(ਸਮਾਜ ਵੀਕਲੀ)
ਸਾਨੂੰ ਸਿੱਖਿਆ ਮੁੱਢ ਕਦੀਮਾਂ ਤੋਂ, ਅਸੀ ਕਰੀਏ ਸਭ ਨੂੰ ਪਿਆਰ ਜੀ
ਗਿੱਠ ਚੌੜੀ ਛਾਤੀ ਹੋ ਜਾਂਦੀ, ਜਦ ਕਹਿੰਦਾ ਕੋਈ ਸਰਦਾਰ ਦੀ
ਦੁੱਧ ਮਖ਼ਣ ਮਲਾਈਆਂ ਦੇ ਸ਼ੌਕੀ , ਪਰ ਨਸ਼ਿਆਂ ਤੋਂ ਪਰਹੇਜ਼ ਰਿਹਾ
ਦੇਸ਼ ਕੌਮ ਦੀ ਖਾਤਿਰ ਸਾਡੇ, ਦਿਲ ਵਿਚ ਹਰ ਪਲ ਹੇਜ਼ ਰਿਹਾ
ਜੁਲਮ ਹੁੰਦਾ ਤੱਕੀਏ ਜਿੱਥੇ , ਹਾਂ ਧੂਹ ਲੈਂਦੇ ਤਲਵਾਰ ਜੀ
ਗਿੱਠ ਚੌੜੀ ਛਾਤੀ …….
ਸਿਰ ਨੀਵਾਂ ਕਰਕੇ ਜਿਉਂਦੇ ਨਾ, ਅਣਖ਼ਾਂ ਦੀ ਸਾਨੂੰ ਪਾਣ ਚੜ੍ਹੀ
ਭਰਨ ਗਵਾਹੀ ਇਸ ਗੱਲ ਦੀ, ਕੰਧ ਸਰਹਿੰਦ ਤੇ ਚਮਕੌਰ ਗੜ੍ਹੀ
ਸਾਨੂੰ ਮਰਨਾ ਹੈ ਮਨਜ਼ੂਰ , ਕਦੇ ਮੰਨਦੇ ਨਾ ਪਰ ਹਾਰ ਜੀ
ਗਿੱਠ ਚੌੜੀ ਛਾਤੀ ………
ਭਗਤ, ਸਰਾਭੇ, ਰਾਜਗੁਰੂ ਦੇ, ਓਹੀ ਹੀ ਵਾਰਿਸ ਹੋ ਸਕਦੇ
ਖੂਨ ਦੇ ਇਕ ਇਕ ਕਤਰੇ ਨੂੰ , ਜੋ ਸ਼ਮਾ ਦੇ ‘ਤੇ ਚੋਅ ਸਕਦੇ
ਕਰਿਆ ਖੁਦ ਕਬੂਲ਼ ਹਾਕਿਮਾਂ , ਤਹਿਕੇ ਸਾਥੋਂ ਸਰਕਾਰ ਜੀ
ਗਿੱਠ ਚੌੜੀ ਛਾਤੀ ……..
ਸੰਤਾਲੀ ਅਤੇ ਚੁਰਾਸੀ ਦੇ, ਸਾਡੇ ਪਿੰਡੇ ਪਏ ਨਿਸ਼ਾਨ ਬੜੇ ਨੇ
‘ਬੋਪਾਰਾਏ’ ਫਿਰ ਵੀ ਸਾਡੇ, ਜ਼ਿਗਰੇ ਰਹੇ ਮਹਾਨ ਬੜੇ ਨੇ
ਇਹ ਮੁੱਲ ਸਿਰਾਂ ਦੇ ਪੈਂਦੇ ਰਹੇ , ਖੁੰਡੀ ਕਰੀ ਜੁਲਮ ਦੀ ਧਾਰ ਜੀ
ਗਿੱਠ ਚੌੜੀ ਛਾਤੀ ਹੋ ਜਾਂਦੀ, ਜਦ ਕਹਿੰਦਾ ਕੋਈ ਸਰਦਾਰ ਜੀ
ਭੁਪਿੰਦਰ ਸਿੰਘ ਬੋਪਾਰਾਏ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly