ਦਸੂਹਾ- ਇੱਥੇ ਏ.ਬੀ. ਸ਼ੂਗਰ ਮਿੱਲ ਰੰਧਾਵਾ ਅੰਦਰ ਸ਼ਰਾਬ ਫੈਕਟਰੀ ਦੇ ਫਰਮੈਂਟਟੇਸ਼ਨ ਪਲਾਂਟ ਦੇ ਚੈਂਬਰ ਵਿਚ ਅਚਾਨਕ ਧਮਾਕਾ ਹੋ ਗਿਆ। ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਤੇ ਦੋ ਜਣੇ ਜ਼ਖਮੀ ਹੋ ਗਏ। ਇਸ ਦੌਰਾਨ ਕਰੋੜਾਂ ਰੁਪਏ ਦੀ ਮਸ਼ੀਨਰੀ ਦੇ ਨੁਕਸਾਨ ਜਾਣ ਦਾ ਖਦਸ਼ਾ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਬੋਦਲ ਵਜੋਂ ਹੋਈ ਹੈ ਜਦੋਕਿ ਜ਼ਖਮੀਆਂ ਵਿੱਚ ਸੁਖਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰੂਪੋਵਾਲ ਤੇ ਮਨਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਰੰਧਾਵਾ ਸ਼ਾਮਲ ਹਨ।
ਇਕੱਤਰ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਗਗਨਦੀਪ ਸਿੰਘ ਫੈਕਟਰੀ ਦੇ ਫਰਮੈਂਟਟੇਸ਼ਨ ਪਲਾਂਟ ਦੇ ਚੈਂਬਰ ਵਿੱਚ ਕੈਮੀਕਲ ਪਾ ਰਿਹਾ ਸੀ ਤੇ ਕਿਸੇ ਕਾਰਨ ਚੈਂਬਰ ਵਿਚ ਧਮਾਕਾ ਹੋ ਗਿਆ। ਸਿੱਟੇ ਵਜੋਂ ਪੂਰੀ ਫੈਕਟਰੀ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਗਗਨਦੀਪ ਸਿੰਘ ਬੁਰੀ ਤਰ੍ਹਾਂ ਸੜ ਗਈ। ਫੈਕਟਰੀ ਦਾ ਅੱਗ ਬੁਝਾਉਣ ਦਾ ਸਿਸਟਮ ਅੱਗ ’ਤੇ ਕਾਬੂ ਪਾਉਣ ਵਿਚ ਅਸਮਰਥ ਰਿਹਾ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੇ ਅਮਲੇ ਵੱਲੋਂ ਕਈ ਘੰਟਿਆਂ ਦੀ ਜਦੋ-ਜਹਿਦ ਮਗਰੋਂ ਅੱਗ ‘ਤੇ ਕਾਬੂ ਪਾਇਆ ਗਿਆ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਉਪ ਮੰਡਲ ਮੈਜਿਸਟ੍ਰੇਟ ਹਰਚਰਨ ਸਿੰਘ, ਡੀ.ਐੱਸ.ਪੀ. ਦਸੂਹਾ ਏ.ਆਰ ਸ਼ਰਮਾ, ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਡੀ.ਐਸ.ਪੀ ਏ.ਆਰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਸਬੰਧੀ ਜਾਂਚ ਦੌਰਾਨ ਜੇਕਰ ਫੈਕਟਰੀ ਦੇ ਪ੍ਰਬੰਧਕਾਂ ਦੀ ਅਣਗਿਹਲੀ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
INDIA ਸ਼ਰਾਬ ਫੈਕਟਰੀ ਵਿੱਚ ਅੱਗ ਦੇ ਭਾਂਬੜ ਮੱਚੇ; ਕਾਮੇ ਦੀ ਮੌਤ