ਡਰੱਗ ਵੇਚਣ ਆਏ ਆਰੋਪੀ ਦੀ ਤਾਲਾਸ਼ ਲਈ ਛਾਪੇਮਾਰੀ ਜਾਰੀ
ਪਿਸਤੌਲ ਦੀ ਨੋਕ ਤੇ ਖੋਹੀ ਇਨੋਵਾ ਕਾਰ ਵੀ ਹੋਈ ਬਰਾਮਦ, ਆਰੋਪੀ ਗ੍ਰਿਫ਼ਤਾਰ
ਫ਼ਿਰੋਜ਼ਪੁਰ- ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੁਲਿਸ ਦਿਨ ਰਾਤ ਨਾਕਾਬੰਦੀ ਕਰਕੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹਾ ਪੁਲਿਸ ਦੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਪੁਲਿਸ ਨੇ ਕਰੀਬ ਸਾਢੇ 3 ਲੱਖ ਰੁਪਏ ਦੀ ਡਰੱਗ ਮਨੀ ਨਾਲ ਖ਼ਰੀਦਦਾਰ ਗ੍ਰਿਫ਼ਤਾਰ ਕੀਤਾ। ਜਦਕਿ ਡਰੱਗ ਵੇਚਣ ਆਇਆ ਆਰੋਪੀ ਫ਼ਰਾਰ ਹੋ ਗਿਆ। ਸ਼ੁਕਰਵਾਰ ਸ਼ਾਮ ਨੂੰ ਜੁਆਇੰਟ ਪ੍ਰੈੱਸ ਕਾਨਫ਼ਰੰਸ ਵਿਚ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਐਸ.ਐਸ.ਪੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਿਸ ਨੇ ਬਸਤੀ ਹਾਜੀ ਵਾਲਾ ਦੇ ਰਹਿਣ ਵਾਲੇ ਗੁਰਦੇਵ ਸਿੰਘ ਤੋਂ 100 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਸਾਢੇ 3 ਲੱਖ ਰੁਪਏ ਦੀ ਡਰੱਗਮਨੀ ਵੀ ਫੜੀ ਗਈ ਹੈ। ਜਦਕਿ ਡਰੱਗ ਵੇਚਣ ਆਏ ਆਰੋਪੀ ਦੀ ਪਹਿਚਾਣ ਜ਼ੀਰਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਦੀ ਨਾਕੇਬੰਦੀ ਦਾ ਹੀ ਅਸਰ ਹੈ ਕਿ ਇੱਕ ਆਈ-20 ਕਾਰ ਤੋਂ ਹਥਿਆਰ ਅਤੇ 90 ਹਜ਼ਾਰ ਰੁਪਏ ਕੈਸ਼ ਦੀ ਰਿਕਵਰੀ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਨਹੀਂ ਚੱਲ ਸਕਦਾ। ਅਸਲਾ ਲਾਈਸੈਂਸੀ ਹੈ ਜਾ ਗੈਰ ਲਾਇਸੰਸੀ ਇਸ ਦੀ ਵੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿਛਲੇ ਸਾਲ ਦਸੰਬਰ ਮਹੀਨੇ ਗੁਰੂਹਰਸਹਾਏ ਤੋਂ ਲੂੱਟੀ ਗਈ ਆਲਟੋ ਕਾਰ ਵੀ ਬਰਾਮਦ ਕਰਕੇ ਆਰੋਪੀ ਗ੍ਰਿਫ਼ਤਾਰ ਕੀਤੇ ਗਏ ਹਨ, ਦੋਸ਼ੀ ਕਪਿਲ ਮਲਹੋਤਰਾ ਅਤੇ ਪਤਨੀ ਤੋਂ ਪੁੱਛਗਿੱਛ ਜਾਰੀ ਹੈ। ਐਸ.ਐਸ.ਪੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਿਸ ਦੀ ਮੁਸ਼ਤੈਦੀ ਦਾ ਨਤੀਜਾ ਹੈ ਕਿ ਇਸ ਵਾਰ ਹੋਲੀ ”ਤੇ ਵੀ ਕੋਈ ਛੇੜ-ਛਾੜ ਜਾਂ ਮਾਰ ਕੁੱਟ ਦਾ ਪਰਚਾ ਦਰਜਾ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹੋਲੀ ਤੇ ਕਰੀਬ 20-25 ਸ਼ਿਕਾਇਤਾਂ ਦਰਜ ਹੁੰਦੀਆਂ ਸਨ, ਜਦਕਿ ਇਸ ਵਾਰ ਕੋਈ ਵੀ ਐਫ.ਆਈ.ਆਰ ਦਰਜ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ 24 ਘੰਟਾ ਸਿਕਊਰਟੀ ਮੁਹੱਈਆ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਤਹਿਤ ਪੀ.ਸੀ.ਆਰ ਦੀਆਂ ਟੀਮਾਂ ਨੂੰ ਫ਼ੀਲਡ ਵਿਚ ਉਤਾਰਿਆ ਜਾਵੇਗਾ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੂਰੇ ਤਾਲਮੇਲ ਨਾਲ ਕੰਮ ਕਰ ਰਿਹਾ ਹੈ। ਦੋਨਾਂ ਵਿਭਾਗਾਂ ਵੱਲੋਂ ਸ਼ਹਿਰ ਦੀ ਸੁਰੱਖਿਆ ਲਈ 24 ਘੰਟੇ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿਚ ਚੋਣ ਜ਼ਾਬਤਾ ਦੇ ਮੱਦੇਨਜ਼ਰ ਕੁੱਲ 111 ਤੋਂ ਵੀ ਜ਼ਿਆਦਾ ਟੀਮਾਂ ਤਾਇਨਾਤ ਹਨ। ਇਨ੍ਹਾਂ ਵਿਚੋਂ ਸਟੈਟਿਕ ਦੀਆਂ 14 ਟੀਮਾਂ, ਵੀਡੀਓ ਸਰਵਿਲੈਂਸ ਦੀ 12 ਟੀਮਾਂ, ਅਕਾਉਟਿੰਗ ਦੀਆਂ 5, ਵੀਡੀਓ ਵਿਊਇੰਗ ਦੀਆਂ 5 ਟੀਮਾਂ, ਮੀਡੀਆ ਮੋਨਿਟਰਿੰਗ ਦੀਆਂ 4 ਟੀਮਾਂ, ਚੋਣ ਜ਼ਾਬਤੇ ਨਾਲ ਸਬੰਧਿਤ 5 ਟੀਮਾਂ ਅਤੇ ਇਨਕਮ ਟੈਕਸ ਨਾਲ ਸਬੰਧਿਤ 12 ਮੈਂਬਰ ਦੀ ਇੱਕ ਟੀਮ ਲਗਾਤਾਰ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਸ਼ਿਕਾਇਤ ਸੈੱਲ ਦੀਆ 5 ਟੀਮਾਂ ਅਤੇ ਫਲਾਇੰਗ ਸੁਕਆਇਡ ਦੀਆਂ 36 ਟੀਮਾਂ ਦੇ 180 ਮੈਂਬਰ ਵੀ ਦਿਨ-ਰਾਤ ਫ਼ੀਲਡ ਵਿਚ ਡਟੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 22,430 ਅਸਲਾ ਲਾਇਸੰਸ ਧਾਰਕ ਹਨ, ਜਿਨ੍ਹਾਂ ਵਿਚੋਂ 14,933 ਅਸਲਾ ਧਾਰਕਾਂ ਵੱਲੋਂ ਹਥਿਆਰ ਜਮਾਂ ਕਰਵਾਏ ਜਾ ਚੁੱਕੇ ਹਨ, ਜੋ ਕਿ ਕੁੱਲ ਹਥਿਆਰਾਂ ਦਾ 65.57 ਫੀਸਦੀ ਹੈ ਜਦਕਿ ਬਾਕੀ ਦੇ 7497 ਹਥਿਆਰ ਨੂੰ ਜਮਾਂ ਕਰਵਾਉਣ ਲਈ ਕੰਮ ਚਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਗੌੜੇ ਆਰੋਪੀਆਂ ‘ਤੇ ਵਿਭਾਗ ਦੀ ਪੈਣੀ ਨਜ਼ਰ ਹੈ। ਨਿਰਪੱਖ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਐਸ.ਡੀ.ਐਮ ਅਮਿੱਤ ਗੁਪਤਾ, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼ ਹਾਜ਼ਰ ਸਨ।