ਆਈਲੈਟਸ ਵਿਆਹ ਅਤੇ ਤਿੜਕਦੇ ਰਿਸ਼ਤੇ

(ਸਮਾਜ ਵੀਕਲੀ)

ਪੰਜਾਬ ਵਿਚੋਂ ਵਲੈਤ ਵਿਚ ਪੜ੍ਹਾਈ ਕਰਨ, ਕੰਮ ਕਾਰਨ, ਪੱਕੇ ਵਸਣ ਜਾਂ ਫਿਰ ਘੁੰਮਣ ਫਿਰਨ ਦਾ ਵੀਜ਼ਾ ਲਗਾਉਣ ਲਈ ਹਰ ਉਮਰ ਦੇ ਆਮ ਅਤੇ ਖਾਸ ਪੰਜਾਬੀਆਂ ਵਿਚਲੀ ਹੋੜ ਨੂੰ ਵਲੈਤੀ ਅੰਬੈਸੀਆਂ ਵਿਚ ਲੱਗੇ ਲੱਖਾਂ ਅਰਜ਼ੀਆਂ ਦੇ ਜਮਾਵੜੇ ਨੇ ਜਨਤਕ ਕਰ ਦਿੱਤਾ ਹੈ, ਇਨ੍ਹਾਂ ਵਿਚੋਂ ਇਕ ਰਿਪੋਰਟ ਮੁਤਾਬਕ 25 ਲੱਖ ਦੇਲੱਗਭੱਗ ਫ਼ਾਇਲਾਂ ਤਾਂ ਕੇਵਲ ਕਨੇਡਾ ਦੀ ਅੰਬੈਸੀ ਕੋਲ ਭਾਰਤ ਖ਼ਾਸਕਰ ਪੰਜਾਬ ਵਿਚੋਂ ਵੀਜ਼ਾ ਹਾਸਲ ਕਰਨ ਲਈ ਇਸ ਵਰ੍ਹੇ ਵਿਚਾਰ ਅਧੀਨ ਹਨ। ਇਸਦੇ ਬਾਵਜੂਦ ਕੈਨੇਡਾ ਨੇ ਵਿਦਿਆਰਥੀ ਵੀਜ਼ਾ, ਓਪਨ ਵਰਕ ਪਰਮਿਟ, ਡਿਪੈਂਡੈਂਟ ਵੀਜ਼ਾ ਆਦਿ ਨਾਲ ਪੰਜਾਬੀਆਂ ਨੂੰ ਖੁਸ਼ ਕਰ ਦਿੱਤਾ ਹੈ ਅਤੇ ਹੁਣ ਤਾਂ ਦੁਨੀਆਂ ਦੀਆਰਥਿਕ ਤਾਕਤ ਅਮਰੀਕਾ ਵੀ ਪੜ੍ਹਾਈ ਲਈ ਵੀਜ਼ਾ ਦੇ ਰਿਹਾ ਹੈ, ਜਿਸ ਨਾਲ ਵਲੈਤ ਜਾ ਕੇ ਪੜ੍ਹਾਈ ਕਰਨ ਅਤੇ ਆਪਣਾ ਭਵਿੱਖ ਬਣਾਉਣ ਦੀ ਲਾਲਸਾ ਰੱਖਣ ਵਾਲੇ ਪੰਜਾਬ ਦੇ ਨੌਜਵਾਨਾਂ ਲਈ ਨਵਾਂ ਰਾਹ ਖੁੱਲ੍ਹ ਗਿਆ ਹੈ।

ਹਾਲਾਂਕਿ ਇਸ ਕੜੀ ਵਿਚ ਆਸਟ੍ਰੇਲੀਆ ਅਤੇ ਇੰਗਲੈਂਡ ਪਹਿਲਾਂ ਹੀ ਪੰਜਾਬੀ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ, ਅਜਿਹੇ ‘ਚ ਕੋਰੋਨਾ ਕਾਲ ਦੌਰਾਨ ਬੰਦ ਕੀਤੇ ਵੀਜ਼ਾ ਪ੍ਰਣਾਲੀ ਦੇ ਸਿਸਟਮ ਨੂੰ ਮੁੜ ਸੁਰਜੀਤ ਕਰ ਨਿਊਜ਼ੀਲੈਂਡ ਵੀ ਪੰਜਾਬੀ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਖੁੱਲ੍ਹਾ ਸੱਦਾ ਦਿੰਦਾ ਜਾਪਦਾ ਹੈ। ਕੁਝ ਹੱਦ ਤਕ ਯੂਕਰੇਨ ਤੇ ਰੂਸ ਦੇ ਯੁੱਧ ਨੇ ਬੇਸ਼ੱਕ ਪੰਜਾਬੀ ਵਿਦਿਆਰਥੀਆਂ ਦਾ ਮਨ ਇਨ੍ਹਾਂ ਖੇਤਰਾਂ ਵਿਚ ਪੜ੍ਹਾਈ ਕਰਨ ਤੋਂ ਖੱਟਾ ਕੀਤਾ ਹੈ, ਪਰ ਸ਼ੈਨੇਗਨ ਵੀਜ਼ਾ ਹਾਸਲ ਕਰ ਗੈਰਕਾਨੂੰਨੀ ਡੌਂਕੀ ਰਾਹੀਂ ਅਮਰੀਕਾ ਵਿਚ ਦਾਖ਼ਲੇ ਲਈ ਯਤਨ ਵਿਚ ਹੋਰ ਤੇਜ਼ੀ ਆਈ ਹੈ।

ਵਲੈਤ ਦੀ ਚੁੰਬਕੀ ਖਿੱਚ ਵੱਲ ਨੂੰ ਖਿੱਚੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਨੇ ਪੰਜਾਬ ਵਿਚ ਉੱਚ ਵਿਦਿਆ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ।ਸਕੂਲੀ ਸਿੱਖਿਆ ਹਾਸਲ ਕਰ ਉੱਚ ਸਿੱਖਿਆ ਲਈ ਕਾਲਜਾਂ ਵੱਲ ਜਾਣ ਵਾਲੇ ਵਿਦਿਆਰਥੀਆਂ ਦਾ ਹਜੂਮ ਆਈਲੈੱਟਸ ਸੈਂਟਰਾਂ ਵੱਲ ਰੁਖ਼ ਕਰ ਚੁੱਕਾ ਹੈ, ਜਿਸ ਨਾਲ ਉੱਚ ਸਿੱਖਿਆ ਸੰਸਥਾਵਾਂ ਵਿੱਤੀ ਨੁਕਸਾਨ ਝੱਲ ਰਹੀਆਂ ਹਨ ਅਤੇ ਅਧਿਆਪਨ ਸਮੇਤ ਸਬੰਧਤ ਵਰਗ ਨੂੰ ਰੋਜਗਾਰ ਦੀ ਘਾਟ ਰੜਕਣ ਲੱਗੀ ਹੈ।

ਕੁਝ ਨਿੱਜੀ ਚੈਨਲਾਂ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਸਾਲ 2021 ‘ਚ 1.63 ਲੱਖ ਭਾਰਤੀਆਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ, ਜਿਸ ਸਬੰਧੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏਨੇ ਅੰਕੜੇ ਪੇਸ਼ ਕੀਤੇ ਹਨ, ਉਨ੍ਹਾਂ ਮੁਤਾਬਿਕ ਪਿਛਲੇ ਸਾਲ ਭਾਰਤ ਦੇ ਨਾਗਰਿਕਾਂ ਨੇ ਵਲੈਤ ਵਿਚ ਪੱਕੇ ਵਸਨੀਕ ਬਣਨ ਲਈ ਭਾਰਤ ਦੀ ਨਾਗਰਿਕਤਾ ਛੱਡ ਕੇ ਅਮਰੀਕਾ ‘ਚ 71,284, ਆਸਟ੍ਰੇਲੀਆ ‘ਚ 23,533, ਕੈਨੇਡਾ ‘ਚ 21,597, ਬ੍ਰਿਟੇਨ ‘ਚ 14,637, ਇਟਲੀ ‘ਚ 5986, ਨਿਊਜੀਲੈਂਡ ‘ਚ 2643 ਅਤੇ ਸਿੰਘਾਪੁਰ ‘ਚ 2516 ਨੇ ਪੱਕੇ ਵਸਨੀਕਾਂ ਦੇ ਤੌਰ ‘ਤੇ ਨਾਗਰਿਕਤਾ ਹਾਸਲ ਕੀਤੀ। ਇਸ ਵਿਚ ਵੀ ਕੋਈ ਅਤਕਥਨੀ ਨਹੀਂ ਕਿ ਜ਼ਿਆਦਾਤਰ ਵਲਾਇਤੀ ਨਾਗਰਿਕਤਾ ਹਾਸਲ ਕਰਨ ਵਾਲੇ ਪੰਜਾਬੀ ਹੀ ਹਨ, ਜੋ ਕਿ ਭਾਰਤ ਦੇ ਪੰਜਾਬ ਵਿਚੋਂ ਵਲੈਤ ਜਾਣ ਵਾਲੇ ਪੰਜਾਬੀਆਂ ਦੀ ਭਰਮਾਰ ਦੀ ਗਵਾਹੀ ਨੂੰ ਪੁਖਤਾ ਕਰਦੇ ਅੰਕੜੇ ਹਨ।

ਪੰਜਾਬ ਵਿਚ ਆਰਥਿਕ ਪਾੜੇ ਦੇ ਵਧਣ ਨਾਲ ਪੰਜਾਬੀਆਂ ਦੀ ਜੀਵਨ ਜਾਂਚ ਡਗਮਗਾ ਗਈ ਹੈ, ਉੱਚ ਸਿੱਖਿਆ ਹਾਸਲ ਕਰ ਚੁੱਕੇ ਨੌਜਵਾਨਾਂ ਵਿਚ ਘਟ ਰਹੇਰੁਜ਼ਗਾਰ ਦੇ ਮੌਕੇ ਅਤੇ ਨਿੱਜੀਕਰਨ ਤਹਿਤ ਪੈਦਾ ਹੋਈਆਂ ਦੁਸ਼ਵਾਰੀਆਂ ਨੇ ਪੰਜਾਬ ਤੇ ਪੰਜਾਬੀਅਤ ਦਾ ਮੋਹ ਘੱਟ ਕਰ ਦਿੱਤਾ ਹੈ। ਇਸੇ ਲਈ ਜ਼ਮੀਨ ਨੂੰ “ਮਾਂ” ਆਖਣ ਵਾਲੇ ਪੰਜਾਬੀ ਰੋਜ਼ੀ-ਰੋਟੀ ਦੀ ਭਾਲ ਅਤੇ ਆਪਣੀਆਂ ਪੀੜ੍ਹੀਆਂ ਦੇ ਭਵਿੱਖ ਲਈ “ਮਾਂ” ਰੂਪੀ ਜ਼ਮੀਨ ਤੋਂ ਮੁੱਖ ਮੋੜ ਵਲੈਤ ਜਾਣ ਲਈ ਵੱਖ-ਵੱਖ ਤਰ੍ਹਾਂ ਦੀਆਂਸਕੀਮਾਂ ਘੜ ਰਹੇ ਹਨ। ਮਰਹੂਮ ਅਦਾਕਾਰ ਤੇ ਗਾਇਕ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈਸ ਆਈਐੱਮ ਸਟੂਡੈਂਟ’ ਦਾ ਡਾਇਲਾਗ “ਤੁਸੀਂ ਕੇਰਾਂ ਮੈਨੂੰ ਦਸ/ਬਾਰਾਂ ਲੱਖਲਾ ਕੇ ਕੈਨੇਡਾ ਭੇਜ ਦਿਓ” ਹਰ ਇਕ ਪੰਜਾਬੀ ਧੀ/ਪੁੱਤਰ ਦੀ ਆਪਣੇ ਮਾਂ-ਬਾਪ ਨੂੰ ਗੁਹਾਰ ਦੀ ਗਵਾਹੀ ਭਰਦਾ ਹੈ।

ਜੇਕਰ ਪੰਜਾਬ ਦੇ ਆਰਥਿਕ ਢਾਂਚੇ ‘ਤੇ ਪੰਛੀ ਝਾਤ ਮਾਰੀ ਜਾਵੇ ਤਾਂ ਤੱਥਾਂ ਮੁਤਾਬਕ ਪੰਜਾਬ ਵਿਚ ਜੰਮਣ ਵਾਲਾ ਹਰ ਬੱਚਾ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ।ਭਾਵੇਂ ਕਿ ਇਹ ਕਰਜ਼ਾ ਉਸ ਦੇ ਮਾਂ, ਬਾਪ, ਦਾਦੇ, ਪੜਦਾਦਿਆਂ ਵੱਲੋਂ ਸਿੱਧੇ ਤੌਰ ‘ਤੇ ਨਹੀਂ ਲਿਆ ਗਿਆ ਹੋਵੇ, ਪਰ ਸਰਕਾਰੀ ਜਾਂ ਨਿੱਜੀ ਖੇਤਰਾਂ ਦੀਆਂ ਨੀਤੀਆਂ ਅਤੇ ਪੰਜਾਬ ਸੂਬੇ ਦੇ ਵੱਖ-ਵੱਖ ਸਮੇਂ ਦੇ ਹਾਲਾਤਾਂ ਕਾਰਨ ਅੱਜ ਪੂਰਾ ਪੰਜਾਬ ਕਰਜ਼ੇ ਦੀ ਪੰਡ ਸਿਰ ‘ਤੇ ਢੋਅ ਰਿਹਾ ਹੈ। ਅਜਿਹੇ ਵਿਚ ਪੰਜਾਬ ਦਾ ਬਚਪਨ ਜਦੋਂ ਜਵਾਨੀ ਦੀਦਹਿਲੀਜ਼ ‘ਤੇ ਪੈਰ ਧਰਦਾ ਹੈ ਤਾਂ ਉਸ ਦੇ ਮਨ ਅੰਦਰ ਉੱਠ ਰਹੇ ਵਲਵਲੇ, ਖਵਾਹਿਸ਼ਾਂ ਅਤੇ ਕੁਝ ਕਰਨ ਦੀ ਤਾਂਘ ਨੂੰ ਘਰ- ਪਰਿਵਾਰ, ਸਮਾਜ ਅਤੇ ਦੇਸ਼ ਦੀਆਰਥਿਕਤਾ ਝੰਜੋੜ ਕੇ ਰੱਖ ਦਿੰਦੀ ਹੈ। ਜਿਸ ਕਾਰਨ ਉਸ ਅੱਗੇ ਦੋ ਹੀ ਰਸਤੇ ਬਚਦੇ ਹਨ ਪਹਿਲਾ ਆਪਣੇ ਅੰਦਰ ਦੀਆਂ ਭਾਵਨਾਵਾਂ ਨੂੰ ਮਾਰ ਕੇ ਜ਼ਿੰਦਗੀ ਨੂੰ ਬਤੀਤਕਰੇ ਤੇ ਦੂਜਾ ਘਰ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਖਵਾਹਿਸ਼ਾਂ ਦੀ ਪੂਰਤੀ ਲਈ ਵਤਨ ਛੱਡ ਵਲੈਤੀ ਹੋ ਜਾਵੇ ਅਤੇ ਕਾਮਯਾਬ ਜੀਵਨ ਜੀਵੇ।

ਪੰਜਾਬ ਤੋਂ ਵਲੈਤ ਜਾਣ ਲਈ ਜਿਹੜੇ ਰਾਹ ਇਖਤਿਆਰ ਕੀਤੇ ਜਾਂਦੇ ਹਨ ਉਨ੍ਹਾਂ ਵਿਚੋਂ ਬਹੁਤ ਪ੍ਰਚੱਲਤ ਆਈਲੈਟਸ ਵਿਆਹ ਬਹੁ ਕਾਰਨਾਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੇ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਖੁਰਦ ਬੁਰਦ ਕਰ ਦਿੱਤਾ ਹੈ। ਜਿੱਥੇ ਵਿਆਹ ਵਰਗੇ ਪਵਿੱਤਰ ਬੰਧਨ ਵਿਚ ਮੁੰਡੇ ਕੁੜੀ ਨੂੰ ਬੰਨ੍ਹਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਪੜਤਾਲ ਕਰਨ ਲਈ ਤਾਏ, ਚਾਚੇ, ਫੁੱਫੜ, ਮਾਮੇ, ਮਾਸੜ ਤੇ ਹੋਰ ਸਾਕ ਸਬੰਧੀਆਂ ਤੋਂ ਦੋਵੇਂ ਧਿਰਾਂ ਸਲਾਹ ਮਸ਼ਵਰਾ ਕਰਦੀਆਂ ਸਨ, ਉਥੇ ਅਜੋਕੇ ਆਈਲੈੱਟਸ ਵਿਆਹ ਪ੍ਰਣਾਲੀ ਦੌਰਾਨ ਸ਼ਰੀਕੇ ਤੋਂ ਵੀ ਪਰਦਾ ਰੱਖਿਆ ਜਾਂਦਾ ਹੈ ਤਾਂ ਜੋ ਕਿਧਰੇ ਸਾਕ ਸਕੀਰੀ ਵਿਚੋਂ ਹੀ ਕੋਈ ਆਈਲੈੱਟਸ ਕੀਤੇ ਮੁੰਡੇ ਜਾਂ ਕੁੜੀਦਾ ਰਿਸ਼ਤਾ ਉਨ੍ਹਾਂ ਦੇ ਬੱਚਿਆਂ ਦੀ ਭਾਂਜੀ ਮਾਰ ਕੇ ਆਪਣੇ ਨੂੰ ਹੀ ਨਾ ਕਰਵਾ ਜਾਵੇ। ਅਜਿਹੇ ਵਿਚ ਜਦੋਂ ਇਕ ਵਿਆਹੁਤਾ ਪੰਜਾਬਣ ਮਨਦੀਪ ਕੌਰ ਦੁਨੀਆਂ ਦੀਆਰਥਿਕ ਤਾਕਤ ਅਮਰੀਕਾ ਤੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਘਰੇਲੂ ਹਿੰਸਾ ਦੇ ਨਾਂ ਤੇ ਕੀਤੇ ਗਏ ਤਸ਼ੱਦਦ ਤੋਂ ਹਾਰ ਮੰਨਦੀ ਹੋਈ ਮੁੱਕ ਗਈ ਤਾਂ ਹਰ ਇਕਹਿਰਦੇ ਨੂੰ ਵਲੂੰਧਰ ਜਾਂਦੀ ਹੈ ।

ਵਲੈਤ ਵੱਸਣ ਲਈ ਆਈਲੈੱਟਸ ਵਿਆਹ ਦੀ ਧੱਕੇਸ਼ਾਹੀ ਭਾਂਵੇ ਕਿ ਦਿਖਾਈ ਨਾ ਦਿੰਦੀ ਹੋਵੇ ਅਤੇ ਹਰ ਕੋਈ ਇਸ ਨੂੰ ਚੰਗੇ ਭਵਿੱਖ ਲਈ ਕੀਤਾ ਗਿਆ ਸਮਝੌਤਾ, ਜਾਂਭਵਿੱਖ ਲਈ ਚੁੱਕਿਆ ਗਿਆ ਕਦਮ ਦੱਸ ਰਿਹਾ ਹੋਵੇ, ਪਰ ਰਿਸ਼ਤਿਆਂ ਦੇ ਘਾਣ ਵਿਚ ਇਸ ਦੇ ਵੱਡੇ ਯੋਗਦਾਨ ਤੋਂ ਕਿਨਾਰਾ ਕਰਨਾ “ਬਿੱਲੀ ਨੂੰ ਵੇਖ ਕਬੂਤਰ ਵੱਲੋਂ ਅੱਖਾਂ ਮਿੱਚ ਲੈਣ” ਵਾਂਗ ਜਾਪਦਾ ਹੈ। ਜਿਸ ਦੇ ਸਿੱਟੇ ਵਜੋਂ ਮਰਹੂਮ ਪੰਜਾਬੀ ਨੌਜਵਾਨ ਲਵਪ੍ਰੀਤ ਸਿੰਘ ਵਾਂਗ ਜਿੱਥੇ ਪੰਜਾਬ ਦੇ ਮੁੰਡੇ ਦਾ ਪੰਜਾਬ ਦੀਆਂ ਧੀਆਂ ਹੱਥੋਂਲੱਖਾਂ ਰੁਪਈਆਂ ਵਿਚ ਠੱਗੇ ਜਾਣ ਅਤੇ ਵਲੈਤ ਪਹੁੰਚ ਕੇ ਕੁੜੀਆਂ ਵੱਲੋਂ ਪੰਜਾਬੀ ਸਮਾਜ ਦੀ ਮੁਢਲੀ ਇਕਾਈ ਪਰਿਵਾਰਕ ਰਿਸ਼ਤਿਆਂ ਦੀ ਢਿੱਲੀ ਹੁੰਦੀ ਪਕੜ ਨਾਲਪੈਦਾ ਹੋਏ ਖਲਾਅ ਨਾਲ ਦੋਵਾਂ ਪਾਸਿਆਂ ਤੋਂ ਕੁਝ ਕਿੱਸੇ-ਕਹਾਣੀਆਂ ਸਾਡੇ ਸਮਾਜ ਸਹਾਮਣੇ ਸਵਾਲ ਬਣਦੇ ਜਾਪਦੇ ਹਨ।

ਪੰਜਾਬ ਵਿਚਲੇ ਲਾੜੇ ਦੀ ਵਲੈਤ ਜਾ ਵਿਆਹੋਂ ਮੁੱਕਰੀ ਲਾੜੀ ਦੀ ਕਰਨੀ ਨਾਲ ਹਾਲਾਤ ਪਹਿਲਾਂ ਤੋਂ ਵੀ ਬਦਤਰ ਹੋ ਜਾਂਦੇ ਹਨ, ਜਿਸ ਕਾਰਨ ਕੁੱਝ ਤਾਂ ਆਪਣੇ ਜੀਵਨ ਤੋਂ ਹਾਰ ਜਾਂਦੇ ਤੇ ਕੁਝ ਕੁ ਹਾਲਾਤਾਂ ਲਈ ਲੜਨ ਦਾ ਜਿਗਰਾ ਦਿਖਾਉਂਦੇ ਹਨ। ਇਸ ਦੁਖਾਂਤ ਦੀ ਤਰਜਮਾਨੀ ਕਰਦੀ ਐਮੀ ਵਿਰਕ ਦੀ ਅਦਾਕਾਰੀ ਵਾਲੀ ਫ਼ਿਲਮ”ਸ਼ੇਰ ਬੱਗਾ” ਵਿਚ ਅਦਾਕਾਰ ਜਦੋਂ ਇੰਗਲੈਂਡ ਵਿਚ ਪਹੁੰਚਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਵੱਲੋਂ ਪਰਿਵਾਰ ਤੋਂ ਪੈਸੇ ਖ਼ਰਚ ਕਰਵਾ ਵਲੈਤ ਭੇਜੀ ਗਈਸਹੇਲੀ ਨੇ ਤਾਂ ਹੋਰ ਕਿਸੇ ਨਾਲ ਵਿਆਹ ਕਰਵਾ ਲਿਆ ਹੈ, ਜਿਸ ਸਦਮੇ ਬਾਰੇ ਜਦੋਂ ਨਾਇਕ ਨੇ ਆਪਣੀ ਦਾਦੀ ਨੂੰ ਫੋਨ ‘ਤੇ ਦੱਸਿਆ ਅਤੇ ਖ਼ਰਚ ਕੀਤੇ ਗਏ ਰੁਪਈਆਂਬਾਰੇ ਗੱਲ ਕੀਤੀ ਤਾਂ ਅੱਗਿਓਂ ਦਾਦੀ ਜਵਾਬ ਦਿੰਦੀ ਹੈ ਕਿ “ਚੱਲ ਕੋਈ ਨਾ ਪੁੱਤ ਕੋਈ ਪਿਛਲੇ ਜਨਮ ਦਾ ਲੈਣਾ ਦੇਣਾ ਹੋਊਗਾ, ਸਿਰੋਂ ਭਾਰ ਲੱਥਾ” ; ਇਹ ਬੋਲ ਅੱਜਕੱਲ੍ਹ ਆਈਲੈਟਸ ਵਿਆਹਾਂ ਦੀ ਧੋਖਾਧਡ਼ੀ ਪੀਡ਼ਤ ਨੌਜਵਾਨਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਾਉਣ ਵਾਂਗ ਹੈ, ਕਿਉਂ ਜੋ ਇਸ ਤੋਂ ਸੇਧ ਮਿਲਦੀ ਹੈ ਕਿ “ਜੀਵਨ ਹੈ ਤਾਂ ਸਭਕੁਝ ਹੈ” । ਮੌਤ ਕਿਸੇ ਮਸਲੇ ਦਾ ਹੱਲ ਨਹੀਂ ਬਲਕਿ ਠੋਕਰ ਖਾਣ ਪਿੱਛੋਂ ਡਿੱਗ ਕੇ ਮੁੜ ਤੋਂ ਖੜ੍ਹੇ ਹੋਣਾ ਹੀ ਅਸਲ ਜੀਵਨ ਜਾਂਚ ਹੈ।

ਬਲਜਿੰਦਰ ਸਿੰਘ ਗਿੱਲ 

ਖੋਜ਼ਾਰਥੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਜ਼ਲ
Next articleImran’s container was attacked from three sides, including from roof of a workshop