ਨਿਊਯਾਰਕ (ਸਮਾਜ ਵੀਕਲੀ):ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ-ਸ਼ਾਅ ਅਤੇ ਨਾਇਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਸਮੇਤ ਛੇ ਭਾਰਤੀ ਸ਼ਾਮਲ ਹਨ। ਸੀਤਾਰਮਨ ਜੋ ਸੂਚੀ ਵਿੱਚ 36ਵੇਂ ਨੰਬਰ ‘ਤੇ ਹਨ ਨੇ ਲਗਾਤਾਰ ਚੌਥੀ ਵਾਰ ਇਸ ਸੂਚੀ ‘ਚ ਜਗ੍ਹਾ ਬਣਾਈ ਹੈ। ਸਾਲ 2021 ਵਿੱਚ ਉਹ 37ਵੇਂ, 2020 ਵਿੱਚ 41ਵੇਂ ਅਤੇ 2019 ਵਿੱਚ 34ਵੇਂ ਸਥਾਨ ’ਤੇ ਸਨ। ਸੂਚੀ ਵਿੱਚ ਸ਼ਾਮਲ ਹੋਰਨਾਂ ਭਾਰਤੀਆਂ ਵਿੱਚ ਐਚਸੀਐਲਟੈਕ ਦੀ ਚੇਅਰਪਰਸਨ ਰੋਸ਼ਨੀ ਨਾਦਰ ਮਲਹੋਤਰਾ (53ਵੇਂ), ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੀ ਚੇਅਰਪਰਸਨ ਮਾਧਬੀ ਪੁਰੀ ਬੁਚ (54ਵੇਂ), ਸਟੀਲ ਅਥਾਰਟੀ ਆਫ਼ ਇੰਡੀਆ ਦੀ ਚੇਅਰਪਰਸਨ ਸੋਮਾ ਮੰਡਲ (67ਵੇਂ) ਸਥਾਨ ’ਤੇ ਹਨ। ਫੋਰਬਸ ਵੱਲੋਂ ਮੰਗਲਵਾਰ ਨੂੰ ਇਹ ਸੂਚੀ ਜਾਰੀ ਕੀਤੀ ਗਈ।
ਇਸ ਮੁਤਾਬਕ ਮਲਹੋਤਰਾ, ਮਜ਼ੂਮਦਾਰ-ਸ਼ਾਅ ਅਤੇ ਨਾਇਰ ਪਿਛਲੇ ਸਾਲ ਕ੍ਰਮਵਾਰ 52ਵੇਂ, 72ਵੇਂ ਅਤੇ 88ਵੇਂ ਸਥਾਨ ’ਤੇ ਸਨ। ਇਸ ਸਾਲ ਮਜ਼ੂਮਦਾਰ-ਸ਼ਾਅ 72ਵੇਂ ਸਥਾਨ ‘ਤੇ ਹਨ, ਜਦਕਿ ਨਾਇਰ 89ਵੇਂ ਸਥਾਨ ‘ਤੇ ਹਨ। ਸੂਚੀ ਵਿੱਚ 39 ਸੀਈਓਜ਼, 10 ਸੂਬਿਆਂ ਦੇ ਮੁਖੀ ਅਤੇ 11 ਅਰਬਪਤੀ ਸ਼ਾਮਲ ਹਨ। ਵੈਬਸਾਈਟ ਅਨੁਸਾਰ ਸੂਚੀ ਚਾਰ ਮੁੱਖ ਮਾਪਦੰਡਾਂ ’ਤੇ ਆਧਾਰਤ ਹੈ: ਪੈਸਾ, ਮੀਡੀਆ, ਪ੍ਰਭਾਵ ਅਤੇ ਪ੍ਰਭਾਵ ਦੇ ਖੇਤਰ। ਰਾਜਨੀਤਿਕ ਨੇਤਾਵਾਂ ਲਈ ਕੁੱਲ ਘਰੇਲੂ ਉਤਪਾਦਾਂ ਅਤੇ ਆਬਾਦੀ ਨੂੰ ਦੇਖਿਆ ਗਿਆ; ਕਾਰਪੋਰੇਟ ਨੇਤਾਵਾਂ ਲਈ ਮਾਲੀਆ ਅਤੇ ਕਰਮਚਾਰੀਆਂ ਦੀ ਗਿਣਤੀ ਤੇ ਮੀਡੀਆ ਰਿਪੋਰਟਾਂ ਅਤੇ ਸਭਨਾਂ ਤਕ ਉਨ੍ਹਾਂ ਦੀ ਪਹੁੰਚ ਨੂੰ ਦੇਖਿਆ ਗਿਆ। ਇਹ ਨਤੀਜਾ ਉਨ੍ਹਾਂ ਔਰਤਾਂ ’ਤੇ ਆਧਾਰਿਤ ਹੈ ਜਿਨ੍ਹਾਂ ਦੀ ਮੌਜੂਦਾ ਸਮੇਂ ਦੀ ਕਾਰਗੁਜ਼ਾਰੀ ਬਿਹਤਰੀਨ ਰਹੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly