ਸੁਸ਼ਮਾ ਨੇ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚਾਲੇ ਛੱਡੀ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਅਣਗੌਲਿਆਂ ਕਰਦਿਆਂ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਅੱਧਵਾਟੇ ਹੀ ਛੱਡ ਦਿੱਤਾ। ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ’ਚ ਤਾਜ਼ਾ ਤਣਾਅ ਦਰਮਿਆਨ ਇਸ ਬੈਠਕ ’ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹਾਜ਼ਰ ਸਨ। ਸੰਯੁਕਤ ਰਾਸ਼ਟਰ ਆਮ ਸਭਾ ਤੋਂ ਵੱਖ ਸਾਰਕ ਮੰਤਰੀਆਂ ਦੀ ਪ੍ਰੀਸ਼ਦ ਦੀ ਵੀਰਵਾਰ ਨੂੰ ਹੋਈ ਗ਼ੈਰਰਸਮੀ ਬੈਠਕ ’ਚ ਸ੍ਰੀਮਤੀ ਸਵਰਾਜ ਨੇ ਹਾਜ਼ਰੀ ਭਰੀ ਜਿਸ ਦੀ ਪ੍ਰਧਾਨਗੀ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਯਾਵਾਲੀ ਨੇ ਕੀਤੀ। ਆਪਣਾ ਬਿਆਨ ਦੇਣ ਮਗਰੋਂ ਸੁਸ਼ਮਾ ਸਵਰਾਜ ਬੈਠਕ ਤੋਂ ਉਠ ਕੇ ਚਲੇ ਗਏ ਜਿਸ ਦੀ ਆਲੋਚਨਾ ਕਰਦਿਆਂ ਕੁਰੈਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ,‘‘ਮੇਰੀ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਹਾਂ-ਪੱਖੀ ਨਜ਼ਰੀਏ ਨਾਲ ਆਖਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਉਹ ਬੈਠਕ ਵਿਚਾਲੇ ਛੱਡ ਕੇ ਚਲੇ ਗਏ, ਹੋ ਸਕਦਾ ਹੈ ਉਨ੍ਹਾਂ ਦੀ ਤਬੀਅਤ ਨਾਸਾਜ਼ ਹੋਵੇ।’’ ਭਾਰਤ ’ਤੇ ਅਸਿੱਧਾ ਹਮਲਾ ਕਰਦਿਆਂ ਉਸ ਨੇ ਕਿਹਾ ਕਿ ਇਕ ਮੁਲਕ ਦੇ ਅੜਿੱਕੇ ਅਤੇ ਰਵੱਈਏ ਕਰਕੇ ਸਾਰਕ ਦੀ ਭਾਵਨਾ ਅਸਫ਼ਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਸਵਰਾਜ ਨੇ ਭਾਸ਼ਨ ’ਚ ਖੇਤਰੀ ਸਹਿਯੋਗ ਬਾਰੇ ਜ਼ਿਕਰ ਕੀਤਾ ਹੈ ਅਤੇ ਖਿੱਤੇ ਦੇ ਮੁਲਕ ਇਕੱਠੇ ਬੈਠਣ ਲਈ ਰਾਜ਼ੀ ਹਨ ਪਰ ਭਾਰਤ ਵਾਰਤਾ ਅਤੇ ਵਿਚਾਰ ਵਟਾਂਦਰੇ ’ਚ ਅੜਿੱਕੇ ਪਾ ਰਿਹਾ ਹੈ। ਭਾਰਤੀ ਕੂਟਨੀਤਕ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਮੁਲਕ ਦਾ ਬਿਆਨ ਜਾਰੀ ਕਰਨ ਮਗਰੋਂ ਆਗੂਆਂ ਵੱਲੋਂ ਬੈਠਕਾਂ ਨੂੰ ਵਿਚਾਲੇ ਛੱਡ ਕੇ ਜਾਣਾ ਸਾਧਾਰਨ ਜਿਹੀ ਗੱਲ ਹੈ। ਸੂਤਰਾਂ ਨੇ ਕਿਹਾ ਕਿ ਸੁਸ਼ਮਾ ਸਵਰਾਜ ਤੋਂ ਇਲਾਵਾ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਵੀ ਪਹਿਲਾਂ ਬੈਠਕ ਨੂੰ ਵਿਚਾਲੇ ਛੱਡ ਕੇ ਚਲੇ ਗਏ ਸਨ।

Previous articleਆਨੰਦਪੁਰ ਸਾਹਿਬ-ਨੈਣਾ ਦੇਵੀ ਰੋਪਵੇਅ ਲਈ ਸਮਝੌਤਾ
Next articleਕਿਸਾਨ ਜਥੇਬੰਦੀ ਨੇ ਜ਼ਿਲ੍ਹਾ ਕਚਹਿਰੀ ਵਿੱਚ ਸਰਕਾਰ ਨੂੰ ਵੰਗਾਰਿਆ