ਅਮਰੀਕਾ ਵਿਚ ਹੈਲਥ ਸਟਾਰਟ-ਅਪ ਦੇ ਨਾਂ ‘ਤੇ ਵੱਡੇ ਪੈਮਾਨੇ ‘ਤੇ ਧੋਖਾਧੜੀ ਕਰਨ ਵਾਲੇ ਭਾਰਤੀ ਮੂਲ ਦੇ ਤਿੰਨ ਲੋਕਾਂ ‘ਤੇ ਦੋਸ਼ ਤੈਅ ਕੀਤੇ ਗਏ ਹਨ। ਦੋਸ਼-ਪੱਤਰ ਮੁਤਾਬਿਕ ਸ਼ਿਕਾਗੋ ਸਥਿਤ ਆਊਟਕਮ ਹੈਲਥ ਨਾਮਕ ਸਟਾਰਟ-ਅਪ ਦੇ ਛੇ ਅਧਿਕਾਰੀਆਂ ਨੇ ਲੋਕਾਂ ਤੋਂ ਇਕ ਅਰਬ ਡਾਲਰ (ਕਰੀਬ ਸੱਤ ਹਜ਼ਾਰ ਕਰੋੜ ਰੁਪਏ) ਦੀ ਧੋਖਾਧੜੀ ਕੀਤੀ। ਇਨ੍ਹਾਂ ਦੋਸ਼ੀਆਂ ਵਿਚ ਕੰਪਨੀ ਦੇ ਸੰਸਥਾਪਕ ਰਿਸ਼ੀ ਸ਼ਾਹ (33), ਸ਼ਰਧਾ ਅਗਰਵਾਲ (34) ਅਤੇ ਸਾਬਕਾ ਕਾਰਜਕਾਰੀ ਆਸ਼ਿਕ ਦੇਸਾਈ (26) ਸ਼ਾਮਲ ਹਨ।
ਇਨ੍ਹਾਂ ਲੋਕਾਂ ਨੇ ਕੰਪਨੀ ਦੀ ਵਿੱਤੀ ਸਥਿਤੀ ਦੇ ਬਾਰੇ ਵਿਚ ਵਧਾ-ਚੜ੍ਹਾ ਕੇ ਅੰਕੜੇ ਪੇਸ਼ ਕੀਤੇ ਅਤੇ ਬੈਂਕਾਂ ਤੋਂ ਇਕ ਅਰਬ ਡਾਲਰ ਤਕ ਦੀ ਰਕਮ ਇਕੱਠੀ ਕਰ ਲਈ। ਇਸ ਲਈ ਕੰਪਨੀ ਸੰਚਾਲਕਾਂ ਨੇ ਭਰਮਾਊ ਇਸ਼ਤਿਹਾਰਾਂ ‘ਤੇ ਵੱਡੀ ਰਕਮ ਖ਼ਰਚ ਕੀਤੀ ਸੀ। ਆਊਟਕਮ ਹੈਲਥ ਦੇ ਨਾਂ ‘ਤੇ ਸਾਲ 2012 ਵਿਚ ਸ਼ੁਰੂ ਹੋਏ ਫ਼ਰਜ਼ੀਵਾੜੇ ਦਾ ਪਰਦਾਫਾਸ਼ ਚਾਰ ਸਾਲ ਪਿੱਛੋਂ ਹੋਇਆ। ਇਸ ਮਾਮਲੇ ਦੀ ਜਾਂਚ ਅਮਰੀਕਾ ਦੀ ਸੰਘੀ ਏਜੰਸੀ ਐੱਫਬੀਆਈ ਨੇ ਕੀਤੀ ਸੀ।