(ਸਮਾਜ ਵੀਕਲੀ)
ਕਦੇ ਦਿੱਲੀ ਤੋਂ ਕੰਧਾਰ ਤੀਕਰ ਸੀ, ਰਾਜ ਪੰਜਾਬੀਆਂ ਦਾ
ਜਦੋਂ ਹੁੰਦਾ ਸੀ ਰਣਜੀਤ ਸਿੰਘ ਮਹਾਰਾਜ ਪੰਜਾਬੀਆਂ ਦਾ
ਅੱਜ ਪਈਆਂ ਵੰਡੀਆਂ ਦੇਖ ਕੇ ਜੀਅ ਕਰਦਾ ਕੁਰਲਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…
ਇੱਕੋ ਸੀ ਧਰਤੀ ਮਾਂ ਸਾਡੀ, ਅਸੀਂ ਪੁੱਤ ਪੰਜਾਬੀ ਸੀ
ਬੜਾ ਪਿਆਰ ਦਿਲਾਂ ਵਿੱਚ ਹੁੰਦਾ ਸੀ, ਮਿਲਣਾ ਆਦਾਬੀ ਸੀ
ਕਿੰਝ ਲਫ਼ਜ਼ਾਂ ਨਾਲ ਬਿਆਨ ਕਰਾਂ, ਸੰਤਾਲੀ ਦੇ ਘਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…
ਕੁੱਝ ਚੌਧਰ ਦਿਆਂ ਭੁੱਖਿਆਂ ਨੇ ਹੀ ਵੰਡ ਐਸੀ ਪਾਈ ਸੀ
ਸੀ ਵਿੱਛੜ ਗਏ ਪੁੱਤ ਮਾਵਾਂ ਤੋਂ, ਭਾਈਆਂ ਤੋਂ ਭਾਈ ਸੀ
ਕਈ ਤੜਪਣ ਜਾਮਾ ਮਸਜਿਦ ਨੂੰ, ਤੇ ਕਈ ਨਨਕਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…
ਪਹਿਲਾਂ ਵੰਡ ਗੋਰਿਆਂ, ਲਹਿੰਦੇ ਤੇ ਚੜ੍ਹਦੇ ਦੀ ਪਾਈ ਸੀ
ਫਿਰ ਆਪਣਿਆਂ ਨੇ ਹੀ ਰਹਿੰਦੀ ਖੂੰਹਦੀ ਕਸਰ ਮੁਕਾਈ ਸੀ
ਵਿੱਚੋਂ ਕੱਢ ਬਣਵਾ ‘ਤਾ ਹਿਮਾਚਲ, ਦੂਜਾ ਹਰਿਆਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ਤੇ, ਪੰਜਾਬ ਪੁਰਾਣੇ ਨੂੰ…
ਸਰਹੱਦ ਉੱਤੇ ਜਾ ਵੇਖਿਆ ਮੈਂ , ਉਸ ਪਾਰ ਨਜ਼ਾਰਾ ਜੋ
ਮੈਨੂੰ ਫਰਕ ਰਤਾ ਨਹੀਂ ਲੱਗਿਆ, ਏਥੇ ਈ ਵਰਗਾ ਸਾਰਾ ਉਹ
ਸੀ ਵੇਖ ਇੱਕੋ ਜਿਹੇ ਚੇਹਰੇ ਇੱਕੋ ਈ ਬੋਲੀ, ਬਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…
ਐ ਮੌਲ਼ਾ ! ਲਹਿੰਦੇ-ਚੜ੍ਹਦੇ ਦੀ, ਲਕੀਰ ਮਿਟਾ ਦੇ ਤੂੰ
ਇਸ ਟੁਕੜੇ ਹੋਏ ਪੰਜਾਬ ਨੂੰ ਮੁੜ ਕੇ ਇੱਕ ਬਣਾ ਦੇ ਤੂੰ
ਕਿੰਝ “ਦੂਹੜਿਆਂ ਵਾਲਾ” ਮੰਨ ਕੇ ਬੈਠਾ, ਤੇਰੇ ਭਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…
ਖੁਸ਼ੀ (ਦੂਹੜਿਆਂ ਵਾਲਾ)
(M): 97790-25356
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly