ਨਵੀਂ ਦਿੱਲੀ, (ਸਮਾਜ ਵੀਕਲੀ): ਚੱਕਰਵਾਤ ‘ਜਵਾਦ’ ਨਾਲ ਨਿਪਟਣ ਲਈ ਕੌਮੀ ਆਫਤ ਰਿਸਪੌਂਸ ਬਲ (ਐੱਨਡੀਆਰਐੱਫ) ਨੇ 64 ਟੀਮਾਂ ਨੂੰ ਕੰਮ ’ਤੇ ਲਗਾ ਦਿੱਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਚੱਕਰਵਾਤ ‘ਜਵਾਦ’ ਨਾਲ ਉੜੀਸਾ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ (ਡੀਜੀ) ਅਤੁਲ ਕਰਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ਵਿਚ 46 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਦਕਿ ਹੋਰ 18 ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਡੀਜੀ ਵੱਲੋਂ ਸਾਂਝੇ ਕੀਤੇ ਗਏ ਤਾਇਨਾਤੀ ਦੇ ਬਿਓਰੇ ਮੁਤਾਬਕ 46 ਟੀਮਾਂ ਵਿੱਚੋਂ ਪੱਛਮੀ ਬੰਗਾਲ ’ਚ 19, ਉੜੀਸਾ ਵਿਚ 17, ਆਂਧਰਾ ਪ੍ਰਦੇਸ਼ ’ਚ 19, ਤਾਮਿਲਨਾਡੂ ’ਚ ਸੱਤ ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਦੋ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਕਰਵਾਲ ਨੇ ਦੱਸਿਆ ਕਿ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਜਿੰਨੀਆਂ ਟੀਮਾਂ ਦੀ ਤਾਇਨਾਤੀ ਦੀ ਮੰਗ ਕੀਤੀ ਗਈ ਸੀ, ਓਨੀਆਂ ਹੀ ਟੀਮਾਂ ਨੂੰ ਸਥਾਨਕ ਅਧਿਕਾਰੀਆਂ ਦੇ ਮਸ਼ਵਰੇ ਨਾਲ ਤਾਇਨਾਤ ਕੀਤਾ ਜਾਵੇਗਾ।
ਐੱਨਡੀਆਰਐੱਫ ਦੀ ਇਕ ਟੀਮ ਵਿਚ ਲਗਪਗ 30 ਮੁਲਾਜ਼ਮ ਹੋਣਗੇ। ਸਾਰੀਆਂ ਟੀਮਾਂ ਨੂੰ ‘ਪੋਲ ਕਟਰ’ (ਦਰੱਖਤ ਕੱਟਣ ਵਾਲਾ ਸੰਦ), ਉੱਖੜ ਚੁੱਕੇ ਦਰੱਖਤਾਂ ਨੂੰ ਕੱਟਣ ਲਈ ਬਿਜਲੀ ਵਾਲੀ ਆਰੀ, ਕਿਸ਼ਤੀਆਂ ਅਤੇ ਕੁਝ ਹੋਰ ਰਾਹਤ ਤੇ ਬਚਾਅ ਉਪਕਰਨ ਮੁਹੱਈਆ ਕਰਵਾਏ ਗਏ ਹਨ। ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਬੰਗਾਲ ਦੀ ਖਾੜੀ ਵਿਚ ਬਿਨਾ ਘੱਟ ਦਬਾਅ ਦਾ ਖੇਤਰ ਚੱਕਰਵਾਤੀ ਤੂਫਾਨ ‘ਜਵਾਦ’ ਵਿਚ ਬਦਲ ਗਿਆ ਹੈ। ਆਈਐੱਮਡੀ ਨੇ ਦੱਸਿਆ ਕਿ ਚੱਕਰਵਾਤ ਦੇ ਸ਼ਨਿਚਰਵਾਰ ਸਵੇਰੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ਤੱਟ ਕੋਲ ਪਹੁੰਚਣ ਦੀ ਸੰਭਾਵਨਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly