ਜ਼ਿਲ੍ਹਾ ਲੁਧਿਆਣਾ ਦੀਆਂ 2537 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਜੂਨ 2019 ਤੱਕ ਕਰਨ ਦਾ ਟੀਚਾ ਹੈ। ਇਸ ਤਰ੍ਹਾਂ ਪਿਛਲੇ ਕਰੀਬ 8 ਸਾਲਾਂ ਤੋਂ ਸੜਕਾਂ ਦੀ ਮੁਰੰਮਤ ਦਾ ਬਕਾਇਆ ਪਿਆ (ਬੈਕਲਾਗ) ਕੰਮ ਹੋ ਜਾਵੇਗਾ, ਜਿਸ ’ਤੇ 248.17 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਵਿਚਾਰ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੈਇੰਦਰ ਸਿੰਗਲਾ ਨੇ ਪਿੰਡ ਬੱਸੀਆਂ ਅਤੇ ਹਲਵਾਰਾ ਵਿਚ ਵੱਖ-ਵੱਖ ਸੜਕਾਂ ਦੇ ਮੁਰੰਮਤ ਕਾਰਜਾਂ ਦਾ ਕੰਮ ਸ਼ੁਰੂਆਤ ਕਰਾਉਣ ਮੌਕੇ ਪ੍ਰਗਟ ਕੀਤੇ।
ਮੰਤਰੀ ਸਿੰਗਲਾ ਨੇ ਪਿੰਡ ਬੱਸੀਆਂ ਵਿਚ ਜਗਰਾਉਂ-ਰਾਏਕੋਟ ਸੜਕ ਦੇ ਰਾਏਕੋਟ ਤੋਂ ਬਿੰਜਲ ਤੱਕ 9 ਕਿਲੋਮੀਟਰ ਹਿੱਸੇ ਦੇ ਨਵ ਨਿਰਮਾਣ ਅਤੇ ਦਾਖਾ-ਹਲਵਾਰਾ-ਰਾਏਕੋਟ ਰੋਡ ਤੋਂ ਮਾਛੀਵਾੜਾ ਸੜਕ ਦੇ ਹਲਵਾਰਾ-ਪੱਖੋਵਾਲ-ਸ਼ਾਹਪੁਰ ਤੱਕ ਦਸ ਕਿਲੋਮੀਟਰ ਹਿੱਸੇ ਦੇ ਨਵ ਨਿਰਮਾਣ ਕਰਨ ਦਾ ਨੀਂਹ ਪੱਥਰ ਰੱਖਿਆ। ਰਾਏਕੋਟ ਤੋਂ ਬਿੰਜਲ ਸੜਕ ਦੇ ਕੰਮ ’ਤੇ ਚਾਰ ਕਰੋੜ ਚਾਲੀ ਲੱਖ ਰੁਪਏ ਅਤੇ ਹਲਵਾਰਾ-ਪੱਖੋਵਾਲ-ਸ਼ਾਹਪੁਰ ਸੜਕ ’ਤੇ ਕਰੀਬ ਤਿੰਨ ਕਰੋੜ ਰੁਪਏ ਦੀ ਲਾਗਤ ਆਵੇਗੀ।
ਉਨ੍ਹਾਂ ਕਿਹਾ ਕਿ 2537 ਕਿਲੋਮੀਟਰ ਸੜਕਾਂ ਵਿੱਚ 1560 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਕੰਮ ਤਾਂ ਸ਼ੁਰੂ ਵੀ ਹੋ ਚੁੱਕਾ ਹੈ ਜਦੋਂਕਿ ਬਾਕੀ 977 ਕਿਲੋਮੀਟਰ ਸੜਕਾਂ ਦਾ ਕੰੰਮ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋ ਜਾਵੇਗਾ। ਸਰਕਾਰ ਵੱਲੋਂ ਹਲਕਾ ਰਾਏਕੋਟ ਦੀਆਂ 95 ਕਿਲੋਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਦੀ ਮੁਰੰਮਤ 11 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਗਰਾਉਂ-ਰਾਏਕੋਟ-ਮਾਲੇਰਕੋਟਲਾ ਸੜਕ ਨੈਸ਼ਨਲ ਹਾਈਵੇਅ, ਜੋ ਕਿ ਖੰਨਾ-ਮਾਲੇਰਕੋਟਲਾ-ਰਾਏਕੋਟ-ਜਗਰਾਉਂ-ਸਿੱਧਵਾਂ ਬੇਟ ਤੱਕ 120 ਕਿਲੋਮੀਟਰ ਲੰਬੀ ਹੈ, ਦਾ ਹਿੱਸਾ ਹੈ। ਜਲਦੀ ਹੀ ਇਸ ਪੂਰੀ ਸੜਕ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਕਮਿਊਨਿਟੀ ਸੈਂਟਰ ਬੱਸੀਆਂ ਵਿੱਚ ਪੌਦੇ ਲਗਾ ਕੇ ਲੋਕਾਂ ਨੂੰ ਪੌਦੇ ਲਗਾਉਣ ਅਤੇ ਸੰਭਾਲਣ ਸਬੰਧੀ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਅਮਰ ਸਿੰਘ ਨੇ ਲੋਕ ਨਿਰਮਾਣ ਮੰਤਰੀ ਸਿੰਗਲਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਜਗਰਾਉਂ-ਰਾਏਕੋਟ-ਮਾਲੇਰਕੋਟਲਾ ਸੜਕ ਰਾਹੀਂ ਰਾਏਕੋਟ ਸ਼ਹਿਰ ਨਾਲ ਜੁੜਦੀਆਂ ਪਲਾਨ ਸੜਕਾਂ ਦੀ ਬਹੁਤ ਮਾੜੀ ਹਾਲਤ ਹੈ। ਇਨ੍ਹਾਂ ਦੀ ਜਲਦੀ ਮੁਰੰਮਤ ਕਰਵਾਉਣ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਹਲਕੇ ਦੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
INDIA ਖੰਨਾ-ਸਿੱਧਵਾਂ ਬੇਟ ਕੌਮੀ ਮਾਰਗ ਛੇਤੀ ਬਣੇਗਾ: ਸਿੰਗਲਾ