(ਸਮਾਜ ਵੀਕਲੀ)
ਇਹ ਚੜ੍ਹਦੀ ਜਵਾਨੀ ਦੇ ਸਮੇਂ ਦੀ ਗੱਲ ਹੈ,ਜਦੋਂ ਅਸੀਂ ਆਪਣੇ ‘ਬੂਥੇ’ ਨੂੰ ਤਰੋ-ਤਾਜ਼ਾ ਤੇ ਸੰਵਾਰਨ ‘ਤੇ ਪੂਰਾ ਜ਼ੋਰ ਲਾ ਦਿਆਂ ਕਰਦੇ ਸੀ ਅਤੇ ਇਸ ਗੱਲ ਦੀ ਕਦੇ ਪਰਵਾਹ ਨਹੀਂ ਕੀਤੀ ਸੀ ਕਿ ਮੂੰਹ ਵਿੱਚੋਂ ਦੰਦਾਂ/ਮਸੂੜ੍ਹਿਆਂ ਦੀ ਸਮੱਸਿਆ ਕਾਰਨ ਜੋ ਬਦਬੂ ਆਉਂਦੀ ਹੈ,ਉਸ ਵੱਲ ਵੀ ਥੋੜ੍ਹਾ ਮੋਟਾ ਧਿਆਨ ਦੇਈਏ। ਮਤਲਬ ਇਹ ਕਿ ਅਸੀਂ ਸਮਝਦੇ ਰਹੇ ਸੀ ਕਿ ਦੂਰ ਤੋਂ ਦਿੱਖ ਦਿਖਾਉਣ ਵਿੱਚ ਕੋਈ ਕਮੀ-ਪੇਸ਼ੀ ਨਜ਼ਰ ਨਹੀਂ ਆਉਣੀ ਚਾਹੀਦੀ: ਸਾਨੂੰ ਕਿਹੜਾ ਕਿਸੇ ਨੇ ਆਪਣੇ ਨੇੜੇ ਲਾ ਕੇ ਪਿਆਰ ਜਤਾਉਣਾ ਹੈ।
ਹੁਣ ਸੋਚ ਕੇ ਹਾਸਾ ਆਉਂਦਾ ਹੈ ਕਿ ਉਹ ਸਮਾ ਐਵੇਂ ਹੀ ‘ਪਿਪਰਾਮਿੰਟ ਤੇ ਪੁਦੀਨਾ ਵਾਲੀਆਂ ਮਿੱਠੀਆਂ ਗੋਲੀਆਂ’ ਚੂਸ-ਚੂਸ ਕੇ ਬਰਬਾਦ ਕੀਤਾ ਤੇ ਅਨਜਾਣੇ ਵਿੱਚ ਦੰਦ ਵੀ ਖ਼ਰਾਬ ਕਰ ਲਏ।
ਫਿਰ,ਜਿਉਂ-ਜਿਉਂ ਬਚਪਨ ਵਧਿਆ,ਜਵਾਨੀ ਦਾ ਹੜ੍ਹ ਚੜ੍ਹਿਆ ਤੇ ਅੱਖਾਂ ਅੱਗੇ ਜ਼ਿੰਦਗੀ ਦੀ ਸ਼ਾਮ ਢਲਨ ਲੱਗੀ। ਮੁਖੜੇ ਦੀ ਸਫ਼ਾਈ ਕਰਨ ਵਾਲੀ ਪੋਚਾ-ਪਾਚੀ,ਜਿਵੇਂ ਬੀਤੇ ਸਮੇਂ ਦੀ ਕਹਾਣੀ ਬਣ ਗਈ ਹੋਵੇ। ਖੰਡਰਾਤ ਦੱਸਣ ਲੱਗੇ ਕਿ ਇਮਾਰਤ ਕਦੇ ਅੱਛੀ ਹੋਵੇਗੀ- ਵਾਲੀ ਗੱਲ,ਸਾਡੇ ਤੇ ਲਾਗੂ ਹੋਣ ਲੱਗੀ।
ਜ਼ਿੰਦਗੀ ਦੇ ਸਫ਼ਰ ਵਿੱਚ, ਕੁੱਝ ਯਾਰ ਦੋਸਤ ਅਜਿਹੇ ਮਿਲੇ ਕਿ ਜਿੰਨਾ ਦੀ ਸੁਹਬਤ ਨੇ ਸਾਨੂੰ ਲਿਖਣ-ਲਿਖਾਉਣ ਦੀ ਸਾਹਿਤਕ ਮੱਸ ਅਤੇ ਪੀਣ-ਪਿਆਉਣ ਦੀ ਚੇਟਕ ਲਾ ਦਿੱਤੀ। ਅਸਲ ਵਿੱਚ,ਦੂਜਿਆਂ ਤੇ ਤਾਂ ਐਵੇਂ ਭਾਂਡਾ ਹੀ ਭੰਨੀਦਾ ਹੈ ,ਮਨ ਤਾਂ ਆਪਣਾ ਹੀ ਬੇਈਮਾਨ ਹੁੰਦਾ ਹੈ। ਇੱਕ ਸ਼ਾਮ ਦੋਸਤਾਂ ਦੀ ਮਹਿਫ਼ਲ ਸਜੀ ਹੋਈ ਸੀ ਤੇ ਗੱਲਾਂ ਚੱਲ ਪਈਆਂ ਕਿ ਹਰ ਕੋਈ ਆਪਣੀ ਜ਼ਿੰਦਗੀ ਦੀ ਅਜਿਹੀ ਰੰਗੀਨ ਘਟਨਾ ਸੁਣਾਏ ਕਿ ਸੁਣ ਕੇ ਤਬੀਅਤ ਅਸ਼-ਅਸ਼ ਕਰ ਉੱਠੇ।
ਦੋਸਤਾਂ ਨੇ ਖ਼ੂਬ ਮਿਰਚ ਮਸਾਲੇ ਲਾ-ਲਾ ਕੇ,ਚਟਕਾਰੇ ਲੈ-ਲੈ ਕੇ,ਅਜਿਹੀਆਂ ਗੱਲਾਂ ਸੁਣਾਈਆਂ ਕਿ ਸਾਡੇ ਵੀ ਸੁੱਕੇ ਸਰੀਰ ਦੇ ਸੁੱਕੇ ਡੌਲ਼ਿਆਂ ਦੇ ਪੱਠਿਆਂ ‘ਚ ਜ਼ੋਰ ਆ ਗਿਆ। ਲੱਗੇ ਫੜਕਣ। ਅਸੀਂ ਵੀ ਬੇਤਾਬ ਹੋਏ ਬੈਠੇ ਸੀ ਕਿ ਸਾਡੀ ਵਾਰੀ ਕਦੋਂ ਆਏਗੀ ਕਿ ‘ਦਾਸਤਾਨੇ ਜਵਾਨੀ’ ਬਿਆਨ ਕਰੀਏ? ਆਖ਼ਿਰ ਆ ਹੀ ਗਈ।
ਜ਼ਰਾ ਕਾਇਮ ਹੋਕੇ, ਅਸੀਂ ਕਹਿਣਾ ਸ਼ੁਰੂ ਕੀਤਾ ਕਿ ਦੋਸਤੋ! ਸ਼ਾਇਦ ਅੱਜ ਵਰਗੀ ਹੀ ਸਾਡੀ ਮਹਿਫ਼ਲ ਕਿਤੇ ਚੱਲ ਰਹੀ ਸੀ ਅਤੇ ਉਸ ਦਿਨ ਮੇਰੇ ਦੰਦ ਵਿੱਚ ਦਰਦ ਹੋ ਰਿਹਾ ਸੀ,ਉਸ ਨੂੰ ਘਟਾਉਣ ਲਈ ਜਬਾੜੇ ਤੇ ਹੱਥ ਰੱਖਿਆ ਹੋਇਆ ਸੀ ਕਿ ਇੱਕ ਯਾਰ ਨੇ ਪੁੱਛਿਆ ਕਿ ਭੁੱਲਰ ਜੀ,ਇਹ ਕੀ ਚੁੱਪ-ਚਪੀਤੇ ਕਰ ਰਹੇ ਹੋ?
‘ਯਾਰ,ਦੰਦ ਦੁਖਦਾ ਹੈ।’
‘ਤਾਂ,ਕਿਸੇ ਡਾਕਟਰ ਨੂੰ ਦਿਖਾ ਲੈਣਾ ਸੀ।’
ਜਦ ਇਹ ਗੱਲ ਨਾਲ ਦੇ ਬੈਠੇ ਕਵੀ ਮਿੱਤਰ ਨੇ ਸੁਣੀ ਤਾਂ ਝੱਟ ‘ਸਿਰੀ’ ਕੱਢ ਕੇ ਕਹਿ ਦਿੱਤਾ ਕਿ ਯਾਰ,ਡਾਕਟਰ ਨੂੰ ਕਿਉਂ ਫ਼ੀਸ ਦੇਣੀ ਐਂ? ਇੱਕ ਵੱਡਾ ਪੈੱਗ ਮਾਰਦਾ ਤੇ ਕੰਮ ਲੋਟ ਆ ਜਾਣਾ ਸੀ।
ਪਹਿਲੇ ਨੇ ਜਵਾਬ ਦਿੱਤਾ ਕਿ ਐਵੇਂ ਬਹੁਤੀ ਪੀ ਕੇ ਕਮਲੇ ਹੋਣਾ। ਉਹ ਉੱਚੀ ਆਵਾਜ਼ ‘ਚ ਬੋਲ਼ਿਆ ਕਿ ਪਹਿਲਾਂ ਮੇਰੀ ਸੱਚੀ ਗੱਲ ਸੁਣੋ। ਉਸ ਦੇ ਬੋਲਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਅਤੇ ਚਾਰੇ ਪਾਸੇ ਚੁੱਪ ਛਾ ਗਈ। ਉਹ ਕਹਿਣ ਲੱਗਾ ਕਿ ਦੰਦ ਦਾ ਦਰਦ ਇੱਕ ਵਾਰ ਉਹ ਨੂੰ ਭਰੀ ਮਹਿਫ਼ਲ ਵਿੱਚ ਵੀ ਸ਼ੁਰੂ ਹੋ ਗਿਆ ਸੀ। ਜਬਾੜੇ ਤੇ ਰੁਮਾਲ ਰੱਖ ਕੇ, ਛੇਤੀ-ਛੇਤੀ ਘਰ ਵਾਪਸੀ ਕੀਤੀ। ਘਰ ਪਹੁੰਚਣ ਤੇ,ਸਾਡੀ ਪਤਨੀ ਬੜੀ ਹੈਰਾਨ ਹੋਈ।ਪੁੱਛਣ ਲੱਗੀ ਕਿ ਸੁੱਖ ਤਾਂ ਹੈ ਕਿ ਅੱਧੀ ਰਾਤ ਹੋਣ ਤੋਂ ਪਹਿਲਾ ਹੀ ਅੱਜ ਇਹ ਵਾਪਸੀ ਕਹੀ?
ਮੇਰੇ ਵੱਲੋਂ ਕੋਈ ਜਵਾਬ ਨਾ ਸੁਣ ਕੇ ਕਹਿਣ ਲੱਗੀ, ‘ਕਿਤੇ ਲੜ-ਲੜਾਈ ਤਾਂ ਨਹੀਂ ਕਰ ਆਏ?’
ਸਾਡਾ ਮੂੰਹ ਤੇ ਰੱਖਿਆ ਰੁਮਾਲ ਦੇਖ ਕੇ ਉੁਹ ਘਬਰਾ ਗਈ।
ਮੈਂ ਉਸ ਨੂੰ ਦੱਸਿਆਂ ਕਿ ਮੇਰਾ ਦੰਦ ਦਰਦ ਕਰ ਰਿਹਾ ਹੈ।
ਉਹ ਬੋਲੀ,’ਜ਼ਰਾ ਹੱਥ ਅਤੇ ਰੁਮਾਲ ਪਰਾਂ ਕਰੋ,ਮੈਨੂੰ ਦੇਖਣ ਦਿਓ।’
ਅਸੀਂ ਚਿਹਰੇ ਤੋਂ ਹੱਥ ਤੇ ਰੁਮਾਲ ਚੁੱਕੇ ਅਤੇ ਮੂੰਹ ਉਹਦੇ ਹਵਾਲੇ ਕਰ ਦਿੱਤਾ।
ਉਹ ਹੌਲੀ-ਹੌਲੀ ਦੇਖਦੀ ਰਹੀ,ਟੋਹੀਦੀ ਰਹੀ,ਪਲੋਸਦੀ ਰਹੀ ਤੇ ਸਾਡੀਆਂ ਅੱਖਾਂ ‘ਚ ਸੁਪਨਮਈ ਦ੍ਰਿਸ਼ ਘੁੰਮਣ ਲਾ ਦਿੱਤੇ ਅਤੇ ਇੱਕ ਹਲਕੀ ਜਿਹੀ ਪਿਆਰੀ ਸਰੂਰੀ-ਕੰਬਣੀ ਆਈ ਜਦੋਂ ਉਹਨੇ ਸਾਨੂੰ ਚੁੰਮ ਲਿਆ। ਰੱਬ ਦੀ ਸੋਂਹ,ਇੱਕੋ ਚੁੰਮਣ ਨਾਲ ਹੀ ਸਾਡਾ ਤਾਂ ਦਰਦ ਰਫ਼ੂ ਚੱਕਰ ਹੋ ਗਿਆ।ਪਤਾ ਨਹੀਂ ਕਿੱਥੇ ਅਲੋਪ ਹੋ ਗਿਆ? ‘ਦਿਲ ਮੇਂ ਏਕ ਲਹਿਰ ਸੀ ਉਠੀ ਹੈ’ – ਗੁਲਾਮ ਅਲੀ ਸਾਹਿਬ ਦੀ ਗਾਈ ਗ਼ਜ਼ਲ ਯਾਦ ਆ ਗਈ।
ਕਾਸ਼! ਇਹ ਸਿਲਸਿਲਾ ਚਲਦਾ ਰਹਿੰਦਾ।
ਫਿਰ ਉਹ ਮੈਨੂੰ ਕਹਿਣ ਲੱਗਾ,’ਪਰਾਂ ਛੱਡ ਯਾਰ,ਕਵਿਤਾ-ਕੁਵਤਾ ਪੜ੍ਹਨ ਨੂੰ। ਸਿੱਧਾ ਘਰ ਪਹੁੰਚ ਅਤੇ ਦੇਖ ਸਾਡਾ ਨੁਸਖ਼ਾ ਅਜ਼ਮਾ ਕੇ।’
ਚਾਰੇ ਪਾਸੇ ਹਾਸਾ ਫੈਲ ਗਿਆ। ਮਹਿਫ਼ਲ ਦੀ ਸ਼ਂਮਾਂ ਇੱਕ ਵਾਰ ਫਿਰ ਭੜਕ ਉੱਠੀ ਅਤੇ ਸਾਰੇ ਮੈਨੂੰ ਦੇਖ ਰਹੇ ਸੀ ਕਿ ਕੀ ਮੈ– ਦੰਦ ਦਾ ਦਰਦ –ਕਵਿਤਾ ਦੇ ‘ਪਾਠ’ ਨਾਲ ਦੂਰ ਕਰਾਂਗਾ ਜਾਂ ‘ਚੁੰਮਣ’ ਦੀ ਤਾਸੀਰ ਨਾਲ?
ਸੁਰਜੀਤ ਸਿੰਘ ਭੁੱਲਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly