79 ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਹਰਪਾਲ ਚੀਮਾ ਨੂੰ ਮਿਲਿਆ ਵਫ਼ਦ

ਚੰਡੀਗੜ੍ਹ : ਹਰਿਆਣਾ ਦੇ ਪਿੰਡ ਹੋਂਦ-ਚਿੱਲੜ (ਰਿਵਾੜੀ) ਅਤੇ ਗੁੜਗਾਓਂ-ਪਟੌਦੀ ‘ਚ ਬੇਰਹਿਮੀ ਨਾਲ ਕਤਲ ਕੀਤੇ ਗਏ 79 ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਸ ਕੇਸ ਦੀ ਦਹਾਕਿਆਂ ਤੋਂ ਪੈਰਵੀਂ ਕਰ ਰਹੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਇਕ ਵਫ਼ਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ‘ਆਪ’ ਵਿਧਾਇਕਾਂ ਨੂੰ ਮਿਲਿਆ। ਇਸ ਦੌਰਾਨ ਜਸਟਿਸ ਟੀਪੀ ਗਰਗ ਦੀਆਂ ਜਾਂਚ ਰਿਪੋਰਟਾਂ ਸੌਂਪਦੇ ਹੋਏ ਇਨਸਾਫ਼ ਲਈ ਹਰਿਆਣਾ ਸਰਕਾਰ ਕੋਲ ਮਾਮਲਾ ਉਠਾਉਣ ਦੀ ਮੰਗ ਕੀਤੀ। ਚੀਮਾ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਮਿਲਣਗੇ ਤੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕਰਨਗੇ। ਇਹ ਰਿਪੋਰਟ ਵਿਧਾਨ ਸਭਾ ‘ਚ ਵਿਸਥਾਰ ਸਹਿਤ ਵਿਚਾਰੇ ਜਾਣ ‘ਤੇ ਜ਼ੋਰ ਦੇਣਗੇ।

ਇਸ ਮੌਕੇ ਚੀਮਾ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਹੋਂਦ-ਚਿੱਲੜ ‘ਚ 32 ਅਤੇ ਗੁੜਗਾਓਂ ਅਤੇ ਪਟੌਦੀ ‘ਚ 47 ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ। ਭਾਰੀ ਜੱਦੋ-ਜਹਿਦ ਉਪਰੰਤ ਇਸ ਕਤਲੇਆਮ ਦੀ ਜਾਂਚ ਲਈ ਗਠਿਤ ਜਸਟਿਸ ਟੀਪੀ ਗਰਗ (ਰਿਟਾ.) ਵੱਲੋਂ 6 ਸਾਲ ਦੀ ਜਾਂਚ ਉਪਰੰਤ 4 ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਡਿਊਟੀ ‘ਚ ਕੋਤਾਹੀ ਦੇ ਦੋਸ਼ੀ ਪਾਉਂਦੇ ਹੋਏ ਇਨ੍ਹਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਅਤੇ 10.6 ਕਰੋੜ ਹੋਂਦ-ਚਿੱਲੜ ਅਤੇ 13 ਕਰੋੜ ਰੁਪਏ ਗੁੜਗਾਓਂ-ਪਟੌਦੀ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ। ਚੀਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਮੁਆਵਜ਼ਾ ਤਾਂ ਦੇ ਦਿੱਤਾ ਪਰ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤੇ ਇਕ ਵੀ ਦੋਸ਼ੀ ਸਾਹਮਣੇ ਨਹੀਂ ਲਿਆਂਦਾ, ਜੋ ਭਾਰੀ ਬੇਇਨਸਾਫ਼ੀ ਹੈ।ਇਸ ਮੌਕੇ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪਿ੍ਰੰਸੀਪਲ ਬੁੱਧ ਰਾਮ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਸਮੇਤ ਜਗਜੀਤ ਸਿੰਘ ਅਤੇ ਹੋਂਦ-ਚਿੱਲੜ ਤਾਲਮੇਲ ਕਮੇਟੀ ਦੇ ਹੋਰ ਨੁਮਾਇੰਦੇ ਮੌਜੂਦ ਸਨ।

Previous articleਯੋਗ ਗੁਰੂ ਰਾਮਦੇਵ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
Next articleਮਾਧੋਪੁਰ ਨਾਕੇ ‘ਤੇ ਲੱਗਾ ਥ੍ਰੀਡੀ ਸਕੈਨਰ, ਬੈਗ ‘ਚ ਰੱਖੇ ਹਥਿਆਰ ਤੇ ਨਸ਼ਾ ਫੜ ਲਵੇਗਾ