ਕੈਨੇਡਾ ਦੇ ਸੰਸਦ ਮੈਂਬਰਾਂ ਅਤੇ ਪ੍ਰਧਾਨ ਮੰਤਰੀ ਨੂੰ ਕੀਤੀ ਪਟੀਸ਼ਨ
(ਸਮਾਜ ਵੀਕਲੀ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੂਰਬ ਦੀ ਸ਼ਤਾਬਦੀ ਲਈ ਕੈਨੇਡਾ ਦੇ ਪੰਜਾਬੀ ਭਾਈਚਾਰੇ, ਗੈਰ ਸਰਕਾਰੀ ਸੰਗਠਨਾਂ ਨੇ ਅੰਮ੍ਰਿਤਸਰ ਤੋਂ ਵੈਨਕੂਵਰ ਅਤੇ ਟੋਰਾਂਟੋ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਜਿਸ ਨਾਲ ਹਰ ਸਾਲ ਪੰਜਾਬ ਅਤੇ ਕੈਨੇਡਾ ਦਰਮਿਆਨ ਯਾਤਰਾ ਕਰਨ ਵਾਲੇ ਲੱਖਾ ਯਾਤਰੀਆਂ ਨੂੰ ਬਹੁਤ ਹੀ ਸਹੂਲਤ ਹੋਵੇਗੀ।
ਇਸ ਇਤਿਹਾਸਕ ਗੁਰਪੂਰਬ ਦੀ ਸ਼ਤਾਬਦੀ ਮੌਕੇ ਅੰਮ੍ਰਿਤਸਰ ਨਾਲ ਸਿੱਧੇ ਸੰਪਰਕ ਦੀ ਮੰਗ ਕਰਦਿਆਂ, ਪ੍ਰੈਸ ਨੂੰ ਜਾਰੀ ਇਕ ਸਾਂਝੇ ਬਿਆਨ ਵਿੱਚ, ਫਲਾਈਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਅਤੇ ਕੈਨੇਡਾ ਤੋਂ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਅਤੇ ਫਲਾਈਅੰਮ੍ਰਿਤਸਰ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤ ਸਿੰਘ ਢਿੱਲੋਂ ਨੇ ਕਿਹਾ ਕਿ ਕੈਨੇਡਾ ਅਤੇ ਪੰਜਾਬ ਦੇ ਲੱਖਾਂ ਪੰਜਾਬੀ ਇਹਨਾਂ ਸਿੱਧੀਆਂ ਉਡਾਣਾਂ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ।
ਗੁਮਟਾਲਾ ਨੇ ਕਿਹਾ ਕਿ 400ਵੇਂ ਪ੍ਰਕਾਸ਼ ਪੂਰਬ ਸ਼ਤਾਬਦੀ ਸਮਾਗਮਾਂ ਦਾ ਮੁੱਖ ਕੇਂਦਰ ਅੰਮ੍ਰਿਤਸਰ ਹੋਵੇਗਾ। ਇਸ ਸੰਬੰਧੀ ਭਾਰਤ ਅਤੇ ਪੰਜਾਬ ਸਰਕਾਰ, ਨੇ ਦੇਸ਼ ਵਿਦੇਸ਼ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਦਾ ਵੀ ਐਲਾਨ ਕੀਤਾ ਹੈ। ਵਿਦੇਸ਼ ਤੋਂ ਵੀ ਲੱਖਾਂ ਸ਼ਰਧਾਲੂਆਂ ਵੱਲੋਂ ਵੀ ਸਾਲ ਭਰ ਚੱਲਣ ਵਾਲੇ ਇਹਨਾਂ ਸਮਾਗਮਾਂ ਲਈ ਅੰਮ੍ਰਿਤਸਰ ਦੀ ਯਾਤਰਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਅਸੀਂ ਟੋਰਾਂਟੋ, ਬਰੈਮਟਨ, ਮਿਸੀਸਾਗਾ, ਵੈਨਕੂਵਰ, ਸਰੀ, ਐਬਟਸਫੋਰਡ, ਕੈਲਗਰੀ, ਐਡਮਿੰਟਨ, ਵਿਨੀਪੈਗ ਅਤੇ ਹੋਰਨਾਂ ਹਲਕਿਆਂ ਦੇ ਸੰਸਦੀ ਮੈਂਬਰਾਂ, ਮੰਤਰੀਆਂ ਸਮੇਤ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਵੀ ਲਿਖਤੀ ਨੁਮਾਇੰਦਗੀ ਭੇਜੀ ਹੈ। ਪਿਛਲੇ ਸਾਲ ਮਾਰਚ 2020 ਵਿੱਚ ਹਜ਼ਾਰਾਂ ਕੈਨੇਡੀਅਨ ਪਰਿਵਾਰ ਮਹਾਂਮਾਰੀ ਨਾਲ ਸਬੰਧਤ ਹਵਾਈ ਯਾਤਰਾ ਦੇ ਬੰਦ ਹੋਣ ਕਾਰਨ ਭਾਰਤ ਵਿੱਚ ਫਸ ਗਏ ਸਨ ਜਿਸ ਵਿਚ ਸਭ ਤੋਂ ਵੱਧ, 40000 ਦੇ ਕਰੀਬ ਪੰਜਾਬ ਵਿਚ ਸਨ। ਉਸ ਸਮੇਂ ਵੀ ਇਹਨਾਂ ਹਜਾਰਾਂ ਫਸੇ ਹੋਏ ਪੰਜਾਬੀਆਂ ਦੀ ਕੈਨੇਡਾ ਸਰਕਾਰ ਤੋਂ ਇਹੀ ਮੰਗ ਸੀ ਕਿ ਸਾਨੂੰ ਦਿੱਲੀ ਦੀ ਬਜਾਏ ਅੰਮ੍ਰਿਤਸਰ ਤੋਂ ਉਡਾਣਾਂ ਤੇ ਵਾਪਸ ਕੈਨੇਡਾ ਲਿਜਾਇਆ ਜਾਵੇ।
ਢਿੱਲੋਂ ਦਾ ਕਹਿਣਾ ਹੈ ਕਿ ਇਸ ਮੁਕੰਮਲ ਤਾਲਾਬੰਦੀ ਦੌਰਾਨ, ਅਪ੍ਰੈਲ-ਮਈ ਦੇ ਮਹੀਨੇ ਵਿੱਚ, ਕਤਰ ਏਅਰਵੇਜ਼ ਅਤੇ ਏਅਰ ਇੰਡੀਆ ਵਲੋਂ ਸੰਚਾਲਤ 25 ਤੋਂ ਵੱਧ ਵਿਸ਼ੇਸ਼ ਉਡਾਣਾਂ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 7500 ਤੋਂ ਵੀ ਵੱਧ ਕੈਨੇਡੀਅਨ ਆਪਣੇ ਘਰ ਪਹੁੰਚੇ। ਇਸ ਲਈ ਉਹਨਾਂ ਨੂੰ ਇਕ ਪਾਸੇ ਦੀ ਹਵਾਈ ਉਡਾਣ ਲਈ 2800 ਤੋਂ 3500 ਡਾਲਰ ਵੀ ਖਰਚਣੇ ਪਏ। ਇਹਨਾਂ ਹਜਾਰਾਂ ਯਾਤਰੀਆਂ ਦੇ ਕਿਰਾਏ ਦਾ ਕੁਲ ਜੋੜ ਲਗਭਗ 26 ਮਿਲੀਅਨ ਕੈਨੇਡੀਅਨ ਡਾਲਰ ਜਾਂ 140 ਕਰੋੜ ਰੁਪਏ ਬਣਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਇਹ ਵੀ ਸਾਬਤ ਹੋ ਗਿਆ ਕਿ ਪੰਜਾਬੀ, ਦਿੱਲੀ ਦੀ ਬਜਾਏ ਅੰਮ੍ਰਿਤਸਰ ਨੂੰ ਤਰਜੀਹ ਦਿੰਦੇ ਹਨ ਅਤੇ ਜੇਕਰ ਪੰਜਾਬੀਆਂ ਨੂੰ ਸਿੱਧੀਆਂ ਅੰਮ੍ਰਿਤਸਰ ਤੋਂ ਉਡਾਣਾਂ ਮਿਲਣ ਤਾਂ ਉਹ ਵੱਧ ਕਿਰਾਇਆ ਦੇਣ ਲਈ ਵੀ ਤਿਆਰ ਹਨ। ਇਸ ਲਈ ਏਅਰਲਾਈਨਾਂ ਵਾਸਤੇ ਇਹ ਮੁਨਾਫੇ ਵਾਲਾ ਰੂਟ ਹੋ ਸਕਦਾ ਹੈ।
ਫਲਾਈਅੰਮ੍ਰਿਤਸਰ ਇਨੀਸ਼ਿਏਟਿਵ ਦੇ ਬੁਲਾਰੇ, ਸਰੀ ਦੇ ਵਸਨੀਕ ਮੋਹਿਤ ਧੰਜੂ, ਜਿਸਦਾ ਪਰਿਵਾਰ ਵੀ ਮਾਰਚ 2020 ਵਿੱਚ ਤਾਲਾਬੰਦੀ ਦੌਰਾਨ ਪੰਜਾਬ ਵਿਚ ਫਸ ਗਿਆ ਸੀ ਨੇ ਦੱਸਿਆ ਕਿ ਕੈਨੇਡਾ ਦੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਤੱਕ ਇਸ ਮੰਗ ਨੂੰ ਪਹੰਚਾਉਣ ਲਈ ਪਟੀਸ਼ਨ ਤਿਆਰ ਕੀਤੀ ਗਈ ਹੈ। ਪੰਜਾਬੀ ਭਾਈਚਾਰੇ ਦੇ ਸਮਰਥਨ ਨਾਲ ਸਰੀ, ਨਿਉਟਨ, ਬਰਨਬੀ, ਐਬਟਸਫੋਰਡ ਅਤੇ ਹੋਰਨਾਂ ਹਲਕਿਆ ਦੇ ਸੈਂਕੜੇ ਵਸਨੀਕ ਇਹਨਾਂ ਤੇ ਦਸਤਖਤ ਕਰ ਚੁੱਕੇ ਹਨ। ਵਸਨੀਕਾਂ ਵਲੋਂ ਸੰਸਦ ਮੈਂਬਰਾਂ ਨੂੰ ਇਸ ਸੰਬੰਧੀ ਸਿੱਧੀ ਈਮੇਲ ਵੀ ਕੀਤੀਆਂ ਗਈਆਂ ਹਨ। ਪੱਤਰ ਵਿੱਚ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਇਸ ਮਾਮਲੇ ਵਿੱਚ ਨਿੱਜੀ ਦਿਲਚਸਪੀ ਲੈਣ ਦੀ ਅਪੀਲ ਕੀਤੀ ਹੈ।
ਧੰਜੂ ਨੇ ਕਿਹਾ ਕਿ ਭਾਈਚਾਰੇ ਵਲੋਂ ਆਪਣੇ ਸੰਸਦ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅੰਮ੍ਰਿਤਸਰ ਨੂੰ ਟੋਰਾਂਟੋ ਅਤੇ ਵੈਨਕੂਵਰ ਨਾਲ ਜੋੜਣ ਸੰਬੰਧੀ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਏਅਰ ਇੰਡੀਆ ਤੱਕ ਵੀ ਪਹੁੰਚ ਕਰਨ। ਇਹ ਵੀ ਮੰਗ ਕੀਤੀ ਗਈ ਹੈ ਕਿ ਉਹ ਕੈਨੇਡਾ ਦੀ ਏਅਰਲਾਈਨ ਏਅਰ ਕਨੇਡਾ ਨਾਲ ਵੀ ਇਸ ਸੰਬੰਧੀ ਗੱਲਬਾਤ ਕਰਨ ਤਾਂ ਜੋ ਆਉਣ ਵਾਲੇ ਮਹੀਨਿਆਂ ਵਿੱਚ ਉਡਾਣਾਂ ਦੇ ਵਧਣ ਨਾਲ, ਅੰਮ੍ਰਿਤਸਰ ਲਈ ਉਡਾਣ ਸ਼ੁਰੂ ਕਰਨ ਲਈ ਵੀ ਵਿਚਾਰ ਕੀਤੀ ਜਾਵੇ। ਇਹ ਦੋਨੋਂ ਏਅਰਲਾਈਨਾਂ ਇਸ ਸਮੇਂ ਦਿੱਲੀ ਤੋਂ ਇਹਨਾਂ ਦੋਨਾਂ ਸ਼ਹਿਰਾਂ ਲਈ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ।
ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਬਰਾੜ ਅਤੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ ਨੇ ਵੀ ਇੱਕ ਲਿਖਤੀ ਪੱਤਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ 400 ਸਾਲਾ ਸ਼ਤਾਬਦੀ ਦੌਰਾਨ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ ਜਿਸ ਨਾਲ ਲੱਖਾਂ ਯਾਤਰੀਆਂ ਨੂੰ ਲਾਭ ਹੋਵੇਗਾ ਅਤੇ ਵਿਸ਼ਵ ਭਰ ਵਿੱਚ ਸਦਭਾਵਨਾ ਦਾ ਸੰਦੇਸ਼ ਮਿਲੇਗਾ।
ਭਾਰਤ ਸਰਕਾਰ ਨੇ ਨਵੰਬਰ 2019 ਵਿਚ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਨੂੰ ਸਮਰਪਿਤ ਅੰਮ੍ਰਿਤਸਰ – ਲੰਡਨ ਸਟੇਨਸਟੈਡ (ਯੂਕੇ) ਲਈ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਸੀ ਜਿਸ ਲਈ ਏਅਰ ਇੰਡੀਆ ਨੇ ਆਪਣੇ ਜਹਾਜ ਤੇ ‘ਇਕ ਓਂਕਾਰ’ ਵੀ ਲਿਖਿਆ ਸੀ। ਮੰਚ ਨੇਤਾਵਾਂ ਨੇ ਕਿਹਾ ਕਿ ਸਰਕਾਰ ਦੁਆਰਾ 550 ਸਾਲਾ ਤੇ ਕੀਤਾ ਗਿਆ ਇਹ ਉਪਰਾਲਾ ਭਾਰਤ ਵਲੋਂ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਸ਼ਮੂਲੀਅਤ ਦੀ ਇਕ ਵਿਲੱਖਣ ਉਦਾਹਰਣ ਸੀ ਜਿਸ ਦਾ ਸੰਦੇਸ਼ ਪੂਰੀ ਦੁਨੀਆ ਵਿੱਚ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਲੰਡਨ ਲਈ ਉਡਾਣ ਦੀ ਸ਼ੁਰੂਆਤ ਦਾ ਸਿੱਖ ਅਤੇ ਪੰਜਾਬੀ ਭਾਈਚਾਰੇ