ਖੇਡ ਮੰਤਰਾਲੇ ਨੇ ਏਸ਼ਿਆਈ ਖੇਡਾਂ ਲਈ 804 ਮੈਂਬਰੀ ਟੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਉਸ ਨੇ ਨਾਲ ਹੀ ਕਿਹਾ ਹੈ ਕਿ ਉਹ ਸਿਰਫ਼ 755 ਮੈਂਬਰਾਂ ਦਾ ਖਰਚ ਹੀ ਚੁੱਕੇਗਾ ਜਦਕਿ 232 ’ਚੋਂ 49 ਅਧਿਕਾਰੀਆਂ ਦਾ ਖਰਚਾ ਸਰਕਾਰ ਨਹੀਂ ਚੁੱਕੇਗੀ। ਮੰਤਰਾਲੇ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਭੇਜੇ ਗਏ ਸਾਰੇ ਖਿਡਾਰੀਆਂ ਤੇ ਅਧਿਕਾਰੀਆਂ ਦੇ ਨਾਂ ਮਨਜ਼ੂਰ ਕਰ ਲਏ ਹਨ, ਪਰ ਇਹ ਵੀ ਕਿਹਾ ਹੈ ਕਿ 49 ਅਧਿਕਾਰੀ ਆਪਣੀ ਐਸੋਸੀਏਸ਼ਨ ਦੇ ਖਰਚੇ ’ਤੇ ਜਾ ਸਕਦੇ ਹਨ। ਸਰਕਾਰ 752 ਖਿਡਾਰੀਆਂ, 183 ਅਧਿਕਾਰੀਆਂ, 119 ਕੋਚਾਂ, 21 ਡਾਕਟਰਾਂ ਤੇ ਫਿਜ਼ੀਓ ਅਤੇ 43 ਹੋਰ ਦਾ ਖਰਚਾ ਚੁੱਕੇਗੀ। ਇਹ 572 ਖਿਡਾਰੀ 36 ਖੇਡਾਂ ’ਚ ਹਿੱਸਾ ਲੈਣਗੇ ਜਿਨ੍ਹਾਂ ’ਚ 312 ਪੁਰਸ਼ ਤੇ 260 ਮਹਿਲਾਵਾਂ ਹਨ। ਸਰਕਾਰ 26 ਮੈਨੇਜਰਾਂ ਦਾ ਖਰਚਾ ਨਹੀਂ ਚੁੱਕੇਗੀ, ਜਿਨ੍ਹਾਂ ਦੇ ਨਾਂ ਆਈਓਏ ਨੇ ਭੇਜੇ ਸੀ। ਇਨ੍ਹਾਂ ਤੋਂ ਇਲਾਵਾ ਤਿੰਨ ਕੋਚਾਂ ਤੇ 20 ਹੋਰ ਅਧਿਕਾਰੀਆਂ ਨੂੰ ਵੀ ਇਸੇ ਸ਼ਰਤ ’ਤੇ ਮਨਜ਼ੂਰੀ ਦਿੱਤੀ ਗਈ ਹੈ ਕਿ ਉਨ੍ਹਾਂ ਦਾ ਖਰਚਾ ਸਰਕਾਰ ਨਹੀਂ ਚੁੱਕੇਗੀ। ਆਈਓਏ ਨੇ ਸੋਮਵਾਰ ਨੂੰ ਸੂਚੀ ਸਰਕਾਰ ਕੋਲ ਭੇਜੀ ਸੀ ਅਤੇ ਬਿਨਾਂ ਕਿਸੇ ਵਿਵਾਦ ਦੇ ਇਨ੍ਹਾਂ ਨੂੰ ਹਰੀ ਝੰਡੀ ਮਿਲ ਗਈ।
ਖੇਡ ਮੰਤਰਾਲੇ ਨੇ ਆਈਓਏ ਦੇ 12 ਮੈਂਬਰਾਂ ਦੀ ਟੀਮ ਨੂੰ ਵੀ ਸਰਕਾਰ ਖਰਚੇ ’ਤੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ’ਚ ਟੀਮ ਦੇ ਮੁਖੀ ਅਤੇ ਚਾਰ ਉੱਪ ਮੁਖੀ ਸ਼ਾਮਲ ਹਨ। ਆਈਓਏ ਨੇ ਕਿਹਾ ਕਿ ਉਸ ਦੀ 12 ਮੈਂਬਰੀ ਟੀਮ ਨੂੰ ਸਰਕਾਰ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ ਕਿਉਂਕਿ ਉਸ ਨੂੰ ਉਹ ਆਪਣੇ ਖਰਚੇ ’ਤੇ ਭੇਜੇਗਾ। ਉਨ੍ਹਾਂ ਮੰਤਰਾਲੇ ਨੂੰ ਸੂਚੀ ਨਹੀਂ ਭੇਜੀ ਸੀ ਜਿਸ ਨੇ ਰਾਜ ਕੁਮਾਰ ਸੰਚੇਤੀ ਨੂੰ ਟੀਮ ਦਾ ਉੱਪ ਮੁਖੀ ਬਣਾਏ ਜਾਣ ’ਤੇ ਇਤਰਾਜ਼ ਜਤਾਇਆ ਸੀ।
ਖੇਡ ਮੰਤਰਾਲੇ ਵੱਲੋਂ ਆਈਓਏ ਨੂੰ ਭੇਜੇ ਆਪਣੇ ਪੱਤਰ ’ਚ ਕਿਹਾ ਗਿਆ ਹੈ ਕਿ ਸਰਕਾਰ ਸਿਰਫ਼ 755 ਮੈਂਬਰਾਂ ਦਾ ਖਰਚ ਚੁੱਕੇਗੀ, ਜਿਸ ’ਚ ਹਵਾਈ ਕਿਰਾਇਆ, ਵੀਜ਼ਾ ਫੀਸ ਆਦਿ ਸ਼ਾਮਲ ਹੈ। ਆਈਓਏ ਵੱਲੋਂ ਭੇਜੀ ਗਈ 122 ਕੋਚਾਂ ਦੇ ਨਾਂ ਦੀ ਸੂਚੀ ’ਚੋਂ ਤਿੰਨ ਦਾ ਖਰਚ ਸਰਕਾਰ ਨਹੀਂ ਝੱਲੇਗੀ। ਅਥਲੈਟਿਕਸ ਟੀਮ ’ਚੋਂ ਸੱਤ ਖਿਡਾਰੀਆਂ ਦਾ ਖਰਚਾ ਸਰਕਾਰ ਨਹੀਂ ਚੁੱਕੇਗੀ। ਤੇਜ਼ ਦੌੜਾਕ ਦੁੱਤੀ ਚੰਦ ਦੇ ਕੋਚ ਰਮੇਸ਼ ਸਿੰਘ ਤੇ 400 ਮੀਟਰ ਦੇ ਕੋਚ ਬਸੰਤ ਸਿੰਘ ਦਾ ਖਰਚ ਚੁੱਕਣ ਤੋਂ ਸਰਕਾਰ ਨੇ ਇਨਕਾਰ ਕੀਤਾ ਹੈ। ਕੁਰਾਸ਼ ਟੀਮ ਦੇ ਛੇ ਅਧਿਕਾਰੀਆਂ ਨੂੰ ਵੀ ‘ਪੀ’ ਕਾਰਡ ਵਰਗ ’ਚ ਮਨਜ਼ੂਰੀ ਮਿਲੀ ਹੈ। ਇਸੇ ਤਰ੍ਹਾਂ ਹੈਂਡਬਾਲ ਦੇ 10 ’ਚੋਂ ਪੰਜ ਅਧਿਕਾਰੀ ਆਪਣੇ ਖਰਚ ’ਤੇ ਜਾਣਗੇ। ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਪੀਵੀ ਸਿੰਧੂ ਦੇ ਫਿਜ਼ੀਓ ਟੀਮ ’ਚ ਸ਼ਾਮਲ ਹਨ ਤੇ ਉਨ੍ਹਾਂ ਦਾ ਖਰਚਾ ਸਰਕਾਰ ਚੁੱਕੇਗੀ।
Sports ਏਸ਼ਿਆਈ ਖੇਡਾਂ: ਖੇਡ ਮੰਤਰਾਲੇ ਵੱਲੋਂ 804 ਮੈਂਬਰੀ ਟੀਮ ਮਨਜ਼ੂਰ