ਸ੍ਰੀਲੰਕਾ ’ਚ ਪ੍ਰਧਾਨ ਮੰਤਰੀ ਅਹੁਦੇ ਤੋਂ ਲਾਂਭੇ ਕੀਤੇ ਗਏ ਰਨੀਲ ਵਿਕਰਮਸਿੰਘੇ ਨੇ ਕਿਹਾ ਹੈ ਕਿ ਸੰਸਦ ’ਚ ਉਸ ਕੋਲ ਅਜੇ ਵੀ ਬਹੁਮੱਤ ਹੈ। ਉਧਰ ਸਪੀਕਰ ਕਾਰੂ ਜੈਸੂਰਿਆ ਨੇ ਚਿਤਾਵਨੀ ਦਿੱਤੀ ਹੈ ਕਿ ਸੱਤਾ ਲਈ ਸੰਘਰਸ਼ ਨਾਲ ਮੁਲਕ ’ਚ ਖ਼ੂਨ ਖ਼ਰਾਬਾ ਹੋ ਸਕਦਾ ਹੈ। ਪੈਟਰੋਲੀਅਮ ਮੰਤਰੀ ਅਤੇ ਕ੍ਰਿਕਟਰ ਰਹੇ ਅਰਜੁਨਾ ਰਣਤੁੰਗਾ ਨੂੰ ਕੱਲ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਣਤੁੰਗਾ ਦੇ ਅੰਗ ਰੱਖਿਅਕਾਂ ਨੇ ਨਵੇਂ ਪ੍ਰਧਾਨ ਮੰਤਰੀ ਥਾਪੇ ਗਏ ਮਹਿੰਦਾ ਰਾਜਪਕਸੇ ਦੇ ਹਮਾਇਤੀਆਂ ’ਤੇ ਗੋਲੀਆਂ ਚਲਾਈਆਂ ਸਨ ਜਿਸ ’ਚ ਇਕ ਵਿਅਕਤੀ ਮਾਰਿਆ ਗਿਆ ਸੀ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਸਨ। ਵਿਦੇਸ਼ੀ ਪੱਤਰਕਾਰਾਂ ਦੀ ਐਸੋਸੀਏਸ਼ਨ ਨੂੰ ਸੰਬੋਧਨ ਕਰਦਿਆਂ ਵਿਕਰਮਸਿੰਘੇ ਨੇ ਕਿਹਾ ਕਿ ਸਪੀਕਰ ਕੋਲ ਸੰਸਦ ਦਾ ਇਜਲਾਸ ਸੱਦਣ ਦਾ ਅਧਿਕਾਰ ਹੈ ਅਤੇ ਉਹ ਇਸ ਸਬੰਧੀ ਭਲਕੇ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਸੰਸਦ ’ਚ ਆਪਣਾ ਬਹੁਮੱਤ ਸਾਬਿਤ ਕਰ ਦੇਣਗੇ। ਸ੍ਰੀਲੰਕਾ ਦੇ ਗੰਭੀਰ ਸਿਆਸੀ ਸੰਕਟ ਨੂੰ ਦੇਖਦਿਆਂ ਅਮਰੀਕਾ ਨੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੂੰ ਕਿਹਾ ਹੈ ਕਿ ਉਹ ਤੁਰੰਤ ਸੰਸਦ ਦਾ ਇਜਲਾਸ ਸੱਦ ਕੇ ਚੁਣੇ ਗਏ ਨੁਮਾਇੰਦਿਆਂ ਨੂੰ ਫ਼ੈਸਲਾ ਲੈਣ ਦੇਣ ਕਿ ਕੌਣ ਮੁਲਕ ਚਲਾਉਣ ਦੇ ਕਾਬਿਲ ਹੈ। ਚੀਨ ਨੇ ਸ੍ਰੀਲੰਕਾ ਦੇ ਸਿਆਸੀ ਸੰਕਟ ਨੂੰ ਉਨ੍ਹਾਂ ਦਾ ਅੰਦਰੂਨੀ ਮਾਮਲਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਹਾਲਾਤ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।
World ਵਿਕਰਮਸਿੰਘੇ ਨੇ ਬਹੁਮੱਤ ਹੋਣ ਦਾ ਦਾਅਵਾ ਕੀਤਾ