ਇਸ ਖੇਤਰ ਵਿੱਚ ਚੋਰ ਚੁਸਤ ਤੇ ਪੁਲੀਸ ਸੁਸਤ ਦਿਖਾਈ ਦੇ ਰਹੀ ਹੈ। ਪਿੰਡ ਕਰੌਦੀਆਂ ਵਿਚ ਦਿਨ ਦਿਹਾੜੇ ਜਸਵੰਤ ਸਿੰਘ ਉਰਫ ਬਿੱਲਾ ਦੇ ਘਰੋਂ ਦੋ ਲੱਖ ਰੁਪਏ ਦੀ ਨਕਦੀ ਅਤੇ ਤਿੰਨ ਤੋਲੇ ਸੋਨਾ ਚੋਰੀ ਹੋਣ ਦੀ ਖਬਰ ਮਿਲੀ ਹੈ ਜੋ 26 ਅਕਤੂਬਰ ਨੂੰ ਸਵੇਰੇ ਆਪਣੇ ਪਰਿਵਾਰ ਸਮੇਤ ਘਰ ਨੂੰ ਜਿੰਦਰੇ ਲਗਾ ਕੇ ਕਿਸੇ ਘਰੇਲੂ ਕੰਮ ਲਈ ਖੰਨਾ ਗਿਆ ਸੀ ਕਿ ਪਿਛੋਂ ਚੋਰਾਂ ਨੇ ਲੜਕੀ ਦੇ ਵਿਦੇਸ਼ ਭੇਜਣ ਸਮੇਂ ਸਮਾਨ ਖਰੀਦਣ ਲਈ ਲਿਆਂਦੇ ਦੋ ਲੱਖ ਰੁਪਏ ਦੀ ਨਕਦੀ ਅਤੇ ਤਿੰਨ ਤੋਲੇ ਸੋਨਾ ਚੋਰੀ ਕਰ ਲਿਆ। ਇਸ ਦੌਰਾਨ ਡੀਐਸਪੀ ਰਛਪਾਲ ਸਿੰਘ ਢੀਂਡਸਾ ਤੇ ਪੁਲੀਸ ਪਾਰਟੀ ਵੱਲੋਂ ਜਾਇਜ਼ਾ ਲਿਆ ਗਿਆ। ਉਨ੍ਹਾਂ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈਕ ਕੀਤਾ ਜਿਸ ਵਿੱਚ ਦੋ ਸ਼ੱਕੀ ਵਿਅਕਤੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਪੁਲੀਸ ਵੱਲੋਂ ਭਾਲ ਜਾਰੀ ਹੈ। ਸੀਸੀਟੀਵੀ ਕੈਮਰੇ ਮੁਤਾਬਿਕ ਦੋ ਮੋਨੇ ਵਿਅਕਤੀ ਪਿੰਡ ਵਿੱਚ ਰੇਕੀ ਕਰਦੇ ਹੋਏ ਗੁਰਦੁਆਰੇ ਵਾਲੇ ਪਾਸੇ ਦੀ ਗਲੀ ਰਾਹੀਂ ਮਕਾਨ ਦੇ ਦੂਸਰੇ ਗੇਟ ਵਾਲੇ ਪਾਸੇ ਜਿੰਦਰਾ ਤੋੜ ਕੇ ਦਾਖਲ ਹੋਏ ਤੇ ਚੋਰੀ ਕਰਕੇ ਫਰਾਰ ਹੋ ਗਏ। ਕੈਮਰੇ ਮੁਤਾਬਿਕ ਇਹ ਘਟਨਾ 11:30 ਤੋ ਲੈ ਕੇ 12:30 ਵਿਚਕਾਰ ਹੋਈ। ਸਾਬਕਾ ਬਲਾਕ ਸਮਿਤੀ ਮੈਂਬਰ ਸੁਖਪ੍ਰੀਤ ਸਿੰਘ ਕਰੌਦੀਆਂ ਨੇ ਪੁਲੀਸ ਕੋਲੋਂ ਪਿੰਡ ਵਿਚ ਗਸ਼ਤ ਵਧਾਉਣ ਦੀ ਮੰਗ ਕੀਤੀ। ਤਫਤੀਸ਼ੀ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਕੰਮ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਦਿਨ-ਦਿਹਾੜੇ ਪਿੰਡ ਅਲੂਣਾ ਤੋਲਾ ਵਿਚ ਵੀ ਚੋਰਾਂ ਵੱਲੋਂ ਇੱਕ ਬੰਦ ਪਏ ਘਰ ਵਿਚ ਫਰੋਲਾ-ਫਰਾਲੀ ਕੀਤੀ ਗਈ ਸੀ।