*ਤਹਿਸੀਲਦਾਰ ਸਾਹਬ ਦੇ ਹੁਕਮਾਂ ਦੇ ਬਾਵਜੂਦ ਨਹੀਂ ਮਿਲ ਰਿਹਾ ਜ਼ਮੀਨ ਦਾ ਦਖਲ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਲਸਾੜਾ ਦੇ ਵਸਨੀਕ ਇੱਕ 75 ਸਾਲਾਂ ਬਜ਼ੁਰਗ ਸੰਤੋਖ ਸਿੰਘ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅੱਗੇ ਲਗਾਈ ਇਨਸਾਫ਼ ਲਈ ਗੁਹਾਰ ਲਈ ਹੈ | ਇਨਸਾਫ਼ ਨਾ ਮਿਲਣ ਕਾਰਣ ਉਕਤ ਬਜ਼ੁਰਗ ਕਚਿਹਰੀਆਂ ਦੇ ਧੱਕੇ ਖਾਣ ਲਈ ਮਜਬੂਰ ਹੈ | ਇਸ ਸੰਬੰਧ ‘ਚ ਉੱਚ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਅੱਗੇ ਇਨਸਾਫ਼ ਲਈ ਗੁਹਾਰ ਲਗਾਉਂਦਿਆਂ ਸੰਤੋਖ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਲਸਾੜਾ ਨੇ ਦੱਸਿਆ ਕਿ ਉਨਾਂ ਦੀ ਜੱਦੀ ਜ਼ਮੀਨ ਪਿੰਡ ਮੋਂਰੋਂ ਰੋਡ ਭੱਠੇ ਦੇ ਕੋਲ ਸਥਿਤ ਹੈ | ਜਦੋਂ ਸਾਡੇ ਤਿੰਨ ਭਰਾਵਾਂ ‘ਚ ਜੱਦੀ ਜ਼ਮੀਨ ਦੀ ਵੰਡ ਕੀਤੀ ਗਈ ਤਾਂ ਉਕਤ ਜ਼ਮੀਨ ‘ਚ ਮੈਨੂੰ ਘੱਟ ਹਿੱਸਾ ਦਿੱਤਾ ਗਿਆ | ਇਸ ਸੰਬਧ ‘ਚ ਮੈਂ ਤਹਿਸੀਲਦਾਰ ਸਾਹਬ ਫਿਲੌਰ ਵਿਖੇ ਕੇਸ ਲਗਾ ਦਿੱਤਾ, ਪਰੰਤੂ ਦੂਸਰੀਆਂ ਧਿਰਾਂ ਨੇ ਚੰਡੀਗੜ ਤੋਂ ਸਟੇਅ ਹਾਸਲ ਕਰ ਲਿਆ | ਇਸ ਦੌਰਾਨ ਵੀ ਮੈਂ ਉਹ ਕੇਸ ਵੀ ਜਿੱਤ ਲਿਆ | ਫਿਰ ਤਹਿਸੀਲਦਾਰ ਸਾਹਬ ਫਿਲੌਰ ਦੇ ਚਲਦੇ ਕੇਸ ‘ਚ ਵੀ ਮੇਰੀ ਜਿੱਤ ਹੋ ਗਈ ਤੇ ਤਹਿਸੀਲਦਾਰ ਸਾਹਬ ਵਲੋਂ ਮੈਨੂੰ ਦਖਲ ਦਵਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨੋਟਿਸ ਇਤਲਾਹ ਜਾਰੀ ਕੀਤਾ ਗਿਆ ਪਰ ਮੈਨੂੰ ਦਖਲ ਨਹੀਂ ਮਿਲਿਆ | ਫਿਰ 22-5-2025 ਨੂੰ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਦਖਲ ਦਵਾਉਣ ਲਈ ਨੋਟਿਸ ਇਤਲਾਹ ਜਾਰੀ ਕੀਤਾ ਗਿਆ ਪਰੰਤੂ ਮੈਨੂੰ ਫਿਰ ਦਖਲ ਨਹੀਂ ਮਿਲਿਆ | ਸੰਤੋਖ ਸਿੰਘ ਨੇ ਕਿਹਾ ਕਿ ਮੈਂ ਸਿਰਫ਼ ਆਪਣਾ ਹੱਕ ਮੰਗ ਰਿਹਾ ਹਾਂ, ਹੋਰ ਕੁਝ ਨਹੀਂ | ਉਸਨੇ ਕਿਹਾ ਕਿ ਮੈਂ ਇੱਕ 75 ਸਾਲਾਂ ਬਜ਼ੁਰਗ ਵਿਅਕਤੀ ਹਾਂ ਤੇ ਬਹੁਤ ਚੱਲ ਫਿਰ ਨਹੀਂ ਸਕਦਾ | ਇਸ ਲਈ ਸੰਤੋਖ ਸਿੰਘ ਨੇ ਪ੍ਰਸ਼ਾਸ਼ਨਿਕ ਤੇ ਅਧਿਕਾਰੀਆਂ ਅੱਗੇ ਗੁਹਾਰ ਲਗਾਈ ਹੈ ਕਿ ਮੈਨੂੰ ਇਨਸਾਫ਼ ਦਵਾਇਆ ਜਾਵੇ |



