ਚਾਰ ਮੈਂਬਰੀ ਡਾਕਟਰਾਂ ਦੇ ਬੋਰਡ ਨੇ ਅੱਜ ਸ਼ਾਮ ਮ੍ਰਿਤਕ ਫਾਦਰ ਕੁਰਿਆਕੋਸ ਕੱਟੂਥਾਰਾ ਦਾ ਪੋਸਟਮਾਰਟਮ ਕੀਤਾ। ਇਸ ਦੀ ਬਕਾਇਦਾ ਵੀਡੀਓ ਵੀ ਬਣਾਈ ਗਈ। ਕੇਰਲ ਤੋਂ ਆਏ ਫਾਦਰ ਕੁਰਿਆਕੋਸ ਕੱਟੂਥਾਰਾ ਦੇ ਭਰਾ ਜੋਜ਼ੇਫ ਕੁਰੀਅਨ ਨੇ ਦਸੂਹਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਪੋਸਟ ਮਾਰਟਮ ਦੀ ਰਿਪੋਰਟ ’ਤੇ ਤਸੱਲੀ ਨਾ ਹੋਈ ਤਾਂ ਉਹ ਕੇਰਲ ਜਾ ਕੇ ਦੁਬਾਰਾ ਪੋਸਟਮਾਰਟਮ ਕਰਵਾਉਣਗੇ। ਥਾਣਾ ਦਸੂਹਾ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਐਸਐਚਓ ਜਗਦੀਸ਼ ਰਾਜ ਅਤਰੀ ਨੇ ਦੱਸਿਆ ਕਿ ਜੇ ਮਾਮਲਾ ਸ਼ੱਕੀ ਲੱਗਾ ਤਾਂ ਕੇਸ ਵਿੱਚ ਹੋਰ ਧਾਰਾਵਾਂ ਜੋੜੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਫਾਦਰ ਕੱਟੂਥਾਰਾ ਦੀ ਮੌਤ ਸ਼ੱਕੀ ਹਾਲਤਾਂ ਵਿੱਚ ਹੋਈ ਸੀ। ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਜੋਜ਼ੇਫ ਕੁਰੀਅਨ ਨੇ ਕਿਹਾ ਕਿ ਉਸ ਦੇ ਭਰਾ ਫਾਦਰ ਕੁਰਿਆਕੋਸ ਕੱਟੂਥਾਰਾ ਨੂੰ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਬਿਆਨ ਦਰਜ ਕਰਵਾਉਣ ਦੇ ਬਾਅਦ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ। ਜਲੰਧਰ ਵਿਚਲੇ ਘਰ ਦੇ ਸਾਹਮਣੇ ਪਾਰਕ ਵਿਚ ਖੜ੍ਹੇ ਉਨ੍ਹਾਂ ਦੇ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਕੇਰਲਾ ਤੋਂ ਜੋਜ਼ੇਫ ਕੁਰੀਅਨ ਦੇ ਨਾਲ ਉਨ੍ਹਾਂ ਦਾ ਭਰਾ ਜੌਹਨ ਥਾਮਸ ਅਤੇ ਭਤੀਜਾ ਜੋਜੋ ਥਾਮਸ ਵੀ ਆਏ ਹੋਏ ਸਨ। ਜੋਜ਼ੇਫ ਕੁਰੀਅਨ ਨੇ ਦਾਅਵਾ ਕੀਤਾ ਕਿ ਉਸ ਦੇ ਭਰਾ ਦੀ ਮੌਤ ਗੈਰ ਕੁਦਰਤੀ ਹੈ। ਉਸ ਨੇ ਦੋਸ਼ ਲਾਇਆ ਕਿ ਬਿਆਨ ਦੇਣ ਤੋਂ ਬਾਅਦ ਹੀ ਫਾਦਰ ਕੁਰਿਆਕੋਸ ਕੱਟੂਥਾਰਾ ਕੋਲੋਂ ਤਾਕਤਾਂ ਵਾਪਸ ਲੈ ਲਈਆਂ ਗਈ ਸਨ। ਜਦਕਿ ਉਹ ਜਲੰਧਰ ਡਾਇਓਸਿਸ ਵਿਚ ਕਾਫੀ ਸੀਨੀਅਰ ਸਨ। ਜਲੰਧਰ ਛਾਉਣੀ ਦੀ ਚਰਚ ਸੇਂਟ ਮੇਰੀ ਕੈਥੇਡਰਿਲ ਵਿਚ ਸ਼ਾਮ 4.30 ਵਜੇ ਫਾਦਰ ਕੁਰਿਆਕੋਸ ਕੱਟੂਥਾਰਾ ਲਈ ਪ੍ਰਾਰਥਨਾ ਸਭਾ ਰੱਖੀ ਗਈ ਸੀ, ਜਿਸ ਵਿਚ ਜਲੰਧਰ ਬਿਸ਼ਪ ਹਾਊਸ ਦੇ ਪ੍ਰਬੰਧਕੀ ਬਿਸ਼ਪ ਐਗਨੋਲਾ ਗਰੇਸ਼ੀਅਸ ਉਚੇਚੇ ਤੌਰ ’ਤੇ ਪਹੁੰਚੇ ਸਨ। ਜਲੰਧਰ ਛਾਉਣੀ ਦੀ ਇਸ ਚਰਚ ਵਿਚ ਦੇਰ ਰਾਤ ਫਾਦਰ ਕੁਰਿਆਕੋਸ ਕੱਟੂਥਾਰਾ ਦੀ ਲਾਸ਼ ਪੁੱਜੀ। ਬਿਸ਼ਪ ਐਗਨੋਲਾ ਗਰੇਸ਼ੀਅਸ ਨੇ ਦੱਸਿਆ ਕਿ ਇਸ ਤੋਂ ਬਾਅਦ ਲਾਸ਼ ਨੂੰ ਲੁਧਿਆਣੇ ਦੇ ਕ੍ਰਿਸਚੀਅਨ ਮੈਡੀਕਲ ਕਾਲਜ ਲਿਜਾਇਆ ਜਾਵੇਗਾ। ਫਾਦਰ ਕੁਰਿਆਕੋਸ ਕੱਟੂਥਾਰਾ ਦੀ ਲਾਸ਼ ਕੱਲ੍ਹ ਦੁਪਹਿਰੇ ਹਵਾਈ ਜਹਾਜ਼ ਰਾਹੀਂ ਦਿੱਲੀ ਤੋਂ ਕੇਰਲ ਲਿਜਾਈ ਜਾਵੇਗੀ। ਹੁਸ਼ਿਆਰਪੁਰ ਦੇ ਐਸਐਸਪੀ ਜੇ ਏਚੇਲੀਅਨ ਨੇ ਕਿਹਾ ਕਿ ਉਹ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਰਿਪੋਰਟ ਆਉਣ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
INDIA ਚਾਰ ਡਾਕਟਰਾਂ ਦੇ ਬੋਰਡ ਵੱਲੋਂ ਫਾਦਰ ਕੁਰਿਆਕੋਸ ਕੱਟੂਥਾਰਾ ਦਾ ਪੋਸਟਮਾਰਟਮ