ਮਾਨਸਾ ਪੁਲੀਸ ਤੇ ਐਸ.ਟੀ.ਐਫ ਵੱਲੋਂ 800 ਗ੍ਰਾਮ ਹੈਰੋਇਨ ਤੇ 2 ਲੱਖ 18 ਹਜਾਰ ਦੀ ਨਗਦੀ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਕੌਮਾਂਤਰੀ ਬਾਜਾਰ ’ਚ ਇਸ ਹੈਰੋਇਨ ਦੀ ਕੀਮਤ 4 ਕਰੋੜ ਰੁਪਏ ਪੁਲੀਸ ਵੱਲੋਂ ਦੱਸੀ ਗਈ ਹੈ। ਪੁਲੀਸ ਵੱਲੋ ਇਹ ਹੈਰੋਇਨ ਚੇਤ ਸਿੰਘ ਵਾਸੀ ਗੁਦਰਾਨਾ ਥਾਣਾ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ (ਹਰਿਆਣਾ) ਨੂੰ ਕਾਬੂ ਕਰਕੇ ਫੜੀ ਗਈ ਹੈ। ਐਸ.ਟੀ.ਐਫ ਦੇ ਇੰਸਪੈਕਟਰ ਜਨਰਲ ਆਫ ਪੁਲੀਸ ਬਲਕਾਰ ਸਿੰਘ ਸਿੱਧੂ ਤੇ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਚੇਤ ਸਿੰਘ ਪਾਸੋਂ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਦਿੱਲੀ ਤੋਂ ਹੈਰੋਇਨ ਤੇ ਹੋਰ ਨਸ਼ੇ ਲਿਆ ਕੇ ਮਾਨਸਾ, ਬਠਿੰਡਾ, ਗੋਨਿਆਣਾ, ਰਾਮਪੁਰਾ ਆਦਿ ਸ਼ਹਿਰਾਂ ’ਚ ਵੇਚਦਾ ਸੀ। ਉਨ੍ਹਾਂ ਕਿਹਾ ਕਿ ਉਸ ਖ਼ਿਲਾਫ ਸਰਦਾਰ ਸ਼ਹਿਰ (ਰਾਜਸਥਾਨ) ’ਚ ਇੱਕ ਕੇਸ ਭੁੱਕੀ ਚੂਰਾ ਪੋਸਤ, ਕਾਲਿਆਂਵਾਲੀ (ਹਰਿਆਣਾ) ਵਿੱਚ 1 ਕੇਸ ਹੈਰੋਇਨ ਤੇ 1 ਕੇਸ ਸਮੈਕ ਦਾ ਦਰਜ ਹੈ ਤੇ ਇਨ੍ਹਾਂ ਮੁਕੱਦਮਿਆਂ ਵਿੱਚ ਇਹ ਭਗੌੜਾ ਹੈ। ਇਸ ਤੋਂ ਪਹਿਲਾਂ ਮਾਨਸਾ ਦੇ ਉਪ ਕਪਤਾਨ ਪੁਲੀਸ ਸਬ-ਡਿਵੀਜ਼ਨ ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਪੁਲੀਸ ਵੱਲੋਂ ਇਕ ਗਸ਼ਤ ਦੌਰਾਨ ਠੂਠਿਆਂਵਾਲੀ ਕੈਂਚੀਆਂ ਨੇੜੇ ਇਕ ਮਾਰੂਤੀ ਜ਼ੈਨ ਕਾਰ ਨੰਬਰ (ਜੀ.ਜੇ 18 ਏਏ-9130) ਨੂੰ ਸ਼ੱਕ ਦੇ ਆਧਾਰ ‘ਤੇ ਜਦੋਂ ਰੋਕਿਆ ਗਿਆ ਤਾਂ ਉਸ ’ਚ ਬੈਠਾ ਵਿਅਕਤੀ ਪੁਲੀਸ ਨੂੰ ਵੇਖ ਕੇ ਘਬਰਾ ਗਿਆ ਤੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਹੈਰੋਇਨ ਦੇ ਪੈਕੇਟ ਬਰਾਮਦ ਹੋਏ, ਜਿਨ੍ਹਾਂ ਨੂੰ ਜਦੋਂ ਪੜਤਾਲਿਆ ਗਿਆ ਤਾਂ ਉਨ੍ਹਾਂ ਦਾ ਵਜ਼ਨ 800 ਗ੍ਰਾਮ ਨਿੱਕਲਿਆ। ਫੜੇ ਗਏ ਚੇਤ ਸਿੰਘ ਦੀ ਜਾਣਕਾਰੀ ’ਤੇ ਇਸ ਧੰਦੇ ’ਚ ਲੱਗੇ ਲੋਕਾਂ ਦੇ ਕਾਬੂ ਹੋਣ ਦੀ ਵੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਨੀ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਨਕਦੀ ਫੜੇ ਜਾਣ ਨਾਲ ਪੁਲੀਸ ਦੇ ਹੌਸਲੇ ਬੁਲੰਦ ਹੋਏ ਹਨ।
INDIA ਹੈਰੋਇਨ ਅਤੇ 2.18 ਲੱਖ ਦੀ ਨਗਦੀ ਸਣੇ ਕਾਬੂ