ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਪੁਰਸ਼ਾਂ ਦੀ 68ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ (ਲੀਗ ਸਟੇਜ) ਅੱਜ ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਸ਼ੁਰੂ ਹੋਈ। ਇਸ ਸੱਤ ਦਿਨਾਂ ਚੈਂਪੀਅਨਸ਼ਿਪ ਵਿੱਚ ਦੱਖਣ ਪੂਰਬੀ ਰੇਲਵੇ ਕੋਲਕਾਤਾ, ਉੱਤਰੀ ਰੇਲਵੇ ਨਵੀਂ ਦਿੱਲੀ, ਦੱਖਣੀ ਪੱਛਮੀ ਰੇਲਵੇ ਹੁਬਲੀ, ਉੱਤਰ ਪੂਰਬੀ ਰੇਲਵੇ ਗੋਰਖਪੁਰ, ਪੱਛਮੀ ਰੇਲਵੇ ਮੁੰਬਈ ਅਤੇ ਉੱਤਰ ਪੱਛਮੀ ਰੇਲਵੇ ਜੈਪੁਰ ਸਮੇਤ 06 ਟੀਮਾਂ ਭਾਗ ਲੈ ਰਹੀਆਂ ਹਨ। ਚੈਂਪੀਅਨਸ਼ਿਪ ਵਿੱਚ ਕੁੱਲ 15 ਮੈਚ ਖੇਡੇ ਜਾਣਗੇ ਅਤੇ ਇਹ ਮੈਚ ਆਰ ਸੀ ਐਫ ਕ੍ਰਿਕਟ ਸਟੇਡੀਅਮ ਤੋਂ ਇਲਾਵਾ, ਪੀ ਏ ਪੀ ਗਰਾਊਂਡ, ਜਲੰਧਰ ਵਿੱਚ ਹੋਣਗੇ। ਸਾਰੇ ਮੈਚ 20-20 ਓਵਰਾਂ ਦੇ ਹੋਣਗੇ। ਇਸ ਚੈਂਪੀਅਨਸ਼ਿਪ ਦੇ ਬਾਕੀ ਰਹਿੰਦੇ ਲੀਗ ਪੜਾਅ ਦੇ ਮੈਚ ਇਸ ਸਮੇਂ ਪਟਿਆਲਾ ਲੋਕੋਮੋਟਿਵ ਵਰਕਸ, ਉੱਤਰੀ ਫਰੰਟੀਅਰ ਰੇਲਵੇ ਅਤੇ ਪੂਰਬੀ ਤੱਟਵਰਤੀ ਰੇਲਵੇ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ। ਚੈਂਪੀਅਨਸ਼ਿਪ ਦਾ ਨਾਕਆਊਟ ਪੜਾਅ 23.03.2025 ਤੋਂ 29.03.2025 ਤੱਕ ਦੱਖਣ ਪੂਰਬੀ ਰੇਲਵੇ, ਹੁਬਲੀ ਵਿਖੇ ਹੋਵੇਗਾ। ਚੈਂਪੀਅਨਸ਼ਿਪ ਦਾ ਉਦਘਾਟਨ ਅੱਜ ਆਰ ਸੀ ਐਫ ਦੇ ਜਨਰਲ ਮੈਨੇਜਰ ਸ਼੍ਰੀ ਐਸ.ਐਸ. ਮਿਸ਼ਰਾ ਵਲੋਂ ਕੀਤਾ ਗਿਆ । ਇਸ ਮੌਕੇ ਆਰ ਸੀ ਐਫ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਸ਼੍ਰੀਮਤੀ ਮਧੂਮਿਤਾ ਮਿਸ਼ਰਾ, ਆਰ ਸੀ ਐਫ ਸਪੋਰਟਸ ਐਸੋਸੀਏਸ਼ਨ ਦੀ ਪ੍ਰਧਾਨ ਸ਼੍ਰੀ ਕੇ.ਐਸ. ਅਸਲਾ, ਜਨਰਲ ਸਕੱਤਰ ਸ਼੍ਰੀ ਨਿਤਿਨ ਯਾਦਵ ਅਤੇ ਸਪੋਰਟਸ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ, ਆਰ ਸੀ ਐਫ ਦੇ ਸੀਨੀਅਰ ਅਧਿਕਾਰੀ, ਆਰ ਸੀ ਐਫ ਦੀ ਸਪੋਰਟਸ ਅਫਸਰ ਓਲੰਪੀਅਨ ਨਵਜੋਤ ਕੌਰ, ਓਲੰਪੀਅਨ ਰੀਨਾ ਖੋਖਰ, ਆਰ ਸੀ ਐਫ ਸਪੋਰਟਸ ਵਿਭਾਗ ਦੇ ਸਪੋਰਟਸ ਵੈਲਫੇਅਰ ਇੰਸਪੈਕਟਰ, ਬਿਕਰਮਜੀਤ ਸਿੰਘ ਕਾਹਲੋਂ, ਜਗਮੋਹਨ ਸਿੰਘ, ਸੁਖਜੀਤ ਕੌਰ, ਸੰਜੇ ਬੀਰ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ। ਅੱਜ ਪਹਿਲੇ ਮੈਚ ਵਿੱਚ ਉੱਤਰੀ ਰੇਲਵੇ ਨਵੀਂ ਦਿੱਲੀ ਨੇ ਪੱਛਮੀ ਰੇਲਵੇ ਮੁੰਬਈ ਨੂੰ ਅਤੇ ਦੂਜੇ ਮੈਚ ਵਿੱਚ ਦੱਖਣੀ ਪੱਛਮੀ ਰੇਲਵੇ ਹੁਬਲੀ ਨੇ ਦੱਖਣੀ ਪੂਰਬੀ ਰੇਲਵੇ ਕੋਲਕਾਤਾ ਨੂੰ ਹਰਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj