ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪਹਿਲੀ ਨਵੰਬਰ ਨੂੰ ਗ਼ਦਰੀ ਬਾਬਿਆਂ ਦੇ ਮੇਲੇ ‘ਤੇ ਵਹੀਰਾਂ ਘੱਤ ਕੇ ਜਲੰਧਰ ਪੁੱਜਣ ਦਾ ਸੱਦਾ

ਚੰਡੀਗੜ੍ਹ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਦੁਆਰਾ ਗ਼ਦਰੀ ਬਾਬਿਆਂ ਦੀ ਯਾਦ ‘ਚ ਹਰ ਸਾਲ ਮਨਾਏ ਜਾਂਦੇ ਮੇਲੇ ‘ਤੇ ਪਹਿਲੀ ਨਵੰਬਰ ਨੂੰ ਝੰਡੇ ਦੀ ਰਸਮ ਮੌਕੇ ਸਮੂਹ ਕਿਸਾਨਾਂ ਮਜ਼ਦੂਰਾਂ, ਜਨਤਕ ਜੁਝਾਰੂਆਂ, ਲੋਕ-ਪੱਖੀ ਕਲਾਕਾਰਾਂ ਸਮੇਤ ਜਮਹੂਰੀ ਤੇ ਇਨਸਾਫਪਸੰਦ ਲੋਕਾਂ ਨੂੰ ਵਹੀਰਾਂ ਘੱਤ ਕੇ ਠੀਕ 9 ਵਜੇ ਜਲੰਧਰ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸੰਬੰਧੀ ਅੱਜ ਇੱਥੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਐਤਕੀਂ ਦਾ ਮੇਲਾ ਸਾਮਰਾਜਵਾਦ ਅਤੇ ਫਿਰਕੂ-ਫਾਸ਼ੀ ਤਾਕਤਾਂ ਵਿਰੁੱਧ ਜੂਝ ਰਹੀਆਂ ਲੋਕ-ਲਹਿਰਾਂ ਨੂੰ ਸਮਰਪਿਤ ਕੀਤਾ ਗਿਆ ਹੈ।

ਅਜੋਕੇ ਸਮੇਂ ਇਸ ਮੇਲੇ ਦੀ ਹੋਰ ਵੀ ਗਹਿਰੀ ਮਹੱਤਤਾ ਹੈ, ਜਦੋਂ ਦੇਸ਼ ਦੀ ਕੇਂਦਰੀ ਹਕੂਮਤ ਅਤੇ ਸੂਬਾਈ ਹਕੂਮਤਾਂ ਸਾਮਰਾਜੀ ਕਾਰਪੋਰੇਟਾਂ ਪੱਖੀ ਨੀਤੀਆਂ ਨੂੰ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ‘ਤੇ ਮੜ੍ਹਨ ਲਈ ਤਰਲੋ ਮੱਛੀ ਹੋ ਰਹੀਆਂ ਹਨ। ਗ਼ਦਰੀ ਜੁਝਾਰੂਆਂ ਵੱਲੋਂ ਅੰਗਰੇਜ਼ ਸਾਮਰਾਜੀਆਂ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਕੀਤੀਆਂ ਗਈਆਂ ਲਾਮਿਸਾਲ ਕੁਰਬਾਨੀਆਂ ਤੋਂ ਮਿਲਦੀ ਪ੍ਰੇਰਨਾ ਨੂੰ ਸਮਝੇ ਬਗੈਰ ਅੱਜ ਦੇ ਸਾਮਰਾਜਵਾਦ ਤੇ ਫਿਰਕੂ-ਫਾਸ਼ੀ ਵਿਰੋਧੀ ਘੋਲਾਂ ਵਿੱਚ ਬਣਦਾ ਰੋਲ ਨਿਭਾਉਣਾ ਮੁਸ਼ਕਿਲ ਹੈ। ਵਿਦੇਸ਼ਾਂ ਵਿੱਚ ਪੜ੍ਹਾਈਆਂ ਅਤੇ ਕਮਾਈਆਂ ਕਰਨ ਗਏ ਕਰਤਾਰ ਸਰਾਭੇ,ਗੁਲਾਬ ਕੌਰ ਅਤੇ ਭਗਤ ਸਿੰਘ ਬਿਲਗਾ ਵਰਗੇ ਸੈਂਕੜੇ ਗ਼ਦਰੀ ਯੋਧੇ ਪੜ੍ਹਾਈਆਂ, ਕਮਾਈਆਂ ਤੇ ਇੱਥੋਂ ਤੱਕ ਕਿ ਵੱਡੇ-ਵੱਡੇ ਖੇਤੀ ਫਾਰਮਾਂ ਨੂੰ ਲੱਤ ਮਾਰ ਕੇ ਵਾਪਸ ਦੇਸ਼ ਪਰਤੇ ਅਤੇ ਸਾਮਰਾਜ ਵਿਰੋਧੀ ਲਹਿਰ ਵਿੱਚ ਜਾਨਾਂ ਤਲੀ ‘ਤੇ ਰੱਖ ਕੇ ਆਖਰੀ ਦਮ ਤੱਕ ਜੂਝੇ।

ਧਰਮਾਂ, ਜਾਤਾਂ ਤੇ ਹੋਰ ਹਰ ਕਿਸਮ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਫਾਂਸੀਆਂ ‘ਤੇ ਝੂਲੇ, ਹਿੱਕਾਂ ‘ਚ ਗੋਲੀਆਂ ਖਾਧੀਆਂ, ਕਾਲੇ ਪਾਣੀਆਂ ਦੀਆਂ ਜੇਲ੍ਹਾਂ ਕੱਟੀਆਂ ਅਤੇ ਸਾਮਰਾਜੀ ਜਰਵਾਣਿਆਂ ਦੇ ਅਣਮਨੁੱਖੀ ਤਸੀਹੇ ਵੀ ਝੱਲੇ। ਉਨ੍ਹਾਂ ਦੱਸਿਆ ਕਿ ਇਹ ਸਾਲਾਨਾ ਜੋੜ-ਮੇਲਾ ਲੋਕ ਹਿਤਾਂ ਖਾਤਰ ਹਰ ਯੁੱਗ ਦੇ ਸਾਮਰਾਜੀ ਜਰਵਾਣਿਆਂ ਵਿਰੁੱਧ ਜਾਨਾਂ ਤਲੀ ‘ਤੇ ਧਰ ਕੇ ਜੂਝਣ ਵਾਲੇ ਸਾਰੇ ਜੁਝਾਰੂਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਨ ਦਾ ਚਿੰਨ੍ਹ ਬਣ ਚੁੱਕਿਆ ਹੈ। ਇਸ ਲਈ ਜਥੇਬੰਦੀ ਵੱਲੋਂ ਆਪਣੀ ਰਵਾਇਤ ਅਨੁਸਾਰ ਐਤਕੀਂ ਵੀ ਸੈਂਕੜੇ ਕਿਸਾਨਾਂ ਦੇ ਕਾਫਲੇ ਸੰਘਰਸ਼ ਦੇ ਪ੍ਰਤੀਕ ਝੰਡਿਆਂ ਸਮੇਤ ਇਸ ਯਾਦਗਾਰੀ ਮੇਲੇ ਦੀ ਝੰਡੇ ਦੀ ਰਸਮ ਵਿੱਚ ਸ਼ਾਮਿਲ ਹੋ ਰਹੇ ਹਨ। ਕਿਸਾਨ ਆਗੂਆਂ ਨੇ ਸਾਰੇ ਕਿਸਾਨ ਕਾਫ਼ਲਿਆਂ ਨੂੰ ਠੀਕ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਸਭ ਤੋਂ ਛੋਟੀ ਉਮਰ ਦੇ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 107ਵਾਂ ਸ਼ਹੀਦੀ ਦਿਹਾੜਾ 16 ਨਵੰਬਰ ਨੂੰ ਵੱਡਾ ਇਕੱਠ ਕਰਕੇ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ।

ਜਾਰੀ ਕਰਤਾ: ਸੁਖਦੇਵ ਸਿੰਘ ਕੋਕਰੀ ਕਲਾਂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ ਵਿੱਚ ਸਮੇਂ ਦੀ ਮਹੱਤਤਾ
Next articleCongress’ US supporters hold their version of ‘Bharat Jodo Yatra’ in New York