ਸਰਵੋਤਮ ਖਿਡਾਰੀਆਂ ਨੂੰ ਇਨਾਮ ਵਜੋਂ ਸਾਈਕਲਾਂ, 4 ਸਖਸ਼ੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ 9ਵੀਂ ਗੁਰੂ ਗੋਬਿੰਦ ਸਿੰਘ ਸਬ ਜੂਨੀਅਰ ਅਤੇ ਜੂਨੀਅਰ ਹਾਕੀ ਚੈਂਪੀਅਨਸ਼ਿਪ 1-2 ਅਤੇ 3 ਦਸੰਬਰ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀਏਯੂ ਵਿਖੇ ਕਰਵਾਈ ਜਾਵੇਗੀ। ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਮਿਨਹਾਸ , ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਗਰਾਸ ਰੂਟ ਤੇ ਹਾਕੀ ਨੂੰ ਮਜਬੂਤ ਕਰਨ ਲਈ ਨੌਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਸਬ ਜੂਨੀਅਰ ਅਤੇ ਜੂਨੀਅਰ ਮੁਕਾਬਲਿਆਂ ਦੇ ਰੂਪ ਵਿੱਚ ਕਰਵਾਈ ਜਾਵੇਗੀ । ਇਸ ਚੈਂਪੀਅਨਸ਼ਿਪ ਵਿੱਚ ਅੰਡਰ 17 ਸਾਲ ਲੜਕੀਆਂ ਦੇ ਮੁਕਾਬਲੇ, ਅੰਡਰ 19 ਸਾਲ ਮੁੰਡਿਆਂ ਦੇ ਮੁਕਾਬਲੇ ਅਤੇ ਅੰਡਰ 17 ਸਾਲ ਸਬ ਜੂਨੀਅਰ ਮੁੰਡਿਆਂ ਦੇ ਹਾਕੀ ਮੁਕਾਬਲੇ ਕਰਵਾਏ ਜਾਣਗੇ । ਕੁਲ 18 ਟੀਮਾਂ ਇਸ ਚੈਂਪੀਅਨਸ਼ਿਪ ਦੇ ਵਿੱਚ ਖੇਡਣਗੀਆਂ ।ਹਰ ਵਰਗ ਵਿੱਚ 6-6 ਟੀਮਾਂ ਨੂੰ ਐਂਟਰੀ ਦਿੱਤੀ ਜਾਵੇਗੀ । ਇਹ ਚੈਂਪੀਅਨਸ਼ਿਪ ਲੀਗ ਕਮ- ਨਾਕ ਆਉਟ ਪ੍ਰਣਾਲੀ ਦੇ ਅਧਾਰ ਤੇ ਹੋਵੇਗੀ ਇਸ ਚੈਂਪੀਅਨਸ਼ਿਪ ਦਾ ਮੁੱਖ ਮਕਸਦ ਲੁਧਿਆਣਾ ਜਿਲ੍ਹੇ ਦੇ ਸਕੂਲੀ ਬੱਚਿਆਂ ਦੀ ਹਾਕੀ ਨੂੰ ਮਜਬੂਤ ਕਰਨਾ ਹੋਵੇਗਾ । ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਨਗਦ ਰਾਸ਼ੀ , ਮੈਡਲ ਜੇਤੂ ਗੋਲਡ ਟਰਾਫੀ ਅਤੇ ਸਰਵੋਤਮ ਖਿਡਾਰੀਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਸੇਵਾਵਾਂ ਦੇਣ ਵਾਲੀਆਂ 4 ਸ਼ਖਸੀਅਤਾਂ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ, ਜਿਲ੍ਹਾ ਖੇਡ ਅਫਸਰ ਕੁਲਦੀਪ ਚੁੱਗ , ਸਿੱਖਿਆ ਵਿਭਾਗ ਦੇ ਜਿਲ੍ਹਾ ਖੇਡ ਕੋਆਡੀਨੇਟਰ ਕੁਲਵੀਰ ਸਿੰਘ, ਸਟੇਟ ਐਵਾਰਡੀ ,ਸਟੇਟ ਖੇਡ ਕਮੇਟੀ ਮੈਂਬਰ ਅਜੀਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਵਿੰਦਰ ਸਿੰਘ ਕਾਲਾ ਕਬੱਦੀ ਅਤੇ ਕੌਮੀ ਖਿਡਾਰਨ ਬਲਜੀਤ ਕੌਰ ਜੋ ਮਾਸਟਰਜ਼ ਖੇਡਾਂ ਹਾਂਗਕਾਂਗ ਵਿਖੇ ਭਾਰਤੀ ਹਾਕੀ ਟੀਮ ਦੀ ਪ੍ਰਤਿਨਿਧਤਾਂ ਕਰ ਰਹੇ ਹਨ ਉਹਨਾਂ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੋਚ ਗੁਰਤੇਗ ਸਿੰਘ ਲਾਡੀ ਨੂੰ ਟੂਰਨਾਮੈਂਟ ਦਾ ਤਕਨੀਕੀ ਡਾਇਰੈਕਟਰ ਬਣਾਇਆ ਗਿਆ ਹੈ ਜਦਕਿ ਗੁਰਸਤਿੰਦਰ ਸਿੰਘ ਪਰਗਟ ਟੂਰਨਾਂਮੈਂਟ ਦਾ ਸਹਾਇਕ ਕੋਆਰਡੀਨੇਟਰ ਨਿਯੁਕਤ ਕੀਤਾ।ਇਹ ਹਾਕੀ ਚੈਂਪੀਅਨਸ਼ਿੱਪ ਪੰਜਾਬ ਖੇਡ ਵਿਭਾਗ, ਜਿਲ੍ਹਾ ਹਾਕੀ ਐਸੋਸ਼ੀਏਸ਼ਨ,ਜਰਖੜ ਹਾਕੀ ਅਕੈਡਮੀ ਅਤੇ ਹੋਰ ਹਾਕੀ ਪ੍ਰੇਮੀਆਂ ਦੇ ਸਹਿਯੋਗ ਨਾਲ ਨੇਪਰੇ ਚਾੜੀ ਜਾਵੇਗੀ। ਟੂਰਨਾਂਮੈਂਟ ਨੂੰ ਸਫਲਤਾ ਪੂਰਕ ਨੇਪਰੇ ਚਾੜ੍ਹਨ ਲਈ ਗੁਰਦੀਪ ਸਿੰਘ ਜਿਲਾ ਖੇਡ ਅਫਸਰ ਫਿਰੋਜ਼ਪੁਰ , ਓਲੰਪੀਅਨ ਹਰਦੀਪ ਸਿੰਘ ਗਰੇਵਾਲ,ਸੁੱਖਵਿੰਦਰ ਸਿੰਘ ਫੋਜੀ, ਹੁਕਮ ਸਿੰਘ ਗੁਰੂ ਨਾਨਕ ਕਾਰ ਬਜ਼ਾਰ,ਹਰਮੀਤ ਸਿੰਘ ਜਰਖੜ ਹਾਕੀ ਕੋਚ ,ਮਨਪ੍ਰੀਤ ਸਿੰਘ ਮੁੰਡੀਆ, ਦੇਵਿੰਦਰ ਸਿੰਘ ਕਾਲਾ ਘੁੰਮਣ, ਨਰਿੰਦਰ ਸਿੰਘ ਹੈਬੋਵਾਲ, ਇਕਬਾਲ ਸਿੰਘ ਬਾੜੇਵਾਲ, ਭੁਪਿੰਦਰ ਸਿੰਘ ਹੈਬੋਵਾਲ ਆਦਿ ਹੋਰ ਪ੍ਰਬੰਧਕ ਤਨ ਮਨ ਧਨ ਨਾਲ ਸਹਿਯੋਗ ਦੇ ਰਹੇ ਹਨ। ਪਰਗਟ ਸਿੰਘ ਨੇ ਦੱਸਿਆ ਕਿ ਵੱਖ ਵੱਖ ਟੀਮਾਂ ਦੇ ਮੈਚਾਂ ਦਾ ਪ੍ਰੋਗਰਾਮ 29 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ।



