ਦਿੱਲੀ ਨਿਗਮ ਚੋਣਾਂ ’ਚ 50 ਫੀਸਦ ਪੋਲਿੰਗ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ 250 ਨਿਗਮ ਵਾਰਡਾਂ ਲਈ ਚੋਣ ਦਾ ਅਮਲ ਅੱਜ ਅਮਨ-ਅਮਾਨ ਨਾਲ ਨਿੱਬੜ ਗਿਆ। ਨਿਗਮ ਚੋਣਾਂ ਵਿੱਚ ਮੁੱਖ ਮੁਕਾਬਲਾ ਆਪ, ਭਾਜਪਾ ਤੇ ਕਾਂਗਰਸ ਦਰਮਿਆਨ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਨਿਗਮ ਚੋਣਾਂ ਲਈ ਲਗਪਗ 50 ਫੀਸਦ ਵੋਟਾਂ ਪਈਆਂ ਹਨ। ਪੰਜ ਸਾਲ ਪਹਿਲਾਂ ਹੋਈਆਂ (ਨਿਗਮ) ਚੋਣਾਂ ਵਿੱਚ 53 ਫੀਸਦ ਪੋਲਿੰਗ ਦਰਜ ਕੀਤੀ ਗਈ ਸੀ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਮਿਉਂਸਿਪਲ ਚੋਣਾਂ ਲਈ ਕੁੱਲ 1349 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤੇ 1.45 ਕਰੋੜ ਤੋਂ ਵੱਧ ਵੋਟਰ ਵੋਟ ਪਾਉਣ ਦੇ ਯੋਗ ਸਨ। ਵੋਟਿੰਗ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸ਼ਾਮੀਂ ਸਾਢੇ ਪੰਜ ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਆਪ ਤੇ ਭਾਜਪਾ ਨੇ ਇਕ ਦੂਜੇ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਾਏ ਹਨ।

ਦਿੱਲੀ ਨਿਗਮ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਜਿੱਥੇ ਭਾਜਪਾ ਤੋਂ ਸੱਤਾ ਹਥਿਆਉਣ ਦੇ ਰੌਂਅ ਵਿੱਚ ਹੈ, ਉਥੇ ਭਾਜਪਾ ਇਨ੍ਹਾਂ ਚੋਣਾਂ ਵਿੱਚ ਲਗਾਤਾਰ ਚੌਥੀ ਵਾਰ ਨਿਗਮ ’ਤੇ ਕਾਬਜ਼ ਹੋਣ ਦੀ ਫਿਰਾਕ ਵਿੱਚ ਹੈ। ਹੱਦਬੰਦੀ ਦੇ ਸੱਜਰੇ ਅਮਲ ਮਗਰੋਂ ਦਿੱਲੀ ਵਿੱਚ ਇਹ ਪਹਿਲੀਆਂ ਨਿਗਮ ਚੋਣਾਂ ਹਨ। ਇਸ ਤੋਂ ਪਹਿਲਾਂ ਅੱਜ ਦਿਨੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਦਿੱਲੀ ਨਗਰ ਨਿਗਮ ਲਈ ਇਮਾਨਦਾਰ ਨਿਜ਼ਾਮ ਨੂੰ ਚੁਣਨ, ਜੋ ਨਤੀਜੇ ਦੇਣ ਦੇ ਸਮਰੱਥ ਹੋਵੇ। ਮੁੱਖ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਨੇ ਸਿਵਲ ਲਾਈਨਜ਼ ਵਿਚਲੇ ਬੂਥ ਵਿਚ ਵੋਟ ਪਾਈ। ਆਪਣੇ ਮਾਤਾ ਪਿਤਾ ਦਾ ਹੱਥ ਫੜੀ ਪੋਲਿੰਗ ਬੂਥ  ਤੋਂ ਬਾਹਰ ਆਏ ਕੇਜਰੀਵਾਲ ਨੇ ਕਿਹਾ, ‘‘ਲੋਕਾਂ ਨੂੰ ਕੰਮ ਕਰਨ ਵਾਲੀ ਤੇ ਇਮਾਨਦਾਰ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ।’’ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਆਪਣੀ ਪਤਨੀ ਨਾਲ ਪੱਛਮੀ ਪਟੇਲ ਨਗਰ ਵਿੱਚ ਵੋਟ ਪਾਈ। ਉਧਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਲੋਕ ਕੰਮ ਲਈ ਵੋਟ ਪਾਉਣ ਤੇ ਦਿੱਲੀ ਨੂੰ ਕੂੜੇ ਦਾ ਢੇਰੇ ਬਣਾਉਣ ਵਾਲਿਆਂ ਨੂੰ ਮੂੰਹ ਨਾ ਲਾਉਣ। ਦਿੱਲੀ ਦੇ ਉਪ ਰਾਜਪਾਲ ਵੀ.ਕੇ.ਸਕਸੈਨਾ ਨੇ ਵੀ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟ ਪਾ ਕੇ ਦਿੱਲੀ ਸ਼ਹਿਰ ਨੂੰ ਅਕਾਰ ਦੇਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ।

ਇਸ ਦੌਰਾਨ ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਨੇ ਵੋਟਰ ਲਿਸਟ ਵਿੱਚ ਆਪਣਾ ਨਾਂ ਗਾਇਬ ਹੋਣ ਦਾ ਦਾਅਵਾ ਕੀਤਾ। ਕੁਮਾਰ ਦੀ ਵੋਟ ਦਾਲੂਪੁਰਾ ਪੋਲਿੰਗ ਬੂਥ ’ਤੇ ਸੀ। 106 ਸਾਲਾ ਸ਼ਾਂਤੀ ਵੈਦਿਆ ਨੇ ਬਾਰਾ ਹਿੰਦੂ ਰਾਓ ਇਲਾਕੇ ਵਿਚਲੇ ਡਿਪਟੀ ਗੰਜ ਪੋਲਿੰਗ ਬੂਥ ’ਤੇ ਵੋਟ ਪਾਈ। ਵੈਦਿਆ ਦੀ ਧੀ ਕਮਲਾ ਨੇ ਕਿਹਾ, ‘‘ਮੇਰੀ ਮਾਂ ਨੇ ਜਦੋਂ ਦੀ ਵੋਟ ਪਾਉਣੀ ਸ਼ੁਰੂ ਕੀਤੀ ਹੈ, ਅਜੇ ਤੱਕ ਇਕ ਵਾਰ ਵੀ ਵੋਟ ਪਾਉਣਾ ਨਹੀਂ ਭੁੱਲੀ। ਮੇਰੀ ਮਾਂ ਬੋਲ ਨਹੀਂ ਸਕਦੀ ਤੇ ਸਿਰਫ਼ ਬੰਗਾਲੀ ਹੀ ਸਮਝਦੀ ਹੈ।’’ ਨਿਗਮ ਚੋਣਾਂ ਲਈ ਦਿੱਲੀ ਵਿੱਚ ਕੁੱਲ 13,638 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਸਨ। ਇਨ੍ਹਾਂ ਵਿਚੋਂ 493 ਟਿਕਾਣਿਆਂ ਵਿਚਲੇ 3360 ਬੂਥਾਂ ਨੂੰ ਨਾਜ਼ੁਕ ਜਾਂ ਸੰਵੇਦਨਸ਼ੀਲ ਐਲਾਨਿਆ ਗਿਆ ਸੀ। 68 ਮਾਡਲ ਤੇ ਇੰਨੇ ਹੀ ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰਬੀਆਈ ਵੱਲੋਂ ਵਿਆਜ ਦਰਾਂ ’ਚ ਵਾਧੇ ’ਤੇ ਨਰਮ ਰੁਖ਼ ਦੇ ਆਸਾਰ
Next articleਕਾਂਗਰਸ ’ਚ ਉਪਰ ਤੋਂ ਹੇਠਾਂ ਤੱਕ ਜਵਾਬਦੇਹੀ ਜ਼ਰੂਰੀ: ਖੜਗੇ