(ਸਮਾਜ ਵੀਕਲੀ)
ਜਗਨ ਨਾਥ ਅੱਜ ਬੜਾ ਖੁਸ਼ ਸੀ, ਖੁਸ਼ ਹੋਵੇ ਵੀ ਕਿਉਂ ਨਾ? ਦਾਤਾ ਨੇ ਖੁਸ਼ੀ ਹੀ ਅਜਿਹੀ ਦਿੱਤੀ ਸੀ, ਜਗਨ ਨਾਥ ਅੱਜ ਨਾਨਾ ਬਣ ਗਿਆ ਸੀ। ਹਾਲੇ ਸਾਲ ਕੁ ਹੀ ਬੀਤਿਆ ਸੀ ਧੀ ਰਾਣੋ ਦਾ ਵਿਆਹ ਕੀਤਿਆਂ, ਨਾਲ਼ ਦੇ ਪਿੰਡ ਤੋਂ ਬਾਰਾਤ ਆਈ ਸੀ, ਉਹ ਦਿਨ ਅੱਜ ਵੀ ਯਾਦ ਸੀ ਜਗਨ ਨਾਥ ਨੂੰ, ਜਿਸ ਦਿਨ ਉਸਦੇ ਘਰ ਰਾਣੋ ਨੇ ਜਨਮ ਲਿਆ ਸੀ। ਇੱਕੋ ਇੱਕ ਉਲਾਦ ਸੀ ਜਗਨ ਨਾਥ ਦੀ, ਬੜੇ ਚਾਵਾਂ ਲਾਡਾਂ ਨਾਲ ਪਾਲਿਆ ਸੀ ਜਗਨ ਨਾਥ ਨੇ ਆਪਣੀ ਧੀ ਨੂੰ। ਭਾਂਵੇ ਕਿ ਗਰੀਬੀ ਕਾਰਣ ਜਗਨ ਨਾਥ ਦੀ ਮਾਲੀ ਹਾਲਤ ਖ਼ਸਤਾ ਹੀ ਸੀ ਪਰ ਔਖਾ ਸੋਖਾ ਹੋ ਜਗਨ ਨਾਥ ਨੇ ਆਪਣੀ ਧੀ ਰਾਣੋ ਨੂੰ ਸ਼ਹਿਰ ਦੇ ਨਾਮੀ ਸਕੂਲ ਵਿੱਚ ਬਾਰਾਂ ਜਮਾਤਾਂ ਪੜਾਈਆ ਸੀ ।
ਜਗਨ ਨਾਥ ਅਕਸਰ ਆਪਣੀ ਪਤਨੀ ਨੂੰ ਕਹਿੰਦਾ ਹੁੰਦਾ ਸੀ ਮੈਂ ਪਿਓ ਹਾਂ ਰਾਣੋ ਦਾ, ਆਪਣੀ ਰਾਣੋ ਖ਼ਾਤਰ ਆਪਣੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿਆਂਗਾ। ਜਗਨ ਨਾਥ ਪਿੰਡ ਦੇ ਜਿੰਮੀਦਾਰਾਂ ਤੋਂ ਤੂੜੀ ਖਰੀਦ ਕੇ ਸ਼ਹਿਰ ਵਿੱਚ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ।ਜਗਨ ਨਾਥ ਸਵੇਰੇ ਤੂੜੀ ਵੇਚਣ ਸ਼ਹਿਰ ਜਾਣ ਲੱਗਿਆਂ ਆਪਣੀ ਧੀ ਰਾਣੋ ਨੂੰ ਗੱਡੇ ਤੇ ਬਿਠਾ ਨਾਲ਼ ਹੀ ਲੈ ਜਾਇਆ ਕਰਦਾ ਸੀ ਸਕੂਲ ਛੱਡਣ ਲਈ। ਦੁਪਹਿਰ ਤੱਕ ਉਹ ਖੁਦ ਤੂੜੀ ਵੇਚ ਕੇ ਵਿਹਲਾ ਹੋ ਜਾਂਦਾ ਸੀ ਤਾਂ ਪਿੰਡ ਵਾਪਸ ਪਰਦਿਆਂ ਰਸਤੇ ਵਿੱਚ ਪੈਂਦੇ ਰਾਣੋ ਦੇ ਸਕੂਲ ਤੋਂ ਉਸਨੂੰ ਨਾਲ ਘਰ ਲੈ ਆਉਂਦਾ ਸੀ।
ਸਕੂਲ ਦੀ ਪੜ੍ਹਾਈ ਖ਼ਤਮ ਹੋ ਜਾਣ ਤੋਂ ਬਾਅਦ ਰਾਣੋ ਸਿਲਾਈ ਕਢਾਈ ਸਿੱਖਣ ਲੱਗੀ ਸੀ। ਹੁਣ ਜਗਨ ਨਾਥ ਰਾਣੋ ਦੀ ਪੜ੍ਹਾਈ ਦੀ ਚਿੰਤਾ ਤੋਂ ਮੁਕਤ ਹੋਇਆ ਸੀ ਪਰ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦੀ ਧੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਵਿੱਚ ਪੈ ਗਿਆ ਸੀ, ਰਾਤ ਨੂੰ ਨੀਂਦ ਵੀ ਘੱਟ ਆਉਂਦੀ ਸੀ। ਮੰਜੇ ਤੇ ਲੇਟਿਆ ਹੋਇਆ ਇਹੀ ਸੋਚ ਸੋਚ ਕਦੋਂ ਦਿਨ ਚੜ ਜਾਂਦਾ ਪਤਾ ਹੀ ਨਹੀਂ ਚਲਦਾ ਸੀ। ਰਾਣੋ ਦੀ ਮਾਂ ਨੂੰ ਕਹਿੰਦਾ ਭਾਗਵਾਨੇ ਔਖੇ ਸੋਖੇ ਹੋ ਰਾਣੋ ਦੀ ਪੜ੍ਹਾਈ ਤਾਂ ਹੋ ਗਈ ਹੈ ਪਰ ਲਗਦੈ ਰਾਣੋ ਦੇ ਵਿਆਹ ਲਈ ਪਿੰਡ ਵਾਲੇ ਲਾਲੇ ਤੋਂ ਕਰਜ਼ਾ ਚੁੱਕ ਕੇ ਹੀ ਵਿਆਹ ਦਾ ਕਾਰਜ਼ ਸਿਰੇ ਚੜੇਗਾ।
ਰਾਣੋ ਦਾ ਰਿਸ਼ਤਾ ਆਇਆ ਮੁੰਡਾ ਨੌਕਰੀ ਲੱਗਾ ਹੋਇਆ ਸੀ, ਖੁਸ਼ ਵੀ ਸੀ ਜਗਨ ਨਾਥ , ਸੋਚਿਆ ਚਲੋ ਧੀ ਦਾ ਭਾਰ ਉਤਰੇਗਾ, ਆਪਣੇ ਘਰ ਰਾਜੀ ਰਹੇ , ਮੈਂ ਲਾਲੇ ਨਾਲ ਗੱਲ ਕਰਦਾ ਹਾਂ ਰਾਣੋ ਦੇ ਵਿਆਹ ਲਈ ਕਰਜ਼ੇ ਦੀ। ਰਾਣੋ ਦਾ ਰਿਸ਼ਤਾ ਹੋਈਆਂ ਦਸ ਮਹੀਨੇ ਬੀਤ ਜਾਣ ਤੇ ਜਗਨ ਨਾਥ ਨੇ ਲਾਲੇ ਦੀ ਦੁਕਾਨ ਤੇ ਜਾ ਕੇ ਕਰਜ਼ਾ ਚੁੱਕ ਰਾਣੋ ਦੀ ਡੋਲੀ ਘਰੋਂ ਤੋਰ ਦਿੱਤੀ ਸੀ। ਆਪਣੀ ਹੈਸੀਅਤ ਤੋਂ ਵੱਧ ਵਿਆਹ ਤੇ ਖ਼ਰਚ ਕੀਤਾ ਸੀ ਜਗਨ ਨਾਥ ਨੇ।
ਤੇ ਅੱਜ ਉਹ ਦਿਨ ਆਇਆ ਜਦੋਂ ਉਹ ਨਾਨਾ ਬਣ ਗਿਆ ਸੀ, ਰਾਣੋ ਦੀ ਮਾਂ ਨੇ ਜਗਨ ਨਾਥ ਦਾ ਗੁੜ ਦੀ ਭੇਲੀ ਨਾਲ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਸੁਣੋ ਜੀ ਰਾਣੋ ਲਈ ਪੰਜੀਰੀ, ਕਪੜੇ, ਦੋਹਤੇ ਦੇ ਪੰਜ ਸੂਟ, ਜਵਾਈ ਦੇ ਕਪੜੇ ਅਤੇ ਰਾਣੋ ਦੇ ਸੱਸ, ਸਹੁਰੇ ਤੇ ਨਨਾਣ ਲਈ ਵੀ ਕਪੜੇ ਤੇ ਮਿਠਾਈਆਂ ਖਰੀਦ ਕੇ ਜਾਣਾ ਹੈ ਐਤਵਾਰ ਨੂੰ ਰਾਣੋ ਦੇ ਘਰ , ਤੁਸੀਂ ਪੈਸਿਆਂ ਦਾ ਬੰਦੋਬਸਤ ਕਰੋ। ਰਾਣੋ ਦੀ ਮਾਂ ਤੋਂ ਇਹ ਗੱਲ ਸੁਣਦਿਆਂ ਹੀ ਜਗਨ ਨਾਥ ਨੇ ਕਿਹਾ ਕੋਈ ਗੱਲ ਨਹੀਂ ਰਾਣੋ ਦੀ ਮਾਂ, ਮੈਂ ਸਵੇਰੇ ਉੱਠ ਕੇ ਤੂੜੀ ਦਾ ਗੱਡਾ ਸ਼ਹਿਰ ਵੇਚ ਕੇ ਆਵਾਂਗਾ ਕੁੱਝ ਬੰਦੋਬਸਤ ਹੋ ਜਾਵੇਗਾ ਬਾਕੀ ਤੂੰ ਬਜਾਜੀ ਦੀ ਹੱਟੀ ਤੇ ਉਧਾਰ ਕਰ ਲੈਣਾ , ਥੋੜੇ ਥੋੜੇ ਕਰ ਕੇ ਮੋੜ ਦੇਵਾਂਗੇ, ਪਿੰਡ ਵਾਲੇ ਲਾਲੇ ਦਾ ਤਾਂ ਹਾਲੇ ਪਹਿਲਾਂ ਵਾਲਾ ਕਰਜ਼ਾ ਵੀ ਪੂਰਾ ਨਹੀਂ ਉਤਰਿਆ।
ਸਵੇਰ ਹੁੰਦਿਆਂ ਹੀ ਜਦੋਂ ਜਗਨ ਨਾਥ ਤਿਆਰ ਹੋ ਕੇ ਤੂੜੀ ਵਾਲਾ ਗੱਡਾ ਸ਼ਹਿਰ ਨੂੰ ਲਿਜਾਉਣ ਲੱਗਿਆ ਤਾਂ ਕੀ ਦੇਖਦਾ ਹੈ ਅਸਮਾਨ ਵਿੱਚ ਕਾਲ਼ੇ ਬੱਦਲ਼ ਘਿਰ ਆਏ ਸਨ, ਜਗਨ ਨਾਥ ਨੂੰ ਫ਼ਿਕਰਮੰਦ ਹੋ ਗਿਆ ਸੀ ਕਿਤੇ ਮੀਂਹ ਨਾ ਆ ਜਾਵੇ ਜੇ ਤੂੜੀ ਗਿੱਲੀ ਹੋ ਗਈ ਤਾਂ ਲੱਗੇ ਹੋਏ ਪੈਸੇ ਵੀ ਨਹੀਂ ਮੁੜਨੇ। ਜਗਨ ਨਾਥ ਬਲਦਾਂ ਨੂੰ ਤੇਜ਼ੀ ਨਾਲ ਹੱਕਣ ਲੱਗ ਪਿਆ ਸੀ, ਗੱਡੇ ਉੱਪਰ ਤਰਪਾਲ ਨਾਲ ਢਕੀ ਤੂੜੀ ਤਰਪਾਲ ਵਿੱਚ ਇੱਕ ਦੋ ਜਗ੍ਹਾ ਸੁਰਾਖ਼ ਹੋਣ ਕਾਰਣ ਹਨੇਰੀ ਝੱਖੜ੍ਹ ਨਾਲ ਉੱਡ ਰਹੀ ਸੀ । ਜਗਨ ਨਾਥ ਜਦੋਂ ਤੂੜੀ ਅੱਡੇ ਤੇ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਫੱਟੀ ਹੋਈ ਤਰਪਾਲ ਨੂੰ ਟਾਂਕੇ ਲਗਾਉਣ ਲੱਗ ਪਿਆ ਸੀ ਤਾਂ ਜੋ ਜ਼ਿਆਦਾ ਨੁਕਸਾਨ ਨਾ ਹੋਵੇ। ਜਦੋਂ ਹੀ ਜਗਨ ਨਾਥ ਅੱਧੇ ਪੌਣੇ ਘੰਟੇ ਬਾਅਦ ਤਰਪਾਲ ਨੂੰ ਸਿਲਾਈ ਕਰ ਕੇ ਵਿਹਲਾ ਹੋਇਆ ਮੀਂਹ ਸ਼ੁਰੂ ਹੋ ਗਿਆ ਸੀ। ਜਗਨ ਨਾਥ ਅਸਮਾਨ ਵਿੱਚ ਘੁਲ਼ ਚੁੱਕੇ ਬੱਦਲਾਂ ਨੂੰ ਦੇਖ ਕੇ ਘਬਰਾ ਗਿਆ ਸੀ, ਦਿਲ ਦੀ ਧੜਕਣ ਤੇਜ਼ ਹੋਣ ਲੱਗੀ ਸੀ, ਦੂਜੇ ਪਾਸੇ ਘਰਵਾਲੀ ਦੇ ਬੀਤੀ ਰਾਤੀਂ ਕਹੇ ਇਹ ਬੋਲ ਉਸਦੇ ਕੰਨਾਂ ਵਿੱਚ ਵਾਰ ਵਾਰ ਗੂੰਜ ਰਹੇ ਸਨ- ਸੁਣੋ ਜੀ……… ਤੁਸੀਂ ਪੈਸਿਆਂ ਦਾ ਬੰਦੋਬਸਤ ਕਰੋ।
ਜਗਨ ਨਾਥ ਮਨ ਹੀ ਮਨ ਸੋਚਣ ਲੱਗਾ- ਰੱਬਾ ਕਿਹੜੇ ਜਨਮ ਦਾ ਇਹ ਬਦਲਾ ਲੈ ਰਿਹਾ ਹੈਂ , ਜੇ ਸਮੇਂ ਸਿਰ ਕਪੜੇ ਤੇ ਹੋਰ ਜ਼ਰੂਰੀ ਸਮਾਨ ਦਾ ਬੰਦੋਬਸਤ ਕਰ ਧੀ ਦੇ ਸਹੁਰੇ ਘਰ ਨਾ ਪਹੁੰਚੇ ਤਾਂ ਬੜੀ ਬਦਨਾਮੀ ਹੋਵੇਗੀ, ਸਹੁਰਾ ਪਰਿਵਾਰ ਮੇਰੀ ਧੀ ਰਾਣੋ ਨੂੰ ਮਿਹਣੇ ਮਾਰੇਗਾ।
ਮੀਂਹ ਏਨਾ ਤੇਜ਼ ਹੋ ਗਿਆ ਸੀ ਕਿ ਜਗਨ ਨਾਥ ਤੂੜੀ ਦੇ ਫੱਟੀ ਪੁਰਾਣੀ ਤਰਪਾਲ ਵਿੱਚੋ ਗਿਲੀ ਹੋ ਜਾਣ ਦੇ ਡਰ ਤੋਂ ਬਲਦਾਂ ਨੂੰ ਹੱਕਦਾ ਹੋਇਆ ਸ਼ਹਿਰ ਦੀ ਅਨਾਜ ਮੰਡੀ ਦੇ ਸ਼ੈੱਡਾਂ ਵੱਲ ਨੂੰ ਗੱਡਾ ਲੈ ਕੇ ਹੋ ਤੁਰਿਆ ਸੀ। ਮੀਂਹ ਕਾਰਣ ਤੂੜੀ ਖ਼ਰੀਦਣ ਵਾਲਾ ਕੋਈ ਗ੍ਰਾਹਕ ਵੀ ਨਹੀਂ ਆਇਆ ਸੀ ਤੂੜੀ ਅੱਡੇ।
ਅਨਾਜ ਮੰਡੀ ਵਿੱਚ ਸ਼ੈੱਡ ਥੱਲੇ ਪਹੁੰਚ ਜਗਨ ਨਾਥ ਕੀ ਦੇਖਦਾ ਹੈ ਕਿ ਤੂੜੀ ਕਾਫੀ ਭਿੱਜ ਗਈ ਸੀ, ਅੱਜ ਸ਼ਾਮ ਤੱਕ ਮੰਡੀ ਵਿੱਚ ਹੀ ਗ੍ਰਾਹਕ ਦੀ ਉਡੀਕ ਵਿੱਚ ਬੈਠਾ ਰਿਹਾ ਸੋਚਿਆ ਚਾਹੇ ਕੋਈ ਘਾਟੇ ਵਾਲਾ ਗਾਹਕ ਵੀ ਆ ਗਿਆ ਤਾਂ ਤੂੜੀ ਵੇਚ ਦੇਵਾਂਗਾ ਤਾਂ ਜੋ ਲਾਗਤ ਦੇ ਪੈਸਿਆਂ ਵਿਚੋਂ ਹੀ ਧੀ ਦੇ ਸਹੁਰੇ ਪਰਿਵਾਰ ਸਮਾਨ ਖ੍ਰੀਦ ਕੇ ਲੈ ਜਾਵਾਂ, ਪਰ ਕੋਈ ਗ੍ਰਾਹਕ ਨਾ ਬਹੁੜਿਆ। ਸ਼ਾਮ ਨੂੰ ਮੰਡੀ ਵਿੱਚ ਲੱਗੇ ਪਿੱਪਲ ਦੇ ਰੁੱਖ ਨਾਲ ਬਲਦਾਂ ਦੀ ਜੋੜੀ ਬੰਨ੍ਹ ਉਹਨਾਂ ਲਈ ਕੁੱਝ ਹਰਾ ਤੂੜੀ ਵਿੱਚ ਰਲਾ ਕੇ ਮੰਡੀ ਦੇ ਚੌਕੀਦਾਰ ਨੂੰ ਧਿਆਨ ਰੱਖਣ ਲਈ ਕਹਿ ਕੇ ਜਗਨ ਨਾਥ ਖ਼ਾਲੀ ਹੱਥ ਹੀ ਪਿੰਡ ਵੱਲ ਨੂੰ ਹੋ ਤੁਰਿਆ ਸੀ।
ਘਰੇ ਪਹੁੰਚਣ ਤੇ ਘਰ ਵਾਲੀ ਨੇ ਬੁਰੀ ਤਰ੍ਹਾਂ ਟੁੱਟ ਚੁੱਕੇ ਜਗਨ ਨਾਥ ਦੇ ਹੱਥ ਪਾਣੀ ਦਾ ਗਿਲਾਸ ਫੜਾਇਆ ਤੇ ਜਗਨ ਨਾਥ ਦਾ ਮਾਯੂਸ ਚਿਹਰਾ ਦੇਖ ਅਸਮਾਨ ਵੱਲ ਨੂੰ ਦੇਖਦਿਆਂ ਕਹਿਣ ਲੱਗੀ ਰੱਬਾ ਏਨੀਂ ਗ਼ਰੀਬੀ ਵੀ ਨਾ ਕਿਸੇ ਨੂੰ ਦਿਆ ਕਰ ਜੋ ਇਨਸਾਨ ਸਾਰੀ ਉਮਰ ਕਰਜ਼ੇ ਦੇ ਭਾਰ ਹੇਠੋਂ ਨਾ ਉੱਠ ਸਕੇ। ਦਿਨ ਚੜਿਆ ਜਗਨ ਨਾਥ ਨਾ ਚਾਹੁੰਦੇ ਹੋਏ ਵੀ ਪਿੰਡ ਵਾਲੇ ਲਾਲੇ ਦੀ ਦੁਕਾਨ ਦੀ ਡਿਊੜੀ ਤੇ ਖੜਾ ਸੀ ਧੀ ਘਰ ਜਾਣ ਲਈ ਹੋਰ ਕਰਜ਼ਾ ਲੈਣ ਲਈ
ਨਿਰਮਲ ਸਿੰਘ ਨਿੰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly