ਕਾਬੁਲ, 10 ਜੁਲਾਈ (ਸਮਾਜ ਵੀਕਲੀ): ਅਫ਼ਗਾਨਿਸਤਾਨ ਦੇ ਉਤਰੀ ਖੇਤਰ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਘੱਟੋ-ਘੱਟ 56 ਤਾਲਿਬਾਨੀ ਅਤਿਵਾਦੀ ਮਾਰੇ ਗਏ, 10 ਜ਼ਖ਼ਮੀ ਹੋ ਗਏ ਅਤੇ 23 ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਫ਼ੌਜ ਨੇ ਅੱਜ ਕਿਹਾ ਕਿ ਤਾਲਿਬਾਨੀ ਅਤਿਵਾਦੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲੜਾਈ ਜਾਰੀ ਹੈ। ਫ਼ੌਜ ਦੀ 209ਵੀਂ ਸ਼ਾਹੀਨ ਕੋਰ ਨੇ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਬਲਾਂ ਨੇ ਅਫ਼ਗਾਨ ਹਵਾਈ ਫ਼ੌਜ ਦੀ ਮਦਦ ਨਾਲ ਜਵਜ਼ਾਨ ਸੂਬੇ ਦੇ ਸ਼ਿਬਰਗ਼ਨ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਮੋਰਚੇ ਮੱਲੀਂ ਬੈਠੇ ਅਤਿਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ, ਜਿਸ ਵਿੱਚ 45 ਅਤਿਵਾਦੀ ਮਾਰੇ ਗਏ ਅਤੇ ਦਸ ਫੱਟੜ ਹੋ ਗਏ। ਬਿਆਨ ਮੁਤਾਬਕ, ਮਾਰੇ ਗਏ ਅਤਿਵਾਦੀਆਂ ਵਿੱਚ ਪ੍ਰਮੁੱਖ ਡਿਵੀਜ਼ਨਲ ਕਮਾਂਡਰ ਉਬੈਦੁੱਲ੍ਹਾ ਵੀ ਸ਼ਾਮਲ ਹੈ। ਸ਼ਿਨਹੂਆ ਖ਼ਬਰ ਏਜੰਸੀ ਨੇ ਕਿਹਾ ਕਿ ਹਮਲੇ ਵਿੱਚ ਕਈ ਗ਼ੈਰ-ਅਫ਼ਗਾਨੀ ਅਤਿਵਾਦੀਆਂ ਦੀ ਵੀ ਮੌਤ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly