ਕਾਂਗਰਸ ਵਲੋਂ ਕਿੱਲਿਆਂਵਾਲੀ ਵਿਚ ਕੀਤੀ ਗਈ ਸਿਆਸੀ ਰੈਲੀ ਮੌਕੇ ਹੋਏ ਭਰਵੇਂ ਇਕੱਠ ਨੇ ਪਾਰਟੀ ਕਾਡਰ ਵਿੱਚ ਨਵੀਂ ਰੂਹ ਫੂਕਣ ਦਾ ਕੰਮ ਕੀਤਾ ਹੈ। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਸਿਆਸੀ ਹੰਭਲਾ ਕਾਂਗਰਸੀ ਵਰਕਰਾਂ ਨੂੰ ਅਗਲੇ ਲਗਭਗ ਛੇ ਮਹੀਨਿਆਂ ਤਕ ਹੌਂਸਲੇ ਦਿੰਦਾ ਰਹੇਗਾ। ਸੂਬੇ ਦੇ ਇਕ ਸਿਰੇ ’ਤੇ 2.34 ਲੱਖ ਵਰਗ ਫੁੱਟ ਦੇ ਵਿਸ਼ਾਲ ਪੰਡਾਲ ਵਿਚ ਡੇਢ ਤੋਂ ਦੋ ਲੱਖ ਲੋਕਾਂ ਦਾ ਇਕੱਠ ਕਰਕੇ ਕਾਂਗਰਸੀ ਆਗੂਆਂ ਨੇ ਆਪਣੇ ਦਾਅਵਿਆਂ ਨੂੰ ਕੁਝ ਹੱਦ ਤੱਕ ਅਮਲੀ ਜਾਮਾ ਪਹਿਨਾ ਦਿੱਤਾ ਹੈ। ਹਾਲਾਂਕਿ ਸਿਆਸੀ ਮਾਹਿਰ ਕਾਂਗਰਸੀ ਰੈਲੀ ਦੀ ਸਫ਼ਲਤਾ ਬਾਰੇ ਕਈ ਕਿਆਸਰਾਈਆਂ ਲਾ ਰਹੇ ਸਨ, ਪਰ ਫਿਰ ਵੀ ਇਹ ਹਾਈ ਕਮਾਨ ਦੀਆਂ ਆਸਾਂ ’ਤੇ ਪੂਰਾ ਉਤਰਨ ਵਿਚ ਸਫ਼ਲ ਰਹੀ ਹੈ। ਆਮ ਰੈਲੀਆਂ ਵਾਂਗ ਭਾਵੇਂ ਇਸ ਮੌਕੇ ਕੋਈ ਨਵੀਂ ਵਿਕਾਸ ਸਕੀਮ ਤਾਂ ਨਹੀਂ ਐਲਾਨੀ ਗਈ, ਪਰ ਬਾਦਲਾਂ ਦੇ ਗੜ੍ਹ ਵਿਚ ਵੱਡੀ ਰੈਲੀ ਕਰਕੇ ਕਾਂਗਰਸੀ ਆਗੂ ਤੇ ਵਰਕਰ ਕਾਫ਼ੀ ਉਤਸ਼ਾਹ ਵਿਚ ਨਜ਼ਰ ਆ ਰਹੇ ਸਨ। ਰੈਲੀ ਦੌਰਾਨ ਕੋਈ ਰੌਲਾ-ਰੱਪਾ ਨਹੀਂ ਪਿਆ ਤੇ ਦੂਰ-ਦੁਰੇਡੇ ਤੋਂ ਆਏ ਵਰਕਰਾਂ ਤੇ ਆਗੂਆਂ ਨੇ ਚੰਗੇ ਪ੍ਰਬੰਧਾਂ ਅਤੇ ਸੁਰੱਖਿਆ ਇੰਤਜ਼ਾਮਾਂ ਦੀ ਸ਼ਲਾਘਾ ਕੀਤੀ। ਰੈਲੀ ਦੇ ਕਨਵੀਨਰ ਕੈਪਟਨ ਸੰਦੀਪ ਸੰਧੂ ਨੇ ਪਿਛਲੇ ਕਈ ਦਿਨਾਂ ਤੋਂ ਮੰਡੀ ਕਿੱਲਿਆਂਵਾਲੀ ਵਿਚ ਹੀ ਡੇਰੇ ਲਾਏ ਹੋਏ ਸਨ ਤੇ ਸਮੁੱਚੇ ਪ੍ਰਬੰਧ ਉਨ੍ਹਾਂ ਦੀ ਦੇਖ-ਰੇਖ ਹੇਠ ਹੀ ਹੋਏ ਹਨ। ਹਲਕੀ ਗਰਮੀ ਦੇ ਬਾਵਜੂਦ ਪੰਡਾਲ ਵਿਚ ਕਾਂਗਰਸੀ ਵਰਕਰਾਂ ਦਾ ਇਕੱਠ ਰੈਲੀ ਦੇ ਅਖੀਰ ਤੱਕ ਦੇਖਣ ਨੂੰ ਮਿਲਿਆ। ਰੈਲੀ ਦੌਰਾਨ ਇਕੱਠ ਇਕ ਵੇਲੇ ਐਨਾ ਵਧ ਗਿਆ ਕਿ ਪੁਲੀਸ ਨੂੰ ਭੀੜ ਸੰਭਾਲਣ ਲਈ ਮੁੱਖ ਸਟੇਜ ਅਗਲੀ ‘ਡੀ’ ਸੁਰੱਖਿਆ ਨੂੰ ਔਰਤਾਂ ਦੇ ਬੈਠਣ ਲਈ ਖੋਲ੍ਹਣਾ ਪਿਆ। ਮੌਜੂਦ ਲੋਕਾਂ ਨੂੰ ਸਟੇਜ ਦਾ ਕਾਰ-ਵਿਹਾਰ ਸਪੱਸ਼ਟ ਦਿਖਾਉਣ ਲਈ ਵੱਡੀ ਗਿਣਤੀ ਵਿੱਚ ਐੱਲਈਡੀ ਸਕਰੀਨਾਂ ਲਗਾਈਆਂ ਗਈਆਂ ਸਨ। ਕੈਪਟਨ ਸਰਕਾਰ ਦੇ ਵੱਖ-ਵੱਖ ਮੰਤਰੀ ਅਤੇ ਵਿਧਾਇਕ ਰੈਲੀ ਪੰਡਾਲ ਦੇ ਸੈਕਟਰਾਂ ਵਿਚ ਆਪੋ-ਆਪਣੇ ਹਲਕਿਆਂ ਦੇ ਵਰਕਰਾਂ ਤੱਕ ਜਾ ਕੇ ਉਨ੍ਹਾਂ ਦਾ ਮਾਣ-ਸਤਿਕਾਰ ਵਧਾਉਂਦੇ ਨਜ਼ਰ ਆਏ। ਰੈਲੀ ਵਿਚ ਕਾਲੀਆਂ ਦਸਤਾਰਾਂ, ਕਾਲੇ ਪਰਨਿਆਂ ਜਾਂ ਕਾਲੇ ਕੱਪੜੇ ਪਹਿਨ ਕੇ ਆਏ ਵਿਅਕਤੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ।
INDIA ਕਿੱਲਿਆਂਵਾਲੀ ਵਿਚ ਵੱਡੇ ਇਕੱਠ ਤੋਂ ਕਾਂਗਰਸੀ ਬਾਗੋਬਾਗ਼