ਵਿਧਾਇਕ ਚੀਮਾ, ਡਿਪਟੀ ਕਮਿਸ਼ਨਰ ਤੇ ਐਸ.ਐਸ. ਪੀ. ਵਲੋਂ ਮੀਟਿੰਗ
ਸਮਾਰਟ ਸਿਟੀ ਪ੍ਰਾਜੈਕਟਾਂ ਲਈ ਟੈਂਡਰ ਪ੍ਰਕ੍ਰਿਆ ਮੁਕੰਮਲ
ਪੇਡਾ ਵਲੋਂ ਸਾਰੀਆਂ ਸਟਰੀਟ ਲਾਇਟਾਂ ਸੂਰਜੀ ਊਰਜਾ ਵਾਲੀਆਂ ਲਾਉਣ ਬਾਰੇ ਸਰਵੇ ਸ਼ੁਰੂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਪਿਛਲੇ ਸਾਲ ਵਾਂਗ ਹੀ ਯਾਦਗਾਰੀ ਤਰੀਕੇ ਨਾਲ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਤਿਆਰੀ ਆਰੰਭ ਕਰ ਦਿੱਤੀ ਗਈ ਹੈ, ਜਿਸ ਲਈ ਅੱਜ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ , ਐਸ.ਐਸ.ਪੀ. ਸ. ਜਸਪ੍ਰੀਤ ਸਿੰਘ ਸਿੱਧੂ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਿਆਰੀਆਂ ਦੀ ਰੂਪ ਰੇਖਾ ਦਾ ਖਾਕਾ ਉਲੀਕਿਆ ਗਿਆ।
ਮੀਟਿੰਗ ਦੌਰਾਨ ਸ. ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਪਿਛਲੇ ਸਾਲ ਦੀ ਤਰਜ਼ ‘ਤੇ ਹੀ ਮਨਾਉਣ ਲਈ ਕਿਹਾ ਗਿਆ ਹੈ, ਜਿਸ ਵਾਸਤੇ ਹੁਣ ਤੋਂ ਹੀ ਕੰਮ ਸ਼ੁਰੂ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਸ਼ੁਰੂ ਕੀਤੇ ਕੰਮਾਂ ਵਿਚੋਂ 235 ਕਰੋੜ ਰੁਪੈ ਦੇ ਕੰਮ ਮੁਕੰਮਲ ਹੋ ਚੁੱਕੇ ਹਨ ਜਦਕਿ ਸਮਾਰਟ ਸਿਟੀ ਲਈ ਟੈਂਡਰ ਪ੍ਰਕ੍ਰਿਆ ਇਸੇ ਹਫਤੇ ਮੁਕੰਮਲ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਲਈ ਨਵੇਂ ਪ੍ਰਸ਼ਾਸ਼ਕੀ ਕੰਪਲੈਕਸ ਤਕੇ 150 ਕਰੋੜ ਰੁਪੈ ਦੀ ਲਾਗਤ ਵਾਲੇ ਰਿੰਗ ਰੋਡ ਨੂੰ ਵੀ ਮੁਕੰਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਤਿਹਾਸਕ ਕਿਲਾ ਸਰਾਏ ਨੂੰ ਹੈਰੀਟੇਜ ਇਮਾਰਤ ਵਜੋਂ ਸੰਭਾਲਿਆ ਜਾਵੇਗਾ।
ਮੀਟਿੰਗ ਦੌਰਾਨ ਇਸ ਗੱਲ ਦਾ ਫੈਸਲਾ ਕੀਤਾ ਗਿਆ ਕਿ ਸ਼ਹਿਰ ਸੁਲਤਾਨਪੁਰ ਲੋਧੀ ਅਤੇ ਉਸਨੂੰ ਆਉਂਦੀਆਂ 4 ਮੁੱਖ ਸੜਕਾਂ, ਜਿਸ ਵਿਚ ਸੁਲਤਾਨਪੁਰ ਤੋਂ ਲੋਹੀਆਂ, ਸੁਲਤਾਨਪੁਰ ਤੋਂ ਆਰ.ਸੀ.ਐਫ. , ਸੁਲਤਾਨਪੁਰ-ਬੂਸੋਵਾਲ ਤੇ ਸੁਲਤਾਨਪੁਰ ਤੋਂ ਤਲਵੰਡੀ ਚੌਧਰੀਆਂ ਵੱਲ ਨੂੰ ਲੱਗੀਆਂ ਸਟਰੀਟ ਲਾਇਟਾਂ ਦੀ ਥਾਂ ਸੂਰਜੀ ਊਰਜਾ ਵਾਲੀਆਂ ਲਾਇਟਾਂ ਲਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਵਲੋਂ ਇਸ ਲਈ ਪੇਡਾ ਦੇ ਅਧਿਕਾਰੀਆਂ ਨੂੰ ਤੁਰੰਤ ਸਰਵੇ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਸਾਫ ਸਫਾਈ ਲਈ ਨਗਰ ਕੌਂਸਲ ਨੂੰ ਵਾਧੂ ਕਰਮਚਾਰੀ ਦੇਣ ਬਾਰੇ ਵੀ ਫੈਸਲਾ ਲਿਆ ਗਿਆ ਅਤੇ ਸਾਰੇ ਸ਼ਹਿਰ ਅੰਦਰ ਕੂੜੇਦਾਨ ਰੱਖਣ ਤੇ ਆਵਾਜਾਈ ਦੇ ਨਿਸ਼ਾਨ ਲਾਉਣ ਬਾਰੇ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਇਸ ਗੱਲ ਉਪਰ ਵੀ ਸਹਿਮਤੀ ਬਣੀ ਕਿ ਪਵਿੱਤਰ ਵੇਈਂ ਦੇ ਕੰਢੇ ਫੂਡ ਕੋਰਟ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਸੈਰ ਸਪਾਟੇ ਨੂੰ ਹੁਲਾਰਾ ਦਿੱਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਤਿਆਰੀਆਂ ਸਬੰਧੀ ਅਗਾਮੀ ਸੋਮਵਾਰ ਨੂੰ ਸੁਲਤਾਨਪੁਰ ਲੋਧੀ ਦਾ ਦੌਰਾ ਕਰਨਗੇ ਤਾਂ ਜੋ ਗੁਰਪੁਰਬ ਦੌਰਾਨ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।
ਐਸ.ਐਸ. ਪੀ. ਸ. ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਸੁਰੱਖਿਆ ਦਸਤਿਆਂ ਦੀਆਂ ਵਾਧੂ ਟੁਕੜੀਆਂ ਤੇ ਸੁਚਾਰੂ ਆਵਾਜਾਈ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਜਦਕਿ ਵੇਈਂ ਕਿਨਾਰੇ ਲੋਕਾਂ ਦੀ ਸੁਰੱਖਿਆ ਲਈ ਗੋਤਾਖੋਰਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਡਰੇਨ ਦੀ ਸਾਫ ਸਫਾਈ ਲਈ ਵੀ ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ ਚਾਬਾ, ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਬੀ.ਡੀ.ਪੀ.ਓ ਗੁਰਪ੍ਰਤਾਪ ਸਿੰਘ ਬੱਲ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਕਾਰਜ ਸਾਧਕ ਅਫਸਰ ਹਾਜ਼ਰ ਸਨ।