ਫਿਲੌਰਇੱਥੇ ਡੀਐਸਪੀ ਦਫ਼ਤਰ ਅੱਗੇ ਲਾਗਲੇ ਇੱਕ ਪਿੰਡ ਦੀ ਨਾਬਾਲਗ ਲੜਕੀ ਦੇ ਹੱਕ ’ਚ ਧਰਨਾ ਦਿੱਤਾ ਗਿਆ। ਸਮੂਹਿਕ ਬਲਾਤਕਾਰ ਤੋਂ ਪੀੜਤ ਇਸ ਲੜਕੀ ਨਾਲ ਹੋਈ ਜ਼ਿਆਦਤੀ ਸਬੰਧੀ ਸਥਾਨਕ ਪੁਲੀਸ ਨੇ 4 ਅਕਤੂਬਰ ਨੂੰ ਕੇਸ ਦਰਜ ਕੀਤਾ ਸੀ, ਜਿਸ ਸਬੰਧੀ ਪੁਲੀਸ ਹੁਣ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਕਰ ਸਕੀ। ਇਸ ਧਰਨੇ ਦੀ ਅਗਵਾਈ ਭੰਗ ਹੋਈ ਪੰਚਾਇਤ ਮੁਠੱਡਾ ਕਲਾਂ ਦੇ ਮੁਖੀ ਅਤੇ ਅੰਬੇਦਕਰੀ ਆਗੂ ਕਾਂਤੀ ਮੋਹਣ ਨੇ ਕੀਤੀ।
ਇਸ ਮੌਕੇ ਕਾਂਤੀ ਮੋਹਣ ਨੇ ਕਿਹਾ ਕਿ ਰਾਜਨੀਤਕ ਦਬਾਅ ਅਤੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਪੀੜਤ ਲੜਕੀ ਦੇ ਪਿਤਾ ਨੇ ਇਸ ਮੌਕੇ ਦੱਸਿਆ ਕਿ ਪੁਲੀਸ ਉਨ੍ਹਾਂ ਦੇ ਕਹਿਣ ਅਤੇ ਉਸ ਨੂੰ ਨਾਲ ਲੈ ਕੇ ਹੀ ਛਾਪੇਮਾਰੀ ਕਰਦੀ ਹੈ। ਪੀੜਤ ਪਿਤਾ ਨੇ ਕਿਹਾ ਕਿ 20 ਦਿਨ ਬੀਤ ਜਾਣ ਪਿੱਛੋਂ ਵੀ ਦੋਸ਼ੀ ਪੁਲੀਸ ਦੀ ਪਕੜ ਤੋਂ ਬਾਹਰ ਹਨ। ਉਨ੍ਹਾਂ ਪੁਲੀਸ ਦੀ ਇਸ ਕੇਸ ’ਚ ਸ਼ਾਮਲ ਇੱਕ ਔਰਤ ਨਾਲ ਮਿਲੀ ਭੁਗਤ ਹੋਣ ਦੀ ਵੀ ਸ਼ੰਕਾ ਜ਼ਾਹਿਰ ਕੀਤੀ। ਡੀਐੈਸਪੀ ਦੀ ਗ਼ੈਰਹਾਜ਼ਰੀ ਦੌਰਾਨ ਥਾਣਾ ਮੁਖੀ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ, ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਧਰਨਾ ਦੇਣ ਲਈ ਅੜੇ ਹੋਏ ਹਨ। ਇਸ ਤੋਂ ਕੁਝ ਦਿਨ ਪਹਿਲਾਂ ਵੀ ਪਿੰਡ ਵਾਸੀਆਂ ਨੇ ਸੰਕੇਤਕ ਧਰਨਾ ਦਿੱਤਾ ਸੀ, ਉਸ ਵੇਲੇ ਵੀ ਥਾਣਾ ਮੁਖੀ ਨੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਇਸ ਮੌਕੇ ਕਾਂਤੀ ਮੋਹਣ ਅਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਦੌਰਾਨ ਦਿਹਾਤੀ ਮਜ਼ਦੂਰ ਸਭਾ ਨੇ ਵੀ ਧਰਨੇ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਐਸਐਚਓ ਜਤਿੰਦਰ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ, ਗੁਰਮੀਤ ਪੰਚ, ਮਲਕੀਤ ਮੁਠੱਡਾ, ਛਿਦੂੰ ਗੰਨਾ ਪਿੰਡ, ਬਾਲ ਕਿਸ਼ਨ, ਸੁਰਜੀਤ ਰਾਮ, ਗੋਗੀ, ਸੁਰਿੰਦਰ, ਡਾ. ਦੇਸ ਰਾਜ, ਜਸਵਿੰਦਰ, ਰਮੇਸ਼, ਕਮਲਜੀਤ ਮਹਿਮੀ, ਬਲਵੀਰ, ਨਰੇਸ਼ ਕੁਮਾਰ, ਸ਼ੇਖਰ ਫਿਲੌਰ, ਰਾਜਨ ਆਦਿ ਹਾਜ਼ਰ ਸਨ।
INDIA ਬਲਾਤਕਾਰ ਦੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਧਰਨਾ