ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ 1984 ਸਿੱਖ ਨਸਲਕੁਸ਼ੀ ਕੇਸ ’ਚ ਸਜ਼ਾਯਾਫ਼ਤਾ ਸਾਬਕਾ ਵਿਧਾਇਕ ਮਹੇਂਦਰ ਯਾਦਵ (70) ਦੀ ਕਰੋਨਾ ਲਾਗ ਕਾਰਨ ਇੱਥੇ ਇੱਕ ਹਸਪਤਾਲ ’ਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਰੋਨਾ ਕਾਰਨ ਮੰਡੌਲੀ ਜੇਲ੍ਹ ਦੇ ਕੈਦੀ ਦੀ ਹੋਈ ਇਹ ਦੂਜੀ ਮੌਤ ਹੈ। ਪਹਿਲੀ ਮੌਤ ਕੰਵਰ ਸਿੰਘ ਨਾਂ ਦੇ ਕੈਦੀ ਦੀ 15 ਜੂਨ ਨੂੰ ਹੋਈ ਸੀ।
ਮੰਡੌਲੀ ਜੇਲ੍ਹ ’ਚ ਦਸ ਸਾਲਾਂ ਦੀ ਸਜ਼ਾ ਭੁਗਤ ਰਹੇ ਮਹੇਂਦਰ ਯਾਦਵ ਨੂੰ 26 ਜੂਨ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ ਨੇ ਦੱਸਿਆ ਕਿ ਯਾਦਵ ਨੇ 26 ਜੂਨ ਨੂੰ ਬੈਚੇਨੀ ਅਤੇ ਦਿਲ ਸਬੰਧੀ ਵਿਗਾੜ ਹੋਣ ਦੀ ਸ਼ਿਕਾਇਤ ਕੀਤੀ, ਜਿਸ ਮਗਰੋਂ ਉਸਨੂੰ
ਡੀ.ਡੀ.ਯੂ. ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਐੱਲ.ਐੱਨ.ਜੇ.ਪੀ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਪਰਿਵਾਰ ਵੱਲੋਂ ਬੇਨਤੀ ਕਰਨ ’ਤੇ ਉਸ ਨੂੰ ਦਵਾਰਕਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਉਣ ਦੀ ਆਗਿਆ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਾਕਾਸ਼ ਹਸਪਤਾਲ ’ਚ ਮਹੇਂਦਰ ਯਾਦਵ ਦੀ ਮੌਤ ਹੋਣ ਦੀ ਖ਼ਬਰ ਉਨ੍ਹਾਂ ਨੂੰ ਸ਼ਨਿਚਰਵਾਰ ਮਿਲੀ। ਅਧਿਕਾਰੀਆਂ ਮੁਤਾਬਕ ਮਹੇਂਦਰ ਯਾਦਵ ਦਸੰਬਰ 2018 ਤੋਂ ਜੇਲ੍ਹ ਵਿੱਚ ਸੀ।