ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਸਿਆਸੀ ਸਰਗਰਮੀਆਂ ਵਿਚ ਕਾਂਗਰਸ ਆਪਣੇ 20 ਉਮੀਦਵਾਰਾਂ ਦੀ ਲਿਸਟ ਸ਼ਨੀਵਾਰ ਰਾਤ ਨੂੰ ਜਾਰੀ ਕਰ ਸਕਦੀ ਹੈ। ਇਨ੍ਹਾਂ ਸੀਟਾਂ ਵਿਚੋਂ ਜ਼ਿਆਦਾਤਰ ‘ਤੇ ਕੋਈ ਵਿਵਾਦ ਨਹੀਂ ਹੋਵੇਗਾ ਪਰ ਇਕ ਦੋ ਸੀਟਾਂ ‘ਤੇ ਕੁਝ ਵੱਡੇ ਨੇਤਾਵਾਂ ਨੂੰ ਨਿਰਾਸ਼ਾ ਹੱਥ ਲੱਗ ਸਕਦੀ ਹੈ। ਪਾਰਟੀ ਪੁਰਾਣੇ ਦਿਗੱਜਾਂ ਦੇ ਨਾਲ ਨਾਲ ਇਸ ਵਾਰ ਕਈ ਥਾਵਾਂ ‘ਤੇ ਜ਼ਿਲ੍ਹਾ ਪ੍ਰਧਾਨਾਂ ਅਤੇ ਕੁਝ ਸੀਟਾਂ ‘ਤੇ ਨੇਤਾਵਾਂ ਦੇ ਬੱਚਿਆਂ ‘ਤੇ ਵੀ ਦਾਅ ਲਗਾ ਰਹੀ ਹੈ।
30 ਤੋਂ 35 ‘ਤੇ ਇਕ ਇਥ ਨਾਂ ਲਗਪਗ ਤੈਅ
ਪਾਰਟੀ ਸੂਤਰਾਂ ਮੁਤਾਬਕ ਤਿੰਨ ਦਿਨ ਲਗਾਤਾਰ ਚੱਲ ਰਹੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਦਿੱਲੀ ਦੀ ਕੁਲ 70 ਵਿਧਾਨ ਸਭਾ ਸੀਟਾਂ ਵਿਚੋਂ 30 ਤੋਂ 35 ‘ਤੇ ਇਕ ਇਕ ਨਾਂ ਲਗਪਗ ਤੈਅ ਕਰ ਲਿਆ ਗਿਆ ਹੈ। ਇਨ੍ਹਾਂ ਸਾਰੇ ਨਾਂਵਾਂ ਨੂੰ ਸ਼ਨੀਵਾਰ ਸ਼ਾਮ ਹੋਣ ਵਾਲੀ ਏਆਈਸੀਸੀ ਦੀ ਸੀਡਬਲਿਊਸੀ ਦੀ ਮੀਟਿੰਗ ਵਿਚ ਰੱਖਿਆ ਜਾਵੇਗਾ। ਸੰਭਾਵਲਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਹਾਲਾਂਕਿ ਪਹਿਲੇ ਪੜਾਅ ਵਿਚ ਪਾਰਟੀ ਲਗਪਗ 20 ਸੀਟਾਂ ‘ਤੇ ਉਮੀਦਾਵਾਰਾਂ ਦੇ ਨਾਂ ਹੀ ਐਲਾਨ ਕਰਨ ‘ਤੇ ਵਿਚਾਰ ਕਰ ਰਹੀ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਸੀਟਾਂ ਵਿਚ ਜ਼ਿਆਦਾਤਰ ‘ਤੇ ਪਾਰਟੀ ਨੇ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ‘ਤੇ ਹੀ ਭਰੋਸਾ ਜਿਤਾਇਆ ਹੈ। ਕਈ ਸੀਟਾਂ ‘ਤੇ ਨਵੇਂ ਨਾਂ ਵੀ ਸਾਹਮਣੇ ਆਏ ਹਨ ਤਾਂ ਕਈ ਸੀਟਾਂ ‘ਤੇ ਪਾਰਟੀ ਨੇ ਆਪਣੇ ਅਹੁਦਿਆਂ ‘ਤੇ ਦਾਅ ਖੇਡਿਆ ਹੈ।