ਬਠਿੰਡਾ ਦੇ ਚਿੜੀਆ ਘਰ ਵਿਚੋਂ ਦੋ ਉੱਲੂ ਚੋਰੀ ਕਾਹਦੇ ਹੋਏ ਕਿ ਅਫ਼ਸਰਾਂ ਦੇ ਭਾਅ ਦੀ ਬਣ ਗਈ ਹੈ। ਚੋਰੀ ਹੋਏ ਉੱਲੂਆਂ ਦੇ ਜੋੜੇ ਸਭ ਦੀਆਂ ਅੱਖਾਂ ਖੋਲ੍ਹ ਗਏ ਹਨ। ਉੱਲੂਆਂ ਦੀ ਭਾਲ ’ਚ ਹੁਣ ਜੰਗਲੀ ਜੀਵ ਰੱਖਿਆ ਅਫ਼ਸਰਾਂ ਨੇ ਸਾਰੀ ਤਾਕਤ ਝੋਕ ਦਿੱਤੀ ਹੈ। ਜੰਗਲਾਤ ਰੇਂਜ ਅਫ਼ਸਰ ਪਵਨ ਸ੍ਰੀਧਰ ਨੇ ਅੱਜ ਐਲਾਨ ਕੀਤਾ ਹੈ ਕਿ ਜੋ ਵੀ ਚੋਰੀ ਹੋਏ ਉੱਲੂਆਂ ਦੀ ਸੂਹ ਦੇਵੇਗਾ, ਉਸ ਨੂੰ ਪੰਜ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਰਕਾਰੀ ਸਮਾਗਮਾਂ ‘ਚ ਸਨਮਾਨਤ ਵੀ ਕੀਤਾ ਜਾਵੇਗਾ। ਰੇਂਜ ਅਫ਼ਸਰ ਨੇ ਆਖਿਆ ਕਿ ਉਹ ਆਪਣੀ ਨਿੱਜੀ ਹੈਸੀਅਤ ‘ਚ ਇਹ ਨਗਦ ਇਨਾਮ ਦੇਣਗੇ ਕਿਉਂਕਿ ਇਹ ਦੁਰਲੱਭ ਪ੍ਰਜਾਤੀ ਦੇ ਉੱਲੂ ਸਨ। ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਬਠਿੰਡਾ ਚੋਂ ਚੋਰੀ ਹੋਏ ਉੱਲੂਆਂ ’ਤੇ ਬਕਾਇਦਾ ਟਵੀਟ ਕੀਤਾ ਹੈ ਅਤੇ ਜੰਗਲੀ ਜੀਵ ਰੱਖਿਆ ਮਹਿਕਮੇ ਨੂੰ ਇਸ ਮਾਮਲੇ ‘ਚ ਫ਼ੌਰੀ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ। ਦੱਸਣਯੋਗ ਹੈ ਕਿ 19 ਨਵੰਬਰ 2017 ਨੂੰ ਪਿੰਡ ਬਹਿਮਣ ਦੀਵਾਨਾ ਦੇ ਸਰਕਾਰੀ ਸਕੂਲ ਚੋਂ ਚਾਰ ਬਾਰਨ ਪ੍ਰਜਾਤੀ ਦੇ ਉੱਲੂ ਮਿਲੇ ਸਨ, ਜਿਨ੍ਹਾਂ ਨੂੰ ਜੰਗਲਾਤ ਅਫ਼ਸਰ ਗੁਰਪਾਲ ਸਿੰਘ ਨੇ ਬਠਿੰਡਾ ਦੇ ਚਿੜੀਆ ਘਰ ਵਿਚ ਪਹੁੰਚਾ ਦਿੱਤਾ ਸੀ। ਦੋ ਉੱਲੂਆਂ ਦੀ ਪਹਿਲਾਂ ਮੌਤ ਹੋ ਗਈ ਸੀ ਜਦੋਂ ਕਿ ਦੋ ਉੱਲੂ ਹੁਣ ਚੋਰੀ ਹੋ ਗਏ ਹਨ। ਥਾਣਾ ਸਦਰ ਦੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਉਲੂ ਚੋਰੀ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਵੀ ਆਪਣੇ ਸੂਹੀਏ ਚੋਰੀ ਹੋਏ ਉੱਲੂਆਂ ਦੀ ਭਾਲ ਵਿਚ ਲਾ ਦਿੱਤੇ ਹਨ। ਵਿਭਾਗ ਨੇ ਕਾਰਵਾਈ ਕਰਦਿਆਂ ਜੰਗਲੀ ਜੀਵ ਮਹਿਕਮੇ ਨੇ ਵਿਭਾਗ ਦੇ ਰੈਗੂਲਰ ਚੌਕੀਦਾਰ ਵਿਜੇ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ ਜਦੋਂ ਕਿ ਦਿਹਾੜੀਦਾਰ ਕਾਮਿਆਂ ਸਤਨਾਮ ਸਿੰਘ, ਰਾਜਿੰਦਰ ਸਿੰਘ ਅਤੇ ਰਾਜਪਾਲ ਸਿੰਘ ਦੀ ਛੁੱਟੀ ਕਰ ਦਿੱਤੀ ਹੈ। ਰੇਂਜ ਅਫ਼ਸਰ ਪਵਨ ਸ੍ਰੀਧਰ ਨੇ ਚੋਰੀ ਹੋਏ ਪਿੰਜਰੇ ਨੂੰ ਸੁਰੱਖਿਅਤ ਰੱਖ ਦਿੱਤਾ ਹੈ ਅਤੇ ਵਾਰਦਾਤ ਵਾਲੀ ਥਾਂ ਨੂੰ ਇੱਕ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ। ਰਾਤਰੀ ਪਹਿਰਾ ਸਖ਼ਤ ਕਰ ਦਿੱਤਾ ਹੈ। ਪੁਲੀਸ ਦੀ ਸ਼ੱਕ ਦੀ ਸੂਈ ਤਾਂਤਰਿਕਾਂ ਦੇ ਦੁਆਲੇ ਵੀ ਘੁੰਮ ਰਹੀ ਹੈ। ਦੱਸਦੇ ਹਨ ਕਿ ਦੀਵਾਲੀ ਦੇ ਮੌਕੇ ਤਾਂਤਰਿਕ ਉੱਲੂ ਦੀ ਪੂਜਾ ਕਰਦੇ ਹਨ। ਏਦਾਂ ਦੇ ਹੋਰ ਕਿਆਸ ਵੀ ਲੱਗ ਰਹੇ ਹਨ। ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਰਾਤ ਨੂੰ ਵੇਖਣ ਵਾਲੇ ਸਾਰੇ ਜਾਨਵਰ ਬਠਿੰਡਾ ਦੇ ਚਿੜੀਆ ਘਰ ਤੋਂ ਛੱਤਬੀੜ ਚਿੜੀਆ ਘਰ ਵਿਚ ਭੇਜਣ ਦੀ ਹਦਾਇਤ ਕੀਤੀ ਹੈ। ਆਦਰਸ਼ ਵੈੱਲਫੇਅਰ ਸੁਸਾਇਟੀ ਦੇ ਮੁਨੀਸ਼ ਪਾਂਧੀ ਅਤੇ ਆਸਰਾ ਵੈੱਲਫੇਅਰ ਸੁਸਾਇਟੀ ਦੇ ਰਮੇਸ਼ ਮਹਿਤਾ ਨੇ ਮੇਨਕਾ ਗਾਂਧੀ ਨੂੰ ਈਮੇਲ ਕਰਕੇ ਚੋਰੀ ਹੋਏ ਉੱਲੂਆਂ ਦਾ ਮਾਮਲਾ ਧਿਆਨ ਵਿਚ ਲਿਆਂਦਾ ਸੀ। ਮੁਨੀਸ਼ ਪਾਂਧੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਸ਼ੱਕੀ ਵਿਅਕਤੀ ਚੋਰੀ ਕੀਤੇ ਉੱਲੂਆਂ ਦੀ ਦੀਵਾਲੀ ਮੌਕੇ ਬਲੀ ਦੇ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ। ਸੁਸਾਇਟੀ ਆਗੂ ਤਾਂ ਦੋ ਮਰ ਚੁੱਕੇ ਉੱਲੂਆਂ ਦੀ ਪੋਸਟ ਮਾਰਟਮ ਰਿਪੋਰਟ ਵੀ ਅਫ਼ਸਰਾਂ ਤੋਂ ਮੰਗ ਰਹੇ ਹਨ ਅਤੇ ਉਹ ਮਹਿਕਮੇ ਦੇ ਮੁਲਾਜ਼ਮਾਂ ਉੱਤੇ ਉਂਗਲ ਉਠਾ ਰਹੇ ਹਨ। ਥਾਣਾ ਸਦਰ ਦੀ ਪੁਲੀਸ ਵੀ ਇੱਕ ਦੋ ਦਫ਼ਾ ਚਿੜੀਆ ਘਰ ਜਾ ਕੇ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕਰ ਚੁੱਕੀ ਹੈ। ਜ਼ਿਲ੍ਹਾ ਜੰਗਲਾਤ ਅਫਸਰ ਅੰਮ੍ਰਿਤਪਾਲ ਸਿੰਘ ਬਰਾੜ ਨੇ ਇਹ ਮਾਮਲਾ ਉਠਾਉਣ ਵਾਲੇ ਆਗੂਆਂ ਨਾਲ ਮੀਟਿੰਗ ਵੀ ਕੀਤੀ ਹੈ।
INDIA ਉੱਲੂਆਂ ਦੀ ਚੋਰੀ ਨਾਲ ਅਫ਼ਸਰਾਂ ਦੀ ਨੀਂਦ ਟੁੱਟੀ