ਨਵੀਂ ਦਿੱਲੀ (ਸਮਾਜ ਵੀਕਲੀ): ਆਈਆਈਟੀ ਦਿੱਲੀ, ਜਾਮੀਆ ਮਿਲੀਆ ਇਸਲਾਮੀਆ, ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਤੇ ਲਾਇਬ੍ਰੇਰੀ ਉਨ੍ਹਾਂ 5,789 ਸੰਸਥਾਵਾਂ ’ਚ ਸ਼ਾਮਲ ਹਨ ਜਿਨ੍ਹਾਂ ਦਾ ਵਿਦੇਸ਼ੀ ਚੰਦਾ (ਰੈਗੂਲੇਸ਼ਨ) ਐਕਟ (ਐੱਫਸੀਆਰਏ) ਤਹਿਤ ਰਜਿਸਟਰੇਸ਼ਨ ਸ਼ਨਿਚਰਵਾਰ ਨੂੰ ਖ਼ਤਮ ਹੋ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੇ ਜਾਂ ਤਾਂ ਆਪਣੇ ਐੱਫਸੀਆਰਏ ਲਾਇਸੈਂਸ ਨਵਿਆਉਣ ਲਈ ਅਰਜ਼ੀ ਨਹੀਂ ਦਿੱਤੀ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਹੈ। ਇਸ ਤੋਂ ਇਲਾਵਾ 179 ਜਥੇਬੰਦੀਆਂ ਦੀ ਨਵਿਆਉਣਯੋਗ ਅਰਜ਼ੀਆਂ ਵੱਖ ਵੱਖ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਹਨ।
ਵਿਦੇਸ਼ੀ ਚੰਦਾ (ਰੈਗੂਲੇਸ਼ਨ) ਐਕਟ ਨਾਲ ਸਬੰਧਤ ਸਰਕਾਰੀ ਵੈੱਬਸਾਈਟ ਮੁਤਾਬਕ ਜਿਨ੍ਹਾਂ ਜਥੇਬੰਦੀਆਂ ਅਤੇ ਸੰਸਥਾਵਾਂ ਦਾ ਐੱਫਸੀਆਰਏ ਤਹਿਤ ਰਜਿਸਟਰੇਸ਼ਨ ਖ਼ਤਮ ਹੋ ਗਿਆ ਹੈ ਜਾਂ ਵੈਧਤਾ ਖ਼ਤਮ ਹੋ ਗਈ ਹੈ, ਉਨ੍ਹਾਂ ’ਚ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ, ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟਰੇਸ਼ਨ, ਲਾਲ ਬਹਾਦਰ ਸ਼ਾਸਤਰੀ ਮੈਮੋਰੀਅਲ ਫਾਊਂਡੇਸ਼ਨ, ਲੇਡੀ ਸ੍ਰੀ ਰਾਮ ਕਾਲਜ ਫਾਰ ਵਿਮੈੱਨ, ਦਿੱਲੀ ਕਾਲਜ ਆਫ਼ ਇੰਜਨੀਅਰਿੰਗ ਐਂਡ ਔਕਸਫੈਮ ਇੰਡੀਆ ਸ਼ਾਮਲ ਹਨ। ਐੱਫਸੀਆਰਏ ਤਹਿਤ ਰਜਿਸਟਰਡ ਗੈਰ ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਸਰਗਰਮੀਆਂ ਨੂੰ ਕੰਟਰੋਲ ਕਰਨ ਵਾਲੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਐਕਟ ਤਹਿਤ ਰਜਿਸਟਰੇਸ਼ਨ ਸ਼ਨਿਚਰਵਾਰ (ਪਹਿਲੀ ਜਨਵਰੀ) ਨੂੰ ਖ਼ਤਮ ਮੰਨਿਆ ਗਿਆ ਹੈ। ਵਿਦੇਸ਼ੀ ਚੰਦਾ ਹਾਸਲ ਕਰਨ ਲਈ ਕਿਸੇ ਵੀ ਸੰਗਠਨ ਜਾਂ ਐੱਨਜੀਓ ਲਈ ਐੱਫਸੀਆਰਏ ਰਜਿਸਟਰੇਸ਼ਨ ਲਾਜ਼ਮੀ ਹੈ।
ਸ਼ੁੱਕਰਵਾਰ ਤੱਕ 22,762 ਐੱਫਸੀਆਰਏ ਰਜਿਸਟਰਡ ਐੱਨਜੀਓ ਸਨ ਜਦਕਿ ਸ਼ਨਿਚਰਵਾਰ ਨੂੰ ਇਹ ਗਿਣਤੀ ਘੱਟ ਕੇ 16,829 ਰਹਿ ਗਈ । ਜਿਨ੍ਹਾਂ ਜਥੇਬੰਦੀਆਂ ਦਾ ਐੱਫਸੀਆਰਏ ਰਜਿਸਟਰੇਸ਼ਨ ਖ਼ਤਮ ਹੋ ਗਿਆ ਹੈ, ਉਨ੍ਹਾਂ ’ਚ ਮੈਡੀਕਲ ਕੌਂਸਲ ਆਫ਼ ਇੰਡੀਆ (ਐੱਮਸੀਆਈ), ਇਮੈਨੂਅਲ ਹਸਪਤਾਲ ਐਸੋਸੀਏਸ਼ਨ, ਵਿਸ਼ਵ ਧਰਮਾਯਤਨ, ਮਹਾਰਿਸ਼ੀ ਆਯੂਰਵੈਦ ਪ੍ਰਤਿਸ਼ਠਾਨ ਅਤੇ ਨੈਸ਼ਨਲ ਫੈਡਰੇਸ਼ਨ ਆਫ਼ ਫਿਸ਼ਰਮੈੱਨਜ਼ ਕੋਆਪ੍ਰੇਟਿਵਜ਼ ਲਿਮਟਿਡ ਸ਼ਾਮਲ ਹਨ। ਇਨ੍ਹਾਂ ਸੰਗਠਨਾਂ ’ਚ ਹਮਦਰਦ ਐਜੂਕੇਸ਼ਨ ਸੁਸਾਇਟੀ, ਦਿੱਲੀ ਸਕੂਲ ਆਫ਼ ਸੋਸ਼ਲ ਵਰਕ ਸੁਸਾਇਟੀ, ਭਾਰਤੀ ਸੰਸਕ੍ਰਿਤੀ ਪਰਿਸ਼ਦ, ਡੀਏਵੀ ਕਾਲਜ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ, ਇੰਡੀਆ ਇਸਲਾਮਿਕ ਕਲਚਰਲ ਸੈਂਟਰ, ਗੋਦਰੇਜ ਮੈਮੋਰੀਅਲ ਟਰੱਸਟ, ਦਿੱਲੀ ਪਬਲਿਕ ਸਕੂਲ ਸੁਸਾਇਟੀ, ਲੇਡੀ ਸ੍ਰੀ ਰਾਮ ਕਾਲਜ ਫਾਰ ਵਿਮੈੱਨ, ਦਿੱਲੀ ਕਾਲਜ ਆਫ਼ ਇੰਜਨੀਅਰਿੰਗ ਅਤੇ ਆਲ ਇੰਡੀਆ ਮਾਰਵਾੜੀ ਯੁਵਾ ਮੰਚ ਵੀ ਸ਼ਾਮਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly