ਬਰਗਾੜੀ ਵਿੱਚ ਬਹਿਬਲ ਕਾਂਡ ਦੀ ਤੀਜੀ ਵਰ੍ਹੇਗੰਢ ਮੌਕੇ ਹੋਏ ਸ਼ਹੀਦੀ ਸਮਾਗਮ ਦੌਰਾਨ ਧਾਰਮਿਕ ਤੇ ਰਾਜਸੀ ਹਸਤੀਆਂ ਨੇ ਸਖ਼ਤ ਤਕਰੀਰਾਂ ਕੀਤੀਆਂ। ਕੁੱਝ ਬੁਲਾਰੇ ਆਸਵੰਦ ਸਨ ਕਿ ਇਨਸਾਫ਼ ਮੋਰਚੇ ਦੀ ਕਮਾਨ ਸੰਭਾਲੀ ਬੈਠੇ ਅਕਾਲ ਤਖਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਸੰਘਰਸ਼ ਦੀ ਦਿਸ਼ਾ ਬਦਲਣ ਪਰ ਜਥੇਦਾਰ ਮੰਡ ਨੇ ਆਪਣੇ ਸਮਾਪਤੀ ਭਾਸ਼ਨ ਵਿੱਚ ਤਬਦੀਲੀ ਵਾਲੇ ਸੁਝਾਵਾਂ ’ਤੇ ਇੱਕ ਵਾਢਿਓਂ ਲੀਕ ਮਾਰ ਦਿੱਤੀ। ਕੈਪਟਨ ਸਰਕਾਰ ਪ੍ਰਤੀ ਜਥੇਦਾਰ ਦਾ ਵਤੀਰਾ ਗੁੱਸੇ ਅਤੇ ਤਲਖ਼ੀ ਵਾਲਾ ਰਿਹਾ। ਉਨ੍ਹਾਂ ਆਤਮਵਿਸ਼ਵਾਸ ਦੇ ਨਾਲ ਆਖਿਆ ਕਿ ਇਹ ਮੋਰਚਾ ਸ਼ਾਨੋ-ਸ਼ੌਕਤ ਦੇ ਨਾਲ ਬਰਗਾੜੀ ਦੀ ਧਰਤੀ ਉੱਤੇ ਜਿੱਤ ਕੇ ਇੱਥੇ ਹੀ ਪਰਚਮ ਲਹਿਰਾਇਆ ਜਾਵੇਗਾ। ਅੱਜ ਸ਼ਰਧਾਂਜਲੀ ਸਮਾਗਮ ਦੌਰਾਨ ਕੈਪਟਨ ਸਰਕਾਰ ਜਥੇਦਾਰ ਮੰਡ ਨਿਸ਼ਾਨੇ ਉੱਤੇ ਰਹੀ। ਉਨ੍ਹਾਂ ਹਕੂਮਤਾਂ ਵੱਲੋਂ ਅਕਾਲ ਤਖ਼ਤ ਨਾਲ ਟੱਕਰ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਅਜਿਹਾ ਕਰਨ ਵਾਲੇ ਹਾਕਮਾਂ ਦਾ ਵਜੂਦ ਖਤਮ ਹੁੰਦਾ ਰਿਹਾ ਹੈ। ਉਨ੍ਹਾਂ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਸਿੱਖ ਪੰਥ ਨੂੰ ਖ਼ਤਰਾ ਦੱਸਿਆ। ਉਨ੍ਹਾਂ ਬਰਗਾੜੀ ਦੇ ਮੋਰਚੇ ਨੂੰ ਧਰਮ ਮੋਰਚਾ ਕਹਿੰਦਿਆਂ ਦਾਅਵੇ ਨਾਲ ਕਿਹਾ ਕਿ ਇਹ ਮੋਰਚੇ ਦੀਆਂ ਮੰਗਾਂ ਮੰਨਣ ਬਾਰੇ ਹਕੂਮਤ ਨੂੰ ਬਰਗਾੜੀ ਦੀ ਧਰਤੀ ਉੱਤੇ ਆ ਕੇ ਹੀ ਐਲਾਨ ਕਰਨਾ ਪਵੇਗਾ ਅਤੇ ਇਹ ਮੋਰਚਾ ਯਕੀਨਨ ਇੱਕ ਦਿਨ ਜਿੱਤਿਆ ਜਾਵੇਗਾ। ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਾਂਗਰਸ ਅਤੇ ਅਕਾਲੀ ਦਲ ਨਾਲ ਸਬੰਧ ਰੱਖਣ ਵਾਲਿਆਂ ਨੂੰ ਗੱਦਾਰ ਅਤੇ ਚੋਰ ਤੱਕ ਕਹਿ ਕੇ ਮਿਹਣਾ ਮਾਰਿਆ। ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਮੋਰਚੇ ਦੀਆਂ ਮੰਗਾਂ ਬਾਰੇ ਸਰਕਾਰ ਦੀ ਨੀਅਤ ਸਾਫ਼ ਨਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਉਹ 5 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ਦੌਰਾਨ ਮੋਰਚੇ ਦੀਆਂ ਮੰਗਾਂ ਗੰਭੀਰਤਾ ਨਾਲ ਪੇਸ਼ ਕਰਨਗੇ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ, ਬਾਦਲਾਂ ਨੂੰ ਬਚਾਅ ਰਹੇ ਹਨ ਅਤੇ ਨਿਆਂ ਦੀ ਪ੍ਰਾਪਤੀ ਲਈ ਇਨਸਾਫ਼ ਪਸੰਦ ਧਿਰਾਂ ਨੂੰ ਇੱਕਜੁਟ ਹੋਣ ਦੀ ਜ਼ਰੂਰਤ ਹੈ। ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੋਰਚੇ ਦੇ ਇੰਚਾਰਜ ਜਥੇਦਾਰ ਮੰਡ ਨੂੰ ਮਸ਼ਵਰਾ ਦਿੱਤਾ ਕਿ ਉਹ ਇਨਸਾਫ਼ ਮੋਰਚੇ ਨੂੰ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਕਰ ਦੇਣ। ਉਨ੍ਹਾਂ ਮੋਰਚੇ ਦੇ ਆਗੂਆਂ ਤੋਂ ਅਜਿਹੀ ਰਣਨੀਤੀ ਤਿਆਰ ਕਰਨ ਦੀ ਮੰਗ ਵੀ ਕੀਤੀ ਜੋ ਪੰਜਾਬੀਆਂ ਨੂੰ ਸਹੀ ਸੇਧ ਦੇ ਸਕੇ। ਲੋਕ ਸਭਾ ਦੇ ਸਾਬਕਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਇਨਸਾਫ਼ ਦੇਣ ਲਈ ਸਰਕਾਰ ਵੱਲੋਂ ਕੀਤੀ ਜਾ ਰਹੀ ਆਨਾਕਾਨੀ ਦੀ ਸਖ਼ਤ ਸ਼ਬਦਾਂ ਵਿੱਚ ਨੁਕਤਾਚੀਨੀ ਕੀਤੀ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਨਿਆਂ ਦੇਣ ਵਿੱਚ ਢੁੱਚਰਾਂ ਡਾਹੁਣਾ ਹਕੂਮਤਾਂ ਦਾ ਸੁਭਾਅ ਰਿਹਾ ਹੈ ਅਤੇ ਇਨ੍ਹਾਂ ਢੁੱਚਰਾਂ ਨੂੰ ਲੋਕਾਂ ਦੀ ਏਕਤਾ ਹੀ ਖਤਮ ਕਰ ਸਕਦੀ ਹੈ। ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਆਏ ਹਨ ਕਿ ਹੁਣ ਸਿੱਖ ਖਾਲਿਸਤਾਨ ਦੀ ਗੱਲ ਕਰ ਸਕਦੇ ਹਨ ਅਤੇ ਇਹ ਗੱਲ ਹੁਣ ਅਸੀਂ ਕਰਾਂਗੇ ਕਿਉਂਕਿ ਆਜ਼ਾਦੀ ਸਾਡਾ ਹੱਕ ਹੈ। ‘ਪਹਿਰੇਦਾਰ’ ਅਖ਼ਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਵੀ ਬਾਦਲਾਂ ਵਿਰੁੱਧ ਕਈ ਸਖ਼ਤ ਤਜਵੀਜ਼ਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ 15 ਦਿਨਾਂ ਵਿੱਚ ਮੰਗਾਂ ਨਾ ਮੰਨਣ ਦੀ ਹਾਲਤ ਵਿੱਚ ਨਾ-ਮਿਲਵਰਤਣ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਵੇ।
ਇਕੱਠ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਭਾਈ ਮਨਜੀਤ ਸਿੰਘ, ਦਲ ਖਾਲਸਾ ਦੇ ਹਰਪਾਲ ਸਿੰਘ ਚੀਮਾ, ਅਕਾਲੀ ਦਲ(ਯੂਨਾਈਟਿਡ) ਦੇ ਪ੍ਰਧਾਨ ਮੋਹਕਮ ਸਿੰਘ, ਪ੍ਰਦੀਪ ਸਿੰਘ ਚਾਂਦਪੁਰਾ, ਅਸ਼ੋਕ ਚੁੱਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਵੱਸਣ ਸਿੰਘ ਜ਼ਫ਼ਰਵਾਲ, ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਾਂਗਰਸੀ ਆਗੂ ਕੰਵਲਜੀਤ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿੱਚ ਸ਼ਖ਼ਸੀਅਤਾਂ ਮੰਚ ‘ਤੇ ਮੌਜੂਦ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਨਿਭਾਈ।ਇਸ ਮੌਕੇ ਬਹਿਬਲ ਕਾਂਡ ਦੇ ਮ੍ਰਿਤਕਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ।