ਬਠਿੰਡਾ, 19 ਅਕਤੂਬਰ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਥਕ ਸੰਕਟ ਟਾਲਣ ਲਈ ਹੁਣ ‘ਗੁਪਤ ਮਿਸ਼ਨ’ ਸ਼ੁਰੂ ਕੀਤਾ ਹੈ। ਮੁੱਢਲੇ ਪੜਾਅ ’ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਨਬਜ਼ ਟੋਹੀ ਜਾ ਰਹੀ ਹੈ। ਅੱਜ ਪਿੰਡ ਬਾਦਲ ਵਿਚ ਜੱਦੀ ਰਿਹਾਇਸ਼ ’ਤੇ ਪੰਜ ਜ਼ਿਲ੍ਹਿਆਂ ਦੇ ਕਰੀਬ ਡੇਢ ਦਰਜਨ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸੁਖਬੀਰ ਨੇ ਚਾਰ ਘੰਟੇ ਤੱਕ ਗੁਪਤ ਮੀਟਿੰਗ ਕੀਤੀ। ਸੁਖਬੀਰ ਨੇ ਇਕੱਲੇ-ਇਕੱਲੇ ਮੈਂਬਰ ਨਾਲ ਆਹਮੋ ਸਾਹਮਣੀ ਗੱਲਬਾਤ ਕੀਤੀ। ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਬਣੇ ਪੰਥਕ ਮਾਹੌਲ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਮਸ਼ਵਰੇ ਵੀ ਲਏ। ਸੁਖਬੀਰ ਇਸ ਗੁਪਤ ਮੀਟਿੰਗ ਬਹਾਨੇ ਅੰਦਰੋਂ-ਅੰਦਰੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹਾਜ਼ਰੀ ਦਾ ਰੌਂਅ ਵੀ ਜਾਣਨਾ ਚਾਹੁੰਦੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਮਗਰੋਂ ਕਰੀਬ ਢਾਈ ਵਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਗੁਪਤ ਮੀਟਿੰਗ ਕੀਤੀ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ 22 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਮੀਟਿੰਗ ਹੋ ਰਹੀ ਹੈ, ਜਿਸ ਵਿਚ ਅਕਾਲ ਤਖ਼ਤ ਦਾ ਨਵਾਂ ਜਥੇਦਾਰ ਲਾਉਣ ਬਾਰੇ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਨਵੇਂ ਜਥੇਦਾਰ ਬਾਰੇ ਲੌਂਗੋਵਾਲ ਨਾਲ ਚਰਚਾ ਕੀਤੀ ਗਈ ਹੈ। ਫ਼ਿਲਹਾਲ ਕਾਰਜਕਾਰੀ ਜਥੇਦਾਰ ਲਾਏ ਜਾਣ ਦੀ ਸੰਭਾਵਨਾ ਵਧੇਰੇ ਹੈ। ਪੰਜ ਜ਼ਿਲ੍ਹਿਆਂ ਦੇ ਕਰੀਬ 35 ਸ਼੍ਰੋਮਣੀ ਕਮੇਟੀ ਮੈਂਬਰ ਹਨ ਜਿਨ੍ਹਾਂ ’ਚੋਂ ਕਰੀਬ ਦੋ ਦਰਜਨ ਸ਼੍ਰੋਮਣੀ ਕਮੇਟੀ ਮੈਂਬਰ ਪਿੰਡ ਬਾਦਲ ਪੁੱਜੇ ਸਨ। ਕਰੀਬ 11 ਮੈਂਬਰ ਅੱਜ ਗ਼ੈਰਹਾਜ਼ਰ ਰਹੇ। ਵੇਰਵਿਆਂ ਅਨੁਸਾਰ ਸੁਖਬੀਰ ਨੇ ਮੁੱਖ ਤੌਰ ‘ਤੇ ਤਿੰਨ ਚਾਰ ਨੁਕਤਿਆਂ ਉੱਤੇ ਗੱਲਬਾਤ ਕੇਂਦਰਿਤ ਰੱਖੀ। ਵੱਡਾ ਸੁਆਲ ਬੇਅਦਬੀ ਮਾਮਲੇ ਵਿਚ ਲੋਕਾਂ ਦੇ ਵੱਧ ਰਹੇ ਰੋਹ ਬਾਰੇ ਅਤੇ ਇਸ ਰੋਹ ਨੂੰ ਮੱਠਾ ਕਰਨ ਲਈ ਪੈਂਤੜੇ ਬਾਰੇ ਪੁੱਛਿਆ। ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਦੇ ਲੋਕਾਂ ’ਚ ਗਏ ਪ੍ਰਭਾਵ ਬਾਰੇ ਵੀ ਜਾਣਿਆ ਗਿਆ। ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਨਵੇਂ ਜਥੇਦਾਰ ਲਾਏ ਜਾਣ ਬਾਰੇ ਵੀ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਪੁੱਛਿਆ ਗਿਆ। ਦੱਸਿਆ ਜਾਂਦਾ ਹੈ ਕਿ ਕਈ ਮੈਂਬਰਾਂ ਨੇ ਗਿਲਾ ਵੀ ਕੀਤਾ ਕਿ ਉਨ੍ਹਾਂ ਨੂੰ ਹਮੇਸ਼ਾ ਸ਼੍ਰੋਮਣੀ ਕਮੇਟੀ ਦਾ ਜਨਰਲ ਅਜਲਾਸ ਹੋਣ ਤੋਂ ਪਹਿਲਾਂ ਹੀ ਸੱਦਿਆ ਜਾਂਦਾ ਹੈ। ਮੁੜ ਕੇ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਭੁੱਲ-ਭੁਲਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਗੁਰਤੇਜ ਸਿੰਘ ਢੱਡੇ ਨੇ ਦੱਸਿਆ ਕਿ ਅੱਜ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਪੰਥਕ ਮਾਮਲਿਆਂ ‘ਤੇ ਮਸ਼ਵਰੇ ਲਏ ਹਨ। ਸ੍ਰੀ ਢੱਡੇ ਨੇ ਦੱਸਿਆ ਕਿ ਪ੍ਰਧਾਨ ਲੌਂਗੋਵਾਲ ਤਾਂ ਦੋ ਵਜੇ ਤੋਂ ਮਗਰੋਂ ਪਿੰਡ ਬਾਦਲ ਪੁੱਜੇ ਸਨ। ਸੁਖਬੀਰ ਬਾਦਲ ਨੇ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਮਗਰੋਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਤੇ ਸਰੂਪ ਚੰਦ ਸਿੰਗਲਾ ਨਾਲ ਵੀ ਮੀਟਿੰਗਾਂ ਕੀਤੀਆਂ। ਅੱਜ ਗ਼ੈਰਹਾਜ਼ਰ ਰਹੇ ਮੈਂਬਰਾਂ ਚੋਂ ਸੁਖਦਰਸ਼ਨ ਸਿੰਘ ਮਰਾੜ੍ਹ, ਗੁਰਪਾਲ ਸਿੰਘ ਗੋਰਾ, ਕਿਰਨਦੀਪ ਕੌਰ, ਦਿਆਲ ਸਿੰਘ ਕੋਲਿਆਂ ਵਾਲੀ, ਫੁੰਮਣ ਸਿੰਘ, ਕੈਪਟਨ ਅਵਤਾਰ ਸਿੰਘ, ਜਸਪਾਲ ਕੌਰ, ਮੋਹਨ ਸਿੰਘ ਬੰਗੀ, ਬਾਬਾ ਬੂਟਾ ਸਿੰਘ, ਜਸਵੀਰ ਕੌਰ ਦਾਤੇਵਾਸ ਆਦਿ ਸ਼ਾਮਲ ਹਨ।
ਬ੍ਰਹਮਪੁਰਾ ਨੂੰ ਪਾਰਟੀ ਨਾਲ ਨਹੀਂ ਕੋਈ ਗਿਲਾ: ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸੀਨੀਅਰ ਤੇ ਸਤਿਕਾਰਤ ਆਗੂ ਹਨ ਤੇ ਉਨ੍ਹਾਂ ਨਾਲ ਮੀਟਿੰਗਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਡਾ. ਚੀਮਾ ਨੇ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਨੂੰ ਪਾਰਟੀ ਨਾਲ ਕੋਈ ਗਿਲਾ ਨਹੀਂ ਤੇ ਉਹ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ।