ਨਵੀਂ ਦਿੱਲੀ, (ਸਮਾਜ ਵੀਕਲੀ): ਜੰਗ ਛਿੜਨ ਕਾਰਨ ਪਿਛਲੇ ਕਈ ਦਿਨਾਂ ਤੋਂ ਯੂਕਰੇਨ ਦੇ ਸ਼ਹਿਰ ਸੂਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਅੱਜ ਉਸ ਵੇਲੇ ਸੁੱਖ ਦਾ ਸਾਹ ਆਇਆ ਜਦ ਬੱਸਾਂ ਉਨ੍ਹਾਂ ਨੂੰ ਲੈ ਕੇ ਸੁਰੱਖਿਅਤ ਇਲਾਕੇ ਵੱਲ ਰਵਾਨਾ ਹੋ ਗਈਆਂ। ਵਿਦਿਆਰਥੀਆਂ ਦੇ ਕੋਆਰਡੀਨੇਟਰ ਅਨਸ਼ਾਦ ਅਲੀ ਨੇ ਦੱਸਿਆ, ‘ਸੂਮੀ ਤੋਂ ਵਿਦਿਆਰਥੀਆਂ ਦੀ ਰਵਾਨਗੀ ਸ਼ੁਰੂ ਹੋ ਗਈ ਹੈ। ਆਖ਼ਰ ਮੰਗਲਵਾਰ ਨੂੰ ਚੰਗੀ ਖ਼ਬਰ ਆਈ ਹੈ। ਅੱਜ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਸੂਮੀ ਤੋਂ ਕੱਢ ਲਿਆ ਜਾਵੇਗਾ। ਉਨ੍ਹਾਂ ਨੂੰ ਭਾਰਤ ਲਿਜਾਣ ਲਈ ਪਹਿਲਾਂ ਇੱਥੋਂ ਕਿਸੇ ਸੁਰੱਖਿਅਤ ਥਾਂ ਲਿਜਾਇਆ ਜਾਵੇਗਾ।’ ਸੂਮੀ ਯੂਨੀਵਰਸਿਟੀ ਦੇ ਇਕ ਮੈਡੀਕਲ ਦੇ ਵਿਦਿਆਰਥੀ ਨੇ ਦੱਸਿਆ, ‘ਬੱਸਾਂ ਪਹੁੰਚ ਗਈਆਂ ਹਨ ਤੇ ਵਿਦਿਆਰਥੀ ਬੈਠ ਗਏ ਹਨ। ਸਾਨੂੰ ਕਿਹਾ ਗਿਆ ਹੈ ਕਿ ਪੋਲਤਾਵਾ ਲਿਜਾਇਆ ਜਾਵੇਗਾ। ਮੈਂ ਪ੍ਰਾਰਥਨਾ ਕਰ ਰਿਹਾ ਹਾਂ ਕਿ ਅਸੀਂ ਸੁਰੱਖਿਅਤ ਜ਼ੋਨ ਵਿਚ ਪਹੁੰਚ ਜਾਈਏ ਤੇ ਇਹ ਤਕਲੀਫ਼ ਮੁੱਕੇ।’ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਮੀਡੀਆ ਨੂੰ ਦੱਸਿਆ ਕਿ ਸੂਮੀ ਵਿਚ ਫਸੇ 694 ਵਿਦਿਆਰਥੀ ਬੱਸਾਂ ਵਿਚ ਬੈਠ ਪੋਲਤਾਵਾ ਲਈ ਨਿਕਲ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਸੋਮਵਾਰ ਗੱਲ ਕੀਤੀ ਸੀ। ਉਨ੍ਹਾਂ ਸੂਮੀ ਵਿਚੋਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਾਉਣ ਦੇ ਵੱਖ-ਵੱਖ ਬਦਲਾਂ ਉਤੇ ਵਿਚਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਸੂਮੀ ਵਿਚ ਯੂਕਰੇਨ ਤੇ ਰੂਸ ਵਿਚਾਲੇ ਗਹਿਗੱਚ ਲੜਾਈ ਹੋ ਰਹੀ ਹੈ।
ਦੂਜੀਆਂ ਥਾਵਾਂ ਤੋਂ ਹਜ਼ਾਰਾਂ ਭਾਰਤੀ ਵਿਦਿਆਰਥੀ ਹੁਣ ਤੱਕ ਯੂਕਰੇਨ ਦੇ ਗੁਆਂਢੀ ਵੱਖ-ਵੱਖ ਮੁਲਕਾਂ ਰਾਹੀਂ ਭਾਰਤ ਆ ਚੁੱਕੇ ਹਨ। ਪਰ ਸੂਮੀ ਵਿਚ ਵਿਦਿਆਰਥੀ ਕਈ ਦਿਨਾਂ ਤੋਂ ਫਸੇ ਹੋਏ ਸਨ। ਉਨ੍ਹਾਂ ਦਾ ਉੱਥੋਂ ਨਿਕਲਣਾ ਯੂਕਰੇਨ ਤੇ ਰੂਸ ਵੱਲੋਂ ਸੁਰੱਖਿਅਤ ਲਾਂਘਾ ਦੇਣ ਉਤੇ ਨਿਰਭਰ ਸੀ। ਇਕ ਹੋਰ ਭਾਰਤੀ ਵਿਦਿਆਰਥੀ ਆਸ਼ਿਕ ਹੁਸੈਨ ਸਰਕਾਰ ਨੇ ਦੱਸਿਆ, ‘ਸੋਮਵਾਰ ਅਸੀਂ ਬੱਸਾਂ ਵਿਚ ਬੈਠਣ ਲਈ ਪਹਿਲਾਂ ਤਿੰਨ ਘੰਟੇ ਕਤਾਰ ਵਿਚ ਲੱਗੇ ਰਹੇ ਪਰ ਮਗਰੋਂ ਦੱਸਿਆ ਗਿਆ ਕਿ ਅਸੀਂ ਹਾਲੇ ਨਹੀਂ ਜਾ ਸਕਦੇ। ਸ਼ੁਕਰ ਹੈ ਕਿ ਅੱਜ ਸੂਮੀ ਵਿਚੋਂ ਅਸੀਂ ਨਿਕਲ ਗਏ ਹਾਂ। ਮੈਂ ਆਸ ਕਰ ਰਿਹਾ ਹਾਂ ਕਿ ਅਸੀਂ ਜਲਦੀ ਹੀ ਸੁਰੱਖਿਅਤ ਥਾਂ ਪਹੁੰਚ ਜਾਵਾਂਗੇ।’ ਸੂਮੀ ਵਿਚ ਕਈ ਦਿਨਾਂ ਤੋਂ ਜ਼ਬਰਦਸਤ ਲੜਾਈ ਹੋ ਰਹੀ ਹੈ ਤੇ ਭਾਰਤ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਕਈ ਦਿਨਾਂ ਤੋਂ ਵੱਖ-ਵੱਖ ਮਾਧਿਅਮਾਂ ਰਾਹੀਂ ਜੱਦੋਜਹਿਦ ਕਰ ਰਿਹਾ ਸੀ। ਸੂਮੀ ਯੂਕਰੇਨ ਦੇ ਉੱਤਰ-ਪੂਰਬ ਵਿਚ ਹੈ।
ਲਗਾਤਾਰ ਬੰਬਾਰੀ ਤੇ ਹਵਾਈ ਹਮਲਿਆਂ ਕਾਰਨ ਲੋਕਾਂ ਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਇਸ ਤੋਂ ਪਹਿਲਾਂ ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਆਇਰੀਨਾ ਵੇਰੇਸ਼ਚੁਕ ਨੇ ਕਿਹਾ ਕਿ ਅੱਜ ਦੋਵਾਂ ਧਿਰਾਂ ਦੀ ਸਹਿਮਤੀ (ਯੂਕਰੇਨ ਤੇ ਰੂਸ) ਮਗਰੋਂ ਸਵੇਰੇ ਨੌਂ ਤੋਂ ਰਾਤ ਨੌਂ ਵਜੇ ਤੱਕ ਗੋਲੀਬੰਦੀ ਲਈ ਸਹਿਮਤੀ ਬਣੀ ਸੀ। ਇਸ ਦੌਰਾਨ ਸੂਮੀ ਵਿਚੋਂ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਗਿਆ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਕਈ ਵਾਰ ਲਾਂਘਾ ਦੇਣ ਦੀ ਕੋਸ਼ਿਸ਼ ਗੋਲੀਬਾਰੀ ਕਾਰਨ ਨਾਕਾਮ ਹੋ ਗਈ ਸੀ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੇ ਨਾਲ-ਨਾਲ ਚੀਨ ਦੇ ਵਿਦਿਆਰਥੀ ਵੀ ਅੱਜ ਸੂਮੀ ਵਿਚੋਂ ਨਿਕਲੇ ਹਨ। ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸ ਦਾ ਰੱਖਿਆ ਮੰਤਰਾਲਾ ਰੈੱਡ ਕਰਾਸ ਨੂੰ ਪੱਤਰ ਲਿਖਣ ਮਗਰੋਂ ਇਸ ਗੋਲੀਬੰਦੀ ਲਈ ਸਹਿਮਤ ਹੋਇਆ ਹੈ। ਇਸ ਲਾਂਘੇ ਰਾਹੀਂ ਸੂਮੀ ਵਿਚ ਰਹਿ ਰਹੇ ਲੋਕਾਂ ਨੂੰ ਮਦਦ ਵੀ ਦਿੱਤੀ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਨਾਗਰਿਕਾਂ ਨੂੰ ਰੂਸ ਤੇ ਬੇਲਾਰੂਸ ਰਾਹੀਂ ਕੱਢਣ ਦੀ ਰੂਸ ਦੀ ਤਜਵੀਜ਼ ਪ੍ਰਵਾਨ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly