ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਤਾਜ਼ਾ ਵਿਸ਼ਵ ਰੈਂਕਿੰਗਜ਼ ਵਿੱਚ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਿਆ ਹੋਇਆ ਹੈ, ਜਦੋਂਕਿ ਪ੍ਰਿਥਵੀ ਸ਼ਾਅ ਅਤੇ ਰਿਸ਼ਭ ਪੰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਲੜੀ ਖ਼ਤਮ ਹੋਣ ਮਗਰੋਂ ਜਾਰੀ ਰੈਂਕਿੰਗਜ਼ ਵਿੱਚ ਲੰਬੀ ਛਾਲ ਮਾਰੀ ਹੈ। ਇਸ ਸਾਲ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਖ਼ਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਾਅ ਨੇ ਆਪਣੀ ਪਲੇਠੀ ਲੜੀ ਦੌਰਾਨ ਯਾਦਗਾਰ ਪ੍ਰਦਰਸ਼ਨ ਕੀਤਾ। ਹੈਦਰਾਬਾਦ ਟੈਸਟ ਵਿੱਚ 70 ਅਤੇ ਨਾਬਾਦ 33 ਦੌੜਾਂ ਦੀਆਂ ਦੋ ਪਾਰੀਆਂ ਖੇਡਣ ਦੇ ਦਮ ’ਤੇ ਉਹ 13 ਸਥਾਨ ਉਪਰ 60ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਹ 73ਵੀਂ ਰੈਂਕਿੰਗ ਨਾਲ ਪਲੇਠੇ ਮੈਚ ਵਿੱਚ ਉਤਰਿਆ ਸੀ।
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 92 ਦੌੜਾਂ ਦੀ ਪਾਰੀ ਦੇ ਦਮ ’ਤੇ 23 ਸਥਾਨ ਦੀ ਛਾਲ ਲਾਈ ਹੈ। ਉਹ 62ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਦਿੱਲੀ ਦਾ ਇਹ ਕ੍ਰਿਕਟਰ ਲੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ 111ਵੇਂ ਸਥਾਨ ’ਤੇ ਸੀ। ਉਸ ਨੇ ਰਾਜਕੋਟ ਵਿੱਚ ਪਹਿਲੇ ਮੈਚ ਵਿੱਚ 92 ਦੌੜਾਂ ਬਣਾਈਆਂ ਸਨ। ਅਜਿੰਕਿਆ ਰਹਾਣੇ ਵੀ 80 ਦੌੜਾਂ ਦੀ ਪਾਰੀ ਦੇ ਦਮ ’ਤੇ ਚਾਰ ਸਥਾਨ ਉਪਰ 18ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਗੇਂਦਬਾਜ਼ਾਂ ਵਿੱਚ ਉਮੇਸ਼ ਯਾਦਵ ਨੂੰ ਵੀ ਚਾਰ ਸਥਾਨ ਦਾ ਫ਼ਾਇਦਾ ਹੋਇਆ ਹੈ। ਉਹ ਗੇਂਦਬਾਜ਼ੀ ਵਿੱਚ 25ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਉਮੇਸ਼ ਭਾਰਤੀ ਧਰਤੀ ’ਤੇ ਮੈਚ ਵਿੱਚ ਦਸ ਵਿਕਟਾਂ ਲੈਣ ਵਾਲਾ ਸਿਰਫ਼ ਤੀਜਾ ਗੇਂਦਬਾਜ਼ ਬਣਿਆ ਸੀ, ਜਿਸ ਕਾਰਨ ਉਸ ਦੀ ਦਰਜਾਬੰਦੀ ਵੀ ਸੁਧਰੀ ਹੈ।
ਵੈਸਟਇੰਡੀਜ਼ ਵੱਲੋਂ ਕਪਤਾਨ ਜੇਸਨ ਹੋਲਡਰ ਨੇ ਸਾਰੇ ਵਿਭਾਗਾਂ ਵਿੱਚ ਚੰਗੀ ਤਰੱਕੀ ਕੀਤੀ ਹੈ। ਭਾਰਤ ਦੀ ਪਹਿਲੀ ਪਾਰੀ ਵਿੱਚ 56 ਦੌੜਾਂ ਦੇ ਕੇ ਪੰਜ ਵਿਕਟਾਂ ਲੈਣ ਵਾਲਾ ਉਹ ਗੇਂਦਬਾਜ਼ੀ ਰੈਂਕਿੰਗਜ਼ ਵਿੱਚ ਚਾਰ ਸਥਾਨ ਉਪਰ ਨੌਂਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜੋ ਉਸ ਦੇ ਕਰੀਅਰ ਦੀ ਸਰਵੋਤਮ ਰੈਕਿੰਗ ਹੈ।
Sports ਆਈਸੀਸੀ ਟੈਸਟ ਰੈਂਕਿੰਗਜ਼: ਕੋਹਲੀ ਦੀ ਸਰਦਾਰੀ ਕਾਇਮ