ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਅਗਲੇ ਵਰ੍ਹੇ ਦੀ ਪੰਜਾਬੀ ਕਾਨਫਰੰਸ ਲੈਸਟਰ ਵਿਖੇ 5-6 ਜੁਲਾਈ 2025 ਕਰਵਾਈ ਜਾਵੇਗੀ।

ਪੰਜਾਬੀ ਕਾਨਫਰੰਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਚਾਹਲ ਅਤੇ ਕੰਵਰ ਸਿੰਘ ਬਰਾੜ। ਤਸਵੀਰ:- ਸੁਖਜਿੰਦਰ ਸਿੰਘ ਢੱਡੇ

ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਸਿੱਖ ਐਜੂਕੇਸ਼ਨ ਕੌਂਸਲ ਯੂਕੇ ਪੰਜਾਬੀ ਬੋਲੀ ਅਤੇ ਲਿੱਪੀ ਦੇ ਤਕਨੀਕੀ, ਸਮਾਜਿਕ ਤੇ ਵਿਦਿਅਕ ਵਿਕਾਸ ਲਈ ਹਰ ਸਾਲ ਪੰਜਾਬੀ ਕਾਨਫਰੰਸ ਯੂਕੇ ਦਾ ਆਯੋਜਨ ਕਰਦੀ ਆ ਰਹੀ ਹੈ। ਜਿਸ ਤਹਿਤ ਭਾਸ਼ਾ ਮਾਹਿਰ, ਵਿਦਵਾਨ ਇਸ ਕਾਨਫਰੰਸ ਵਿੱਚ ਖੋਜ ਆਧਾਰਿਤ ਪਰਚੇ ਪੇਸ਼ ਕਰਦੇ ਹਨ। ਇਸ ਦੇ ਇਲਾਵਾ ਇਸ ਕਾਨਫਰੰਸ ਵਿੱਚ ਯੂਕੇ ਭਰ ਤੋਂ ਪੰਜਾਬੀ ਪੜਾਉਣ ਵਾਲੇ ਅਧਿਆਪਕਾਂ ਦੀ ਸਿਖਲਾਈ ਦਾ ਸੈਸ਼ਨ ਵੀ ਲਗਾਇਆ ਜਾਂਦਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅਗਲੇ ਵਰੇ੍ਹ ਦੀ ਪੰਜਾਬੀ ਕਾਨਫਰੰਸ ਵੀ ਲੈਸਟਰ ਵਿਖੇ 5-6 ਜੁਲਾਈ 2025 ਕਰਵਾਈ ਜਾਵੇਗੀ। ਪੰਜਾਬੀ ਕਾਨਫਰੰਸ ਦੇ ਚੈਅਰਮੈਨ ਡਾ ਪਰਗਟ ਸਿੰਘ ਨੇ ਦੱਸਿਆ ਕਿ ਹਰ ਸਾਲ ਇਸ ਪੰਜਾਬੀ ਕਾਨਫਰੰਸ ਪ੍ਰਤੀ ਲੋਕਾਂ ਦੇ ਰੁਝਾਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਅਸੀਂ ਆਪਣੇ ਨਿਸ਼ਾਨੇ ਵੱਧ ਰਹੇ ਹਾਂ। ਕਾਨਫਰੰਸ ਦੇ ਬੁਲਾਰੇ ਬਲਵਿੰਦਰ ਸਿੰਘ ਚਾਹਲ ਅਤੇ ਕੰਵਰ ਸਿੰਘ ਬਰਾੜ ਨੇ ਪ੍ਰੈਸ ਨੂੰ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੜੇ ਜਾਣ ਵਾਲੇ ਪਰਚਿਆਂ ਦੇ ਵਿਸ਼ੇ ਹੇਠ ਲਿਖੇ ਅਨੁਸਾਰ ਹੋਣਗੇ। ਜਿਹਨਾਂ ਨੂੰ ਆਧਾਰ ਬਣਾ ਕੇ ਇਹਨਾਂ ਉੱਪਰ ਕੰਮ ਕੀਤਾ ਜਾਵੇਗਾ ਅਤੇ ਖੋਜ ਭਰਪੂਰ ਪਰਚੇ ਤਿਆਰ ਕਰਨ ਦੀ ਕੋਸਿ਼ਸ਼ ਪੰਜਾਬੀ ਕਾਨਫਰੰਸ ਦਾ ਏਜੰਡਾ ਹੈ। 1 ਪੰਜਾਬੀ ਭਾਸ਼ਾ ਦਾ ਇਤਿਹਾਸ, 2 ਗੁਰਮੁਖੀ ਵਿੱਚ ਪੰਜਾਬੀ ਭਾਸ਼ਾ ਅਤੇ ਲੋਕ ਸਾਹਿਤ ਦਾ ਵਿਕਾਸ, 3 ਪੰਜਾਬੀ ਭਾਸ਼ਾ ਵਿੱਚ ਦਰਸ਼ਨ ਅਤੇ ਧਾਰਮਿਕ ਸਾਹਿਤ ਦਾ ਵਿਕਾਸ, 4 ਪੰਜਾਬੀ ਭਾਸ਼ਾ ਵਿੱਚ ਰਾਜਨੀਨਕ ਅਤੇ ਅਰਥਸ਼ਾਸ਼ਤਰ ਸਾਹਿਤ ਦਾ ਵਿਕਾਸ, 5 ਪੰਜਾਬੀ ਭਾਸ਼ਾ ਵਿੱਚ ਵਿਗਿਆਨਕ ਸਾਹਿਤ ਦਾ ਵਿਕਾਸ, 6 ਅਧਿਆਪਨ ਵਿਧੀਆਂ ਅਤੇ ਪਾਠਕ੍ਰਮ ਦੇ ਵਿਕਾਸ ਆਦਿ ਵਿਸਿ਼ਆਂ ਨੂੰ ਮੁੱਖ ਰੱਖਿਆ ਜਾਵੇਗਾ। ਪੰਜਾਬੀ ਕਾਨਫਰੰਸ ਯੂਕੇ ਸੰਬੰਧੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਕਾਨਫਰੰਸ ਵਿੱਚ ਭਾਗ ਲੈਣ ਦੇ ਚਾਹਵਾਨ ਉਪਰੋਕਤ ਵਿਸਿ਼ਆਂ ਨਾਲ ਸੰਬੰਧਤ ਸੰਖੇਪ ਸਾਰ ਭੇਜ ਸਕਦੇ ਹਨ ਜਿਸ ਤੋਂ ਬਾਅਦ ਉਹਨਾਂ ਕੋਲੋਂ ਪੂਰੇ ਪਰਚੇ ਵੀ ਮੰਗੇ ਜਾਣਗੇ। ਪੰਜਾਬੀ ਕਾਨਫਰੰਸ ਦੀ ਵੈਬਸਾਈਟ ਪੰਜਾਬੀਡਾਟਯੂਕੇ (https://panjabi.uk/)  ਉੱਪਰ ਵੀ ਜਾ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article68 ਵੀਆਂ ਸੂਬਾ ਪੱਧਰੀ ਜੂਡੋ ਦੀਆਂ ਖੇਡਾਂ ਵਿੱਚ ਐਂਜਲੀਨਾ ਨੇ ਕਾਂਸੇ ਦਾ ਮੈਡਲ ਜਿੱਤਿਆ
Next articleਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ