* 36 ਸਾਲਾਂ ਬਾਦ ਆਪਣੇ ਪਿੰਡ ਖੁਰਦਪੁਰ ਵਿੱਚ ਲੋਹੜੀ ਦੇਖੀ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
(ਸਮਾਜ ਵੀਕਲੀ) ਰੋਜ਼ਗਾਰ ਪ੍ਰਾਪਤੀ ਲਈ ਅਤੇ ਵਧੀਆ ਭਵਿੱਖ ਲਈ ਮੈਂ 36 ਸਾਲ ਪਹਿਲਾਂ ਪੰਜਾਬ ਛੱਡ ਦਿੱਤਾ ਸੀ ਅਤੇ ਨਿਊਜ਼ੀਲੈਂਡ ਜਾ ਵਸਿਆ ਸੀ l ਫਿਰ ਵੀ ਰੋਜ਼ਗਾਰ ਸੌਖਾ ਨਾ ਮਿਲਿਆ ਅਤੇ ਨਾ ਹੀ ਵਧੀਆ ਭਵਿੱਖ ਸੌਖਾ ਮਿਲਿਆ l ਇਸ ਪ੍ਰਾਪਤੀ ਲਈ ਕਈ ਦਹਾਕੇ ਬੀਤ ਗਏ l ਕੱਚਾ ਹੋਣ ਕਾਰਣ ਪਹਿਲੇ ਦਸ ਸਾਲ ਪਿੰਡ ਗੇੜਾ ਨਾ ਮਾਰ ਸਕਿਆ l ਦੋਸਤਾਂ ਨਾਲ ਖੇਡਣਾ, ਗਲਵਕੜੀਆਂ ਪਾਉਣੀਆਂ ਅਤੇ ਬਜ਼ੁਰਗਾਂ ਦੀਆਂ ਅਸੀਸਾਂ ਤੋਂ ਬਿਲਕੁਲ ਵਾਂਝਾ ਹੋ ਗਿਆ ਸੀ l  ਉਸ ਸਮੇਂ ਵਟਸਐਪ ਜਾਂ ਸੋਸ਼ਲ ਮੀਡੀਆ ਨਹੀਂ ਸੀ ਅਤੇ ਪੰਜਾਬ ਨੂੰ ਫੋਨ ਕਰਨਾ ਵੀ ਸਵਾ ਤਿੰਨ ਡਾਲਰ ਪ੍ਰਤੀ ਮਿੰਟ ਹੁੰਦਾ ਸੀ ਜਿਸ ਕਾਰਣ ਵਿਛੋੜਿਆਂ ਦਾ ਦਰਦ ਹੋਰ ਵੀ ਗੰਭੀਰ ਹੋ ਗਿਆ ਸੀ l  ਇਸ ਸਮੇਂ ਦੌਰਾਨ ਪੰਜਾਬ ਵਿੱਚ ਮਨਾਏ ਜਾਂਦੇ ਤਿਉਹਾਰਾਂ ਅਤੇ ਖੁਸ਼ੀਆਂ ਤੋਂ ਬਿਲਕੁਲ ਟੁੱਟ ਗਿਆ ਸੀ l ਪਿੰਡ ਵਿੱਚ ਆਪਣੇ ਪੇਂਡੂਆਂ ਤੋਂ ਮਿਲਣ ਵਾਲੇ ਪਿਆਰ ਤੋਂ ਦੂਰ ਹੋ ਗਿਆ ਸੀ l  ਦਸ ਸਾਲਾਂ ਬਾਦ ਹਰ ਇੱਕ ਦੋ ਸਾਲਾਂ ਬਾਦ ਪੰਜਾਬ ਗੇੜੀ ਮਾਰਨੀ ਪਰ ਪਿੰਡ ਵਿੱਚ ਲੋਹੜੀ ਨਹੀਂ ਦੇਖ ਸਕਿਆ ਸੀ l  ਇਸ ਵਾਰ ਤਕਰੀਬਨ ਸਾਢੇ ਤਿੰਨ ਮਹੀਨੇ ਲਈ ਪੰਜਾਬ ਆਇਆ l ਖੁੱਲ੍ਹਾ ਸਮਾਂ ਸੀ ਅਤੇ ਬਹੁਤ ਸਾਰੇ  ਦੋਸਤਾਂ ਨੂੰ ਮਿਲਿਆ l ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਤਾਂ ਸਭ ਮਿਲਦੇ ਹਨ ਪਰ ਮੈਂ ਕਾਫੀ ਸਮਾਂ ਉਨ੍ਹਾਂ ਵਿਚਾਰਧਾਰਕ ਸਾਥੀਆਂ ਨਾਲ ਵੀ ਬਿਤਾਇਆ ਜਿਹੜੇ ਸਮਾਜ ਵਿੱਚ ਪਰੈਕਟੀਕਲ ਬਦਲਾਓ ਲਿਆਉਣ ਲਈ ਲਗਾਤਾਰ ਉਪਰਾਲੇ ਕਰਦੇ ਰਹਿੰਦੇ ਹਨ l  ਪਿੰਡ ਵਿੱਚੋਂ ਬਹੁਤ ਲੋਕ ਮੈਨੂੰ ਜਾਂ ਮੈਂ ਉਨ੍ਹਾਂ ਨੂੰ ਪਹਿਚਾਣਦਾ ਨਹੀਂ ਸੀ l ਮੈਂ ਕਿਸੇ ਨੂੰ ਬੁਲਾਉਂਦਾ ਜਾਂ ਕੋਈ ਮੈਨੂੰ ਬੁਲਾਉਂਦਾ ਤਾਂ ਪਹਿਲਾਂ ਇੱਕ ਦੂਜੇ ਦੀ ਜਾਣ ਪਹਿਚਾਣ ਕਰਾਉਣੀ ਪੈਂਦੀ ਸੀ l ਫੇਸਬੁੱਕ ਰਾਹੀਂ ਜੁੜੇ ਪਿੰਡ ਵਾਸੀ ਤਾਂ ਮੈਨੂੰ ਅਰਾਮ ਨਾਲ ਪਹਿਚਾਣ ਲੈਂਦੇ ਸਨ l ਮੇਰੇ ਗੁਆਂਢੀ ਅਤੇ ਬਚਪਨ ਦੇ ਦੋਸਤ Amarjit Singh Atwal  ਨੇ ਪਿੰਡ ਵਾਸੀਆਂ ਨਾਲ ਜਾਣ ਪਹਿਚਾਣ ਕਰਵਾਉਣ ਵਿੱਚ ਬਹੁਤ ਮੱਦਦ ਕੀਤੀ ਅਤੇ ਕਈ ਘਰਾਂ ਵਿੱਚ ਮੇਰੇ ਨਾਲ ਵੀ ਗਿਆ l  ਇਸੇ ਸਮੇਂ ਦੌਰਾਨ ਲੋਹੜੀ ਦਾ ਤਿਉਹਾਰ ਆ ਗਿਆ l ਸਾਡੇ ਪਿੰਡ ਅਜੇ ਵੀ ਕਾਫੀ ਗਿਣਤੀ ਵਿੱਚ ਬੱਚੇ ਲੋਹੜੀ ਮੰਗਦੇ ਹਨ l ਉਸ ਦਿਨ ਮੇਰੀ ਕੋਸ਼ਿਸ਼ ਰਹੀ ਕਿ ਸਾਰੇ ਕੁੜੀਆਂ ਮੁੰਡਿਆਂ ਨੂੰ ਲੋਹੜੀ ਆਪ ਹੀ ਪਾਵਾਂ ਕਿਉਂਕਿ ਮੈਂ ਉਨ੍ਹਾਂ ਸਾਰਿਆਂ ਨੂੰ ਮਿਲਣਾ ਚਾਹੁੰਦਾ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਜਾਨਣਾ ਚਾਹੁੰਦਾ ਸੀ l  ਮੈਂ ਉਨ੍ਹਾਂ ਲੋਹੜੀ ਮੰਗਣ ਵਾਲੇ ਬੱਚਿਆਂ ਤੋਂ ਨਾਮ ਪੁੱਛੇ, ਉਨ੍ਹਾਂ ਦੇ ਬਜ਼ੁਰਗਾਂ ਦੇ ਨਾਮ ਪੁੱਛੇ ਅਤੇ ਪੁੱਛਿਆ ਕਿ ਉਨ੍ਹਾਂ ਦਾ ਪਿੰਡ ਵਿੱਚ ਘਰ ਕਿੱਥੇ ਕੁ ਹੈ? ਬੱਚਿਆਂ ਨੇ ਖੁਸ਼ ਹੋ ਕੇ ਮੈਨੂੰ ਇਹ ਸਾਰੀ ਜਾਣਕਾਰੀ ਦਿੱਤੀ l ਇਸ ਤਰਾਂ ਮੇਰੀ ਬੱਚਿਆਂ ਅਤੇ ਪਰਿਵਾਰਾਂ ਨਾਲ ਸਾਰਾ ਦਿਨ ਜਾਣ ਪਛਾਣ ਹੋਈ l  ਕੁੱਝ 4 ਤੋਂ 6 ਕੁ ਸਾਲ ਦੀਆਂ ਬੱਚੀਆਂ ਵੀ ਲੋਹੜੀ ਮੰਗਣ ਆਈਆਂ l ਉਨ੍ਹਾਂ ਵਿੱਚ ਦੋਂ ਨੂੰ ਮੈਂ ਨਾਮ ਪੁੱਛੇ ਅਤੇ ਪਰਿਵਾਰਾਂ ਬਾਰੇ ਪੁੱਛਿਆ l ਇੱਕ ਨੇ ਨਾਮ ਦੱਸਿਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਦੂਜੀ ਤੇਰੀ ਕੀ ਲਗਦੀ ਹੈ? ਉਹ ਕਹਿੰਦੀ ਇਹ ਮੇਰੇ ਡੈਡੀ ਦੇ ਭਰਾ ਦੀ ਕੁੜੀ ਹੈ l ਮੈਂ ਕਿਹਾ ਕਿ ਤੇਰੇ ਡੈਡੀ ਦਾ ਭਰਾ ਤੇਰਾ ਕੀ ਲਗਦਾ ਹੈ? ਉਹ ਕਹਿੰਦੀ ਕਿ ਚਾਚਾ ਲਗਦਾ ਹੈ l ਮੈਂ ਕਿਹਾ ਕਿ ਫਿਰ ਇਹ ਤੇਰੇ ਚਾਚੇ ਦੀ ਕੁੜੀ ਹੋਈ l ਉਸ ਨੇ ਹਾਂ ਵਿੱਚ ਸਿਰ ਹਿਲਾਇਆ l
ਕੁੱਝ ਸਮੇਂ ਬਾਦ ਉਹ ਦੋਨੋਂ ਕੁੜੀਆਂ ਇੱਕ ਹੋਰ ਕੁੜੀ ਨੂੰ ਲੈ ਕੇ ਆਈਆਂ ਜੋ ਸ਼ਾਇਦ ਛੋਟੀ ਹੋਣ ਕਰਕੇ ਜਾਂ ਸੰਗਦੀ ਹੋਣ ਕਰਕੇ ਬਹੁਤ ਘੱਟ ਬੋਲਦੀ ਸੀ l ਉਹ ਦੋਨੋਂ ਆਖਣ ਲੱਗੀਆਂ ਕਿ ਅੰਕਲ ਜੀ ਤੁਸੀਂ ਇਸ ਨੂੰ ਵੀ ਲੋਹੜੀ ਪਾ ਦਿਓ l ਹੁਣ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਉਸ ਪਾਸੋਂ ਵੀ ਉਹੀ ਸਵਾਲ ਪੁੱਛਾਂਗਾ l ਇਸ ਕਰਕੇ ਉਨ੍ਹਾਂ ਦੋਨਾਂ ਨੇ ਉਸ ਛੋਟੀ ਬੱਚੀ ਬਾਰੇ ਆਪ ਹੀ ਦੱਸਣਾ ਸ਼ੁਰੂ ਕੀਤਾ ਕਿ ਇਸ ਦਾ ਨਾਮ ਇਹ ਹੈ, ਇਹ ਫਲਾਣੇ ਦੀ ਬੇਟੀ ਹੈ, ਇਸ ਦਾ ਘਰ ਉੱਥੇ ਹੈ ਅਤੇ ਅਸੀਂ ਦੋਨੋਂ ਇਸ ਦੀਆਂ ਭੂਆ ਲਗਦੀਆਂ ਹਾਂ l ਉਨ੍ਹਾਂ ਵਲੋਂ ਏਨੀ ਜਾਣਕਾਰੀ ਸੁਣ ਕੇ ਮੈਂ ਹੈਰਾਨ ਹੋ ਗਿਆ ਕਿ ਬੱਚੇ ਕਿੰਨੀ ਜਲਦੀ ਗੱਲ ਸਮਝ ਜਾਂਦੇ ਹਨ? ਰਾਤ ਵੇਲੇ ਇੱਕ ਘਰ ਵਿੱਚ ਲੋਹੜੀ ਦੌਰਾਨ ਉਹੀ ਬੱਚੀਆਂ ਮੈਨੂੰ ਫਿਰ ਮਿਲ ਪਈਆਂ, ਮੈਂ ਉਨ੍ਹਾਂ ਨੂੰ ਪਹਿਚਾਣ ਲਿਆ ਅਤੇ ਪੁੱਛਿਆ ਕਿ ਮੈਂ ਕੌਣ ਹਾਂ ਅਤੇ ਸਾਡਾ ਘਰ ਕਿੱਥੇ ਹੈ? ਉਨ੍ਹਾਂ ਮੈਨੂੰ ਫਟਾ ਫਟ ਸਭ ਕੁੱਝ ਦੱਸ ਦਿੱਤਾ l ਇਸ ਤਰਾਂ ਬੱਚਿਆਂ ਨਾਲ ਗੱਲਾਂ ਕਰਦਿਆਂ ਮੇਰਾ ਦਿਨ ਬਹੁਤ ਖੂਬਸੂਰਤ ਰਿਹਾ l  ਰਾਤ ਹੋਈ ਤਾਂ ਕਈ ਘਰਾਂ ਵਿੱਚ ਲੋਹੜੀ ਪਾਈ ਜਾਣੀ ਸੀ ਅਤੇ ਪਾਰਟੀਆਂ ਵੀ ਸਨ l ਮੈਂ ਉਨ੍ਹਾਂ ਸਾਰਿਆਂ ਦੇ ਘਰਾਂ ਵਿੱਚ ਗਿਆ ਅਤੇ ਸਾਰੇ ਆਏ ਹੋਏ ਪੇਂਡੂਆਂ ਅਤੇ ਰਿਸ਼ਤੇਦਾਰਾਂ ਨੂੰ ਮਿਲਿਆ l  ਇਸ ਤਰਾਂ ਇਹ ਲੋਹੜੀ ਦਾ ਤਿਉਹਾਰ ਮੇਰੇ ਲਈ ਲੋਹੜੀ ਦੇ ਨਾਲ ਨਾਲ ਜਾਣ ਪਹਿਚਾਣ ਦਾ ਤਿਉਹਾਰ ਬਣ ਗਿਆ l  ਸੱਚਮੁੱਚ ਇਹ 36 ਸਾਲਾਂ ਬਾਦ ਦਿਸੀ ਜਾਣ ਵਾਲੀ ਲੋਹੜੀ ਮੇਰੇ ਲਈ ਬਹੁਤ ਖਾਸ ਸੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਨੂੰ ਜੰਗਲ ਰਾਜ ਬਣਨ ਤੋਂ ਰੋਕਿਆ ਜਾਵੇ
Next articleਮਾਂ ਬੋਲੀ