ਫ਼ਿਰੋਜ਼ਾਬਾਦ ਵਿੱਚ ਡੇਂਗੂ ਨਾਲ 55 ਮਰੀਜ਼ਾਂ ਦੀ ਮੌਤ

ਫ਼ਿਰੋਜ਼ਾਬਾਦ (ਸਮਾਜ ਵੀਕਲੀ): ਉਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦੇ ਮੈਡੀਕਲ ਕਾਲਜ ਅਤੇ ਕਈ ਹੋਰ ਸਰਕਾਰੀ ਹਸਪਤਾਲਾਂ ਵਿੱਚ ਹੁਣ ਤੱਕ ਡੇਂਗੂ ਤੇ ਵਾਇਰਲ ਬੁਖ਼ਾਰ ਤੋਂ ਪੀੜਤ ਕੁੱਲ 55 ਲੋਕਾਂ ਦੀ ਮੌਤ ਹੋ ਗਈ ਹੈ। ਮੈਡੀਕਲ ਕਾਲਜ ਪ੍ਰ੍ਰਿੰਸੀਪਲ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਪ੍ਰਿੰਸੀਪਲ ਸੰਗੀਤਾ ਅਨੇਜਾ ਨੇ ਦੱਸਿਆ ਕਿ ਡੇਂਗੂ ਅਤੇ ਵਾਇਰਲ ਬੁਖ਼ਾਰ ਤੋਂ ਪੀੜਤ ਕੁੱਲ 171 ਲੋਕਾਂ ਨੂੰ ਇੱਥੇ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ 160 ਨੂੰ ਪਿਛਲੇ 24 ਘੰਟਿਆਂ ਦੌਰਾਨ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 342 ਵਿੱਚੋਂ 107 ਸੈਂਪਲਾਂ ਵਿੱਚ ਡੇਂਗੂ ਪਾਜ਼ੇਟਿਵ ਪਾਇਆ ਗਿਆ ਹੈ।

140 ਲੋਕਾਂ ਦੇ ਕਰੋਨਾ ਟੈਸਟ ਵੀ ਕੀਤੇ ਗਏ, ਜੋ ਨੈਗੇਟਿਵ ਰਹੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਦਾਖ਼ਲ ਅਤੇ ਡਿਸਚਾਰਜ ਕੀਤੇ ਗਏ ਡੇਂਗੂ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਫ਼ਿਰੋਜ਼ਾਬਾਦ ਜ਼ਿਲ੍ਹਾ ਮੈਜਿਸਟ੍ਰੇਟ ਚੰਦਰਾ ਵਿਜੈ ਸਿੰਘ ਨੇ ਐੱਸਡੀਐੱਮ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਚਾਰ ਮੈਂਬਰੀ ਕਮੇਟੀ ਬਣਾਈ ਹੈ। ਇਹ ਪੈਨਲ ਡੇਂਗੂ ਕਾਰਨ ਮਾਰੇ ਗਏ 55 ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਡੀਕਲ ਪਿਛੋਕੜ ਅਤੇ ਹੋਰ ਵੇਰਵੇ ਇਕੱਠੇ ਕਰੇਗਾ। ਡੀਐੱਮ ਵਿਜੈ ਸਿੰਘ ਨੇ ਕਿਹਾ ਕਿ ਪੈਨਲ ਦੀ ਰਿਪੋਰਟ ਵੀਰਵਾਰ ਤੱਕ ਮਿਲ ਜਾਵੇਗੀ। ਫ਼ਿਰੋਜ਼ਾਬਾਦ ਜ਼ਿਲ੍ਹਾ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਡੇਂਗੂ ਨਾਲ ਜੂਝ ਰਿਹਾ ਹੈ। ਵਾਇਰਲ ਬੁਖ਼ਾਰ ਜ਼ਿਆਦਾਤਰ ਬੱਚਿਆਂ ਨੂੰ ਹੋ ਰਿਹਾ ਹੈ। ਇਸੇ ਤਰ੍ਹਾਂ ਦੇ ਕੁੱਝ ਕੇਸ ਗੁਆਂਢੀ ਜ਼ਿਲ੍ਹੇ ਮਥੁਰਾ, ਆਗਰਾ ਅਤੇ ਮੈਨਪੁਰੀ ਵਿੱਚ ਵੀ ਮਿਲੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਖਬੀਰ ਨੂੰ ਜ਼ਮਾਨਤ ਮਿਲੀ
Next articleਅਸਲ ਸ਼ਰੀਅਤ ਕਾਨੂੰਨ ਦੀ ਪਾਲਣਾ ਕਰੇ ਤਾਲਿਬਾਨ: ਮਹਿਬੂਬਾ