ਪਟਿਆਲਾ ਚੌਕ ਕੋਲ ਇਕ ਟਰੈਵਲ ਏਜੰਟ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦਰਜਨਾਂ ਨੌਜਵਾਨਾਂ ਦੇ ਲੱਖਾਂ ਰੁਪਏ ਲੈ ਕੇ ਫ਼ਰਾਰ ਹੋ ਗਿਆ ਹੈ। ਪੁਲੀਸ ਨੇ ਪੀੜਤ ਨੌਜਵਾਨਾਂ ਦੀ ਸ਼ਿਕਾਇਤ ’ਤੇ ਤਿੰਨ ਔਰਤਾਂ ਸਣੇ ਨੌਂ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅੱਜ 70 ਦੇ ਕਰੀਬ ਪੀੜਤ ਨੌਜਵਾਨ ਪੁਲੀਸ ਸਟੇਸ਼ਨ ਪਹੁੰਚੇ ਜਿਨ੍ਹਾਂ ਨੇ ਪੁਲੀਸ ਤੋਂ ਛੇਤੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੀੜਤ ਨੌਜਵਾਨ ਪੰਜਾਬ, ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ਦੇ ਵਸਨੀਕ ਹੈ। ਇਥੇ ਜ਼ਿਕਰਯੋਗ ਹੈ ਕਿ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਦਫਤਰ ਖੁੱਲ੍ਹਣ ਮਗਰੋਂ ਕਿਸੇ ਵੀ ਟਰੈਵਲ ਏਜੰਟ ਦੀ ਜਾਂਚ ਪੜਤਾਲ ਨਹੀਂ ਕੀਤੀ ਜਾਂਦੀ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਜਾਣ ਲਈ ਪਟਿਆਲਾ ਚੌਕ ਦੇ ਨੇੜੇ ਸਥਿਤ ਵੀ ਸ਼ਿਊਰ ਏਜੰਟ ਦੇ ਦਫਤਰ ਵਿੱਚ ਸੰਪਰਕ ਕੀਤਾ ਸੀ। ਦਫਤਰ ਵਿੱਚ ਬੈਠੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਵੈਤ, ਪੁਰਤਗਾਲ, ਦੁਬਈ, ਰਸ਼ੀਆ ਤੇ ਹੋਰਨਾਂ ਦੇਸ਼ਾਂ ਵਿੱਚ ਭੇਜਣ ਦਾ ਝਾਂਸਾ ਦੇ ਕੇ ਪ੍ਰਤੀ ਵਿਅਕਤੀ ਹਜ਼ਾਰਾਂ ਰੁਪਏ ਅਤੇ ਪਾਸਪੋਰਟ ਲਏ ਸੀ। ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਪ੍ਰਬੰਧਕਾਂ ਨੇ 40 ਤੋਂ 45 ਦਿਨਾਂ ਵਿੱਚ ਵੀਜ਼ਾ ਲਗਵਾਉਣ ਦਾ ਭਰੋਸਾ ਦਿੱਤਾ ਸੀ। ਮੁਲਜ਼ਮਾਂ ਨੇ ਉਨ੍ਹਾਂ ਤੋਂ ਵੀਜ਼ਾ ਲਗਵਾਉਣ ਦਾ ਭਰੋਸਾ ਦੇ ਕੇ ਚੰਡੀਗੜ੍ਹ ਦੀ ਇਕ ਲੈਬ ਮੈਡੀਕਲ ਹੈਲਥ ਕੇਅਰ ਤੋਂ ਉਨ੍ਹਾਂ ਤੋਂ ਜਾਅਲੀ ਮੈਡੀਕਲ ਵੀ ਕਰਵਾਇਆ ਸੀ। ਸ਼ਿਕਾਇਤਕਰਤਾ ਨੌਜਵਾਨਾਂ ਨੇ ਦੱਸਿਆ ਕਿ ਉੱਕਤ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਨਾ ਤਾਂ ਉਨ੍ਹਾਂ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਤੇ ਪਾਸਪੋਰਟ ਵਾਪਸ ਕੀਤੇ। ਪਹਿਲਾਂ ਤਾਂ ਕੰਪਨੀ ਦੇ ਪ੍ਰਬੰਧਕ ਉਨ੍ਹਾਂ ਨੂੰ ਲਾਰਾ ਲਗਾ ਕੇ ਡੰਗ ਟਪਾਈ ਕਰਦੇ ਰਹੇ ਪਰ ਉਨ੍ਹਾਂ ਵੱਲੋਂ ਦਬਾਅ ਪਾਉਣ ਤੇ ਉਨ੍ਹਾਂ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦੋਂ ਉਨ੍ਹਾਂ ਨੇ ਆ ਕੇ ਵੇਖਿਆ ਤਾਂ ਪ੍ਰਬੰਧਕ ਦਫਤਰ ਬੰਦ ਕਰਕੇ ਫ਼ਰਾਰ ਹੋ ਚੁੱਕੇ ਸੀ।
ਮਾਮਲੇ ਦੀ ਪੜਤਾਲੀਆ ਅਫਸਰ ਏ.ਐਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਮੁਲਜ਼ਮਾਂ ਵੱਲੋਂ ਪਟਿਆਲਾ ਚੌਕ ਦੇ ਨੇੜੇ ਸੋਨੂੰ ਵਾਸੀ ਫਾਜ਼ਿਲਕਾ ਦੇ ਨਾਂ ’ਤੇ ਦਫਤਰ ਕਿਰਾਏ ’ਤੇ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸੋਨੂੰ ਅਤੇ ਮਨਪ੍ਰੀਤ ਵੱਲੋਂ ਆਪਣੇ ਬਾਕੀ ਸਾਥੀਆਂ ਤੇ ਚੰਡੀਗੜ੍ਹ ਦੀ ਲੈਬ ਨਾਲ ਰਲਕੇ ਇਹ ਠੱਗੀ ਕੀਤੀ ਹੈ। ਪੁਲੀਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕੰਪਨੀ ਕੇ ਐਮਡੀ ਮਨਪ੍ਰੀਤ ਸਿੰਘ, ਸੋਨੂੰ ਵਾਸੀ ਰਵੀਦਾਸ ਨਗਰ ਫਾਜ਼ਿਲਕਾ, ਅਜੈਪਾਲ ਉਰਫ਼ ਲਵੀ ਉਰਫ਼ ਗਾਂਧੀ, ਕਾਰਤਿਕ, ਅੰਜਲੀ ਉਰਫ਼ ਰੀਆ, ਗਗਨ ਮਹਿਤਾ, ਰੂਚੀ, ਮਨਪ੍ਰੀਤ ਸਿੰਘ, ਮੈਡੀਕਲ ਹੈਲਥ ਕੇਅਰ ਸੈਂਟਰ ਮੈੜੀਨੇ ਲੈਬ ਚੰਡੀਗੜ੍ਹ ਦੇ ਅਣਪਛਾਤੇ ਪ੍ਰਬੰਧਕ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
INDIA 70 ਨੌਜਵਾਨਾਂ ਤੋਂ ਠੱਗੀ ਮਾਰ ਕੇ ਟਰੈਵਲ ਏਜੰਟ ਫ਼ਰਾਰ