ਜ਼ੀਰਕਪੁਰ (ਸਮਾਜ ਵੀਕਲੀ): ਇੱਥੇ ਜ਼ੀਰਕਪੁਰ-ਪਟਿਆਲਾ ਮਾਰਗ ’ਤੇ ਅੱਜ ਸਵੇਰੇ ਲੋਹਗੜ੍ਹ ਮੋੜ ਨੇੜੇ ਇੱਕ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਇਕ 15 ਸਾਲਾ ਦੇ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਟਰਾਲਾ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਟਰਾਲਾ ਚਾਲਕ ਹਬੀਬ ਖਾਨ ਵਾਸੀ ਤਿਲਕ ਨਗਰ ਬੀਕਾਨੇਰ ਰਾਜਸਥਾਨ ਤੋਂ ਟਾਈਲਾਂ ਲੈ ਕੇ ਪੰਚਕੂਲਾ ਜਾ ਰਿਹਾ ਸੀ। ਇਸ ਦੌਰਾਨ ਲੋਹਗੜ੍ਹ ਮੋੜ ਨੇੜੇ ਅਚਾਨਕ ਸੰਤੁਲਨ ਵਿਗੜ ਗਿਆ ਤੇ ਟਰਾਲਾ ਸਰਵਿਸ ਰੋਡ ਦੇ ਡਿਵਾਈਡਰ ’ਤੇ ਚੜ੍ਹ ਗਿਆ। ਟਰਾਲੇ ਦੀ ਰਫ਼ਤਾਰ ਤੇਜ਼ ਹੋਣ ਕਾਰਨ ਪਹਿਲਾਂ ਉਸ ਨੇ ਸੜਕ ਕੰਢੇ ਲੱਗੇ ਬਿਜਲੀ ਦੇ ਖੰਭੇ ਨੂੰ ਤੋੜਿਆ, ਫਿਰ ਇਕ ਖਾਲੀ ਪਲਾਟ ਦੀ ਚਾਰਦੀਵਾਰੀ ਤੇ ਗੇਟ ਤੋੜਦਾ ਹੋਇਆ ਪਲਟ ਗਿਆ। ਹਾਦਸੇ ਦੌਰਾਨ ਖਾਲੀ ਪਲਾਟ ਵਿੱਚ ਖੜ੍ਹੇ ਦੋ ਵਿਅਕਤੀ ਬੁਰੀ ਤਰ੍ਹਾਂ ਟਰਾਲੇ ਹੇਠ ਦਰੜੇ ਗਏ। ਲੋਕਾਂ ਨੇ 25 ਸਾਲਾ ਦੇ ਖੁਰਸ਼ੀਦ ਅਤੇ 24 ਸਾਲਾ ਦੇ ਭਾਈਲਾਲ ਨੂੰ ਬਾਹਰ ਕੱਢਿਆ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਇਹ ਦੋਵੇਂ ਨੌਜਵਾਨ ਨੇੜੇ ਧਰਮ ਕੰਢੇ ਦੇ ਨੇੜੇ ਇਕ ਤੂੜੀ ਦੀ ਟਾਲ ’ਤੇ ਮਜ਼ਦੂਰੀ ਕਰਦੇ ਸਨ। ਹਾਦਸਾ ਵਾਪਰਨ ਦੇ ਕਾਫ਼ੀ ਸਮੇਂ ਬਾਅਦ ਪਤਾ ਲੱਗਿਆ ਕਿ ਟਰਾਲੇ ਹੇਠ ਕੋਈ ਹੋਰ ਵਿਅਕਤੀ ਵੀ ਦੱਬਿਆ ਹੋਇਆ ਹੈ। ਇਸ ਮਗਰੋਂ ਪੁਲੀਸ ਨੇ ਕਰੇਨ ਮੰਗਵਾ ਕੇ ਟਰਾਲੇ ਥੱਲਿਓਂ 15 ਸਾਲਾ ਬੱਚੇ ਦੀ ਲਾਸ਼ ਮਿਲੀ, ਜਿਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਟਰਾਲੇ ਵਿੱਚ ਹੀ ਡਰਾਈਵਰ ਨਾਲ ਬੈਠਾ ਸੀ। ਗੱਡੀ ਵਿੱਚੋਂ ਇਕ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly