤਨਾਮ ਸਿੰਘ ਰਾਹੀ ਵੀ ਹਾਜ਼ਰ ਸਨ। ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਸੂਬੇ ਦੀ ਖੇਤੀ ਤਬਾਹੀ ਵੱਲ ਵਧ ਰਹੀ ਹੈ ਤੇ ਮੰਡੀਆਂ ਵਿਚੋਂ ਜੀਰੀ ਨਹੀਂ ਚੁੱਕੀ ਜਾ ਰਹੀ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਲੇਟ ਕਰਵਾਉਣ ਕਾਰਨ ਕਿਸਾਨ ਆਲੂ ਬੀਜਣ ਤੋਂ ਵਾਂਝੇ ਹੋ ਗਏ ਹਨ। ਕਣਕ ਦੀ ਬਿਜਾਈ ਵੀ ਪਿਛੇਤੀ ਹੋ ਰਹੀ ਹੈ ਕਿਉਂਕਿ ਕਿਸਾਨ ਅਜੇ ਤੱਕ ਮੰਡੀਆਂ ਵਿਚੋਂ ਹੀ ਵਿਹਲੇ ਨਹੀਂ ਹੋ ਸਕੇ। ਸਾਬਕਾ ਉਪ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੈਪਟਨ ਨੇ ਅਕਾਲੀ ਸਰਕਾਰ ਵੇਲੇ ਦੀ ਵਾਧੂ ਬਿਜਲੀ ਗੁਆਂਢੀ ਸੂਬਿਆਂ ਨੂੰ ਵੇਚ ਦਿੱਤੀ ਹੈ ਤੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਡੀਆਂ ਵਿੱਚੋਂ ਝੋਨੇ ’ਤੇ ਲੱਗ ਰਹੀ ਕਟੌਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਸ਼੍ਰੋਮਣੀ ਅਕਾਲੀ ਦਲ ਰੋਸ ਮੁਜ਼ਾਹਰੇ ਕਰੇਗਾ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਅਕਾਲੀ-ਭਾਜਪਾ ਕਾਰਜਕਾਲ ਵੇਲੇ ਆਰੰਭੀਆਂ ਕਈ ਲੋਕ ਪੱਖੀ ਸਕੀਮਾਂ ਰੋਕੀਆਂ ਹੋਈਆਂ ਹਨ ਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਬੇਅਦਬੀ ਕਾਂਡ ਬਾਰੇ ਸਵਾਲਾਂ ਅਤੇ ਪਾਰਟੀ ਵਿਚ ਹੋਈ ਉਥਲ-ਪੁਥਲ ਬਾਰੇ ਜਵਾਬ ਦੇਣ ਤੋਂ ਟਾਲਾ ਵੱਟਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੀਨੀਅਰ ਅਕਾਲੀ ਆਗੂ ਬੀਬੀ ਰਜਿੰਦਰ ਕੌਰ ਮੀਮਸਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਟੋਨਾ, ਸਰਕਲ ਪ੍ਰਧਾਨ ਉਗਰ ਸੈਨ ਮੌੜ, ਸ਼੍ਰੋਮਣੀ ਕਮੇਟੀ ਮੈਂਂਬਰ ਬਲਦੇਵ ਸਿੰਘ ਚੁੰਘਾਂ ਤੇ ਹੋਰ ਹਾਜ਼ਰ ਸਨ।