ਪਾਕਿਸਤਾਨ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਵੱਲੋਂ ਮੰਗਲਵਾਰ ਨੂੰ ਏਸ਼ੀਆ ਕੱਪ ਲਈ ਐਲਾਨ ਗਈ 16 ਮੈਂਬਰੀ ਟੀਮ ਵਿੱਚ ਹਰਫ਼ਨਮੌਲਾ ਮੁਹੰਮਦ ਹਫ਼ੀਜ਼ ਤੇ ਇਮਾਦ ਵਸੀਮ ਨੂੰ ਜਗ੍ਹਾ ਨਹੀਂ ਮਿਲ ਸਕੀ ਹੈ। ਛੇ ਦੇਸ਼ਾਂ ਵਿਚਕਾਰ ਖੇਡਿਆ ਜਾਣ ਵਾਲਾ ਇਹ ਕੱਪ ਦੁਬਈ ਤੇ ਆਬੂਧਾਬੀ ਵਿੱਚ ਹੋਵੇਗਾ। ਜਦਕਿ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਾਨ ਮਸੂਦ ਨੂੰ ਮੌਕਾ ਦਿੱਤਾ ਗਿਆ ਹੈ। ਮਸੂਦ ਨੂੰ ਇਕ ਦਿਨਾ ਮੈਚਾਂ ਲਈ ਇਹ ਪਹਿਲਾ ਮੌਕਾ ਦਿੱਤਾ ਗਿਆ ਹੈ। ਉਸ ਨੇ ਦੋ ਘਰੇਲੂ ਇਕ ਦਿਨਾ ਟੂਰਨਾਮੈਂਟਾਂ ਵਿੱਚ 1200 ਤੋਂ ਵੱਧ ਦੌੜਾਂ ਬਣਾਈਆਂ ਹਨ। ਮੁੱਖ ਚੋਣਕਾਰ ਇੰਜ਼ਮਾਮ-ਉੱਲ-ਹੱਕ ਨੇ ਕਿਹਾ ਕਿ ਸਰਫ਼ਰਾਜ਼ ਅਹਿਮਦ ਟੀਮ ਦੀ ਅਗਵਾਈ ਕਰਨਗੇ। ਪਾਕਿ ਟੀਮ 16 ਸਤੰਬਰ ਨੂੰ ਵਾਈਲਡ ਕਾਰਡ ਦਾਖ਼ਲਾ ਪਾਉਣ ਵਾਲੀ ਟੀਮ ਨਾਲ ਭਿੜੇਗੀ ਤੇ ਉਸ ਤੋਂ ਬਾਅਦ ਉਸ ਦਾ ਭੇੜ ਰਵਾਇਤੀ ਵਿਰੋਧੀ ਭਾਰਤ ਨਾਲ ਹੋਵੇਗਾ। ਹਫ਼ੀਜ਼ (37) ਜੁਲਾਈ ਵਿੱਚ ਜ਼ਿੰਬਾਵਬੇ ਖ਼ਿਲਾਫ਼ ਹੋਈ ਲੜੀ ਦਾ ਹਿੱਸਾ ਸਨ, ਜਿਸ ਨੂੰ ਪਾਕਿ ਨੇ 5-0 ਨਾਲ ਜਿੱਤਿਆ ਸੀ। ਹਾਲਾਂਕਿ ਉਨ੍ਹਾਂ ਕੋਈ ਮੈਚ ਨਹੀਂ ਖੇਡਿਆ। ਇੰਜ਼ਮਾਮ ਨੇ ਕਿਹਾ ਕਿ ਖਿਡਾਰੀਆਂ ਦਾ ਫਿਟਨੈੱਸ ਟੈਸਟ ਲਿਆ ਗਿਆ ਹੈ। ਏਸ਼ੀਆ ਕੱਪ 15 ਸਤੰਬਰ ਨੂੰ ਆਰੰਭ ਹੋਵੇਗਾ। ਇਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਅਫ਼ਗਾਨਿਸਤਾਨ ਤੇ ਇਕ ਕੁਆਲੀਫਾਈ ਕਰਨ ਵਾਲੀ ਟੀਮ ਹਿੱਸਾ ਲਵੇਗੀ। ਛੇ ਟੀਮਾਂ ਦਾ ਕੁਆਲੀਫਾਇੰਗ ਗੇੜ ਹਾਂਗਕਾਂਗ, ਸਿੰਗਾਪੁਰ, ਨੇਪਾਲ, ਯੂਏਈ, ਓਮਾਨ ਤੇ ਮਲੇਸ਼ੀਆ ਵਿਚਾਲੇ ਕੁਆਲਾਲੰਪੁਰ ਵਿੱਚ ਖੇਡਿਆ ਜਾ ਰਿਹਾ ਹੈ। ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਟੀਮ ਇਸ ਤਰ੍ਹਾਂ ਹੈ: ਸਰਫ਼ਰਾਜ਼ ਅਹਿਮਦ (ਕਪਤਾਨ), ਫਖ਼ਰ ਜ਼ਮਾਨ, ਇਮਾਮ-ਉੱਲ-ਹੱਕ, ਸ਼ਾਨ ਮਸੂਦ, ਬਾਬਰ ਆਜ਼ਮ, ਸ਼ੋਏਬ ਮਲਿਕ, ਆਸਿਫ਼ ਅਲੀ, ਹੈਰਿਸ ਸੋਹੇਲ, ਸ਼ਾਦਾਬ ਖ਼ਾਨ, ਮੁਹੰਮਦ ਨਵਾਜ਼, ਫਾਹੀਮ ਅਸ਼ਰਫ਼, ਹਸਨ ਅਲੀ, ਮੁਹੰਮਦ ਅਮੀਰ, ਜੁਨੈਦ ਖ਼ਾਨ, ਉਸਮਾਨ ਖ਼ਾਨ ਸ਼ਿਨਵਰੀ ਤੇ ਸ਼ਾਹੀਨ ਸ਼ਾਹ ਅਫ਼ਰੀਦੀ।
Sports ਏਸ਼ੀਆ ਕੱਪ: ਪਾਕਿ ਵੱਲੋਂ 16 ਮੈਂਬਰੀ ਟੀਮ ਦਾ ਐਲਾਨ