ਭਾਰਤ ਤੇ ਅਮਰੀਕਾ ਨੇ ਅੱਜ ਦੋਵਾਂ ਮੁਲਕਾਂ ਦਰਮਿਆਨ ਰੱਖਿਆ ਸਹਿਯੋਗ ਦਾ ਘੇਰਾ ਮੋਕਲਾ ਕਰਦਿਆਂ 3 ਅਰਬ ਅਮਰੀਕੀ ਡਾਲਰ ਦੇ ਰੱਖਿਆ ਸਮਝੌਤਿਆਂ ’ਤੇ ਮੋਹਰ ਲਾ ਦਿੱਤੀ। ਕਰਾਰ ਤਹਿਤ ਭਾਰਤ, ਅਮਰੀਕਾ ਤੋਂ ਅਪਾਚੇ ਤੇ ਐੱਮਐੱਚ-60 ਰੋਮੀਓ ਹੈਲੀਕਾਪਟਰਾਂ ਸਮੇਤ ਹੋਰ ਆਧੁਨਿਕ ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਕਰੇਗਾ। ਦੋਵਾਂ ਮੁਲਕਾਂ ਨੇ ਸਿਹਤ ਤੇ ਤੇਲ ਸੈਕਟਰਾਂ ਨਾਲ ਸਬੰਧਤ ਤਿੰਨ ਸਮਝੌਤਿਆਂ ’ਤੇ ਵੀ ਸਹੀ ਪਾਈ। ਇਥੇ ਹੈਦਰਾਬਾਦ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਪਾਰਕ ਸਬੰਧਾਂ, ਅਤਿਵਾਦ ਦੇ ਟਾਕਰੇ ਤੇ ਊਰਜਾ ਸਹਿਯੋਗ ਸਮੇਤ ਹੋਰ ਕਈ ਰਣਨੀਤਕ ਮੁੱਦਿਆਂ ’ਤੇ ਵਿਆਪਕ ਚਰਚਾ ਕੀਤੀ। ਦੋਵਾਂ ਆਗੂਆਂ ਨੇ ਮਗਰੋਂ ਸਾਂਝੀ ਪ੍ਰੈੱਸ ਮਿਲਣੀ ਦੌਰਾਨ ਜ਼ੋਰ ਦੇ ਕੇ ਆਖਿਆ ਕਿ ਦੋਵੇਂ ਦੇਸ਼ ਆਪਣੇ ਨਾਗਰਿਕਾਂ ਨੂੰ ਕੱਟੜਵਾਦੀ ਇਸਲਾਮਿਕ ਅਤਿਵਾਦ ਤੋਂ ਬਚਾਉਣ ਲਈ ਵਚਨਬੱਧ ਹਨ।
ਸੂਤਰਾਂ ਮੁਤਾਬਕ ਹੈਦਰਾਬਾਦ ਹਾਊਸ ਵਿੱਚ ਹੋਈ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਖੇਤਰੀ ਮੁੱਦਿਆਂ ਸਮੇਤ ਅਮਰੀਕਾ ਦੇ ਤਾਲਿਬਾਨ ਨਾਲ ਹੋਣ ਵਾਲੇ ਤਜਵੀਜ਼ਤ ਸ਼ਾਂਤੀ ਸਮਝੌਤੇ ਤੇ ਭਾਰਤ-ਪ੍ਰਸ਼ਾਂਤ ਖਿੱਤੇ ਦੇ ਮੌਜੂਦਾ ਹਾਲਾਤ, ਦਹਿਸ਼ਤਵਾਦ ਤੋਂ ਦਰਪੇਸ਼ ਖਤਰੇ ਤੇ ਖਾੜੀ ਵਿੱਚ ਹਾਲਾਤ ਬਾਰੇ ਚਰਚਾ ਕੀਤੀ। ਵਫ਼ਦ ਪੱਧਰ ਦੀ ਇਸ ਗੱਲਬਾਤ ਦੌਰਾਨ ਭਾਰਤ ਤੇ ਅਮਰੀਕਾ ਨੇ ਦਿਮਾਗੀ ਸਿਹਤ ਬਾਰੇ ਇਕ ਐਮਓਯੂ ਵੀ ਸਾਈਨ ਕੀਤਾ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਅਮਰੀਕਾ ਦੇ ਖੁਰਾਕ ਤੇ ਡਰੱਗ ਪ੍ਰਸ਼ਾਸਨ ਨਾਲ ਕਰਾਰ ’ਤੇ ਸਹੀ ਪਾਈ। ਇਸੇ ਤਰ੍ਹਾਂ ਭਾਰਤੀ ਤੇਲ ਕਾਰਪੋਰੇਸ਼ਨ ਲਿਮਟਿਡ, ਐਕਸੌਨ ਮੋਬਿਲ ਇੰਡੀਆ ਐੱਲਐੱਨਜੀ ਲਿਮਟਿਡ ਤੇ ਚਾਰਟ ਇੰਡਸਟਰੀਜ਼ ਇੰਕ, ਅਮਰੀਕਾ ਨੇ ਸਹਿਯੋਗ ਸਬੰਧੀ ਪੱਤਰ ਸਹੀਬੰਦ ਕੀਤਾ।
ਅਮਰੀਕੀ ਸਦਰ ਨੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਭਾਰਤ ਨਾਲ ਨਵੇਂ ਕਰਾਰ ਕਰਕੇ ਰੱਖਿਆ ਸਹਿਯੋਗ ਦੇ ਆਪਣੇ ਘੇਰੇ ਨੂੰ ਮੋਕਲਾ ਕਰ ਦਿੱਤਾ ਹੈ। ਭਾਰਤ ਹੁਣ ਸਾਡੇ ਕੋਲੋਂ ਤਿੰਨ ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਆਧੁਨਿਕ ਫੌਜੀ ਸਾਜ਼ੋ-ਸਾਮਾਨ ਖਰੀਦੇਗਾ, ਜਿਸ ਵਿੱਚ ਅਪਾਚੇ ਤੇ ਐੱਮਐੱਚ-60 ਰੋਮੀਓ ਹੈਲੀਕਾਪਟਰ ਵੀ ਸ਼ਾਮਲ ਹਨ, ਜੋ ਵਿਸ਼ਵ ਵਿੱਚ ਸਭ ਤੋਂ ਬਿਹਤਰੀਨ ਹਨ। ਇਨ੍ਹਾਂ ਕਰਾਰਾਂ ਨਾਲ ਸਾਡੀਆਂ ਰੱਖਿਆ ਸਮਰੱਥਾਵਾਂ ਵਧਣਗੀਆਂ। ਕਿਉਂਕਿ ਸਾਡੀਆਂ ਫੌਜਾਂ ਇਕ ਦੂਜੇ ਨੂੰ ਸਿਖਲਾਈ ਦੇਣ ਦੇ ਨਾਲ ਇਕ ਦੂਜੇ ਨਾਲ ਮਿਲ ਕੇ ਕੰਮ ਕਰਨਗੀਆਂ।’ ਅਮਰੀਕੀ ਸਦਰ ਨੇ ਕਿਹਾ, ‘ਜਦੋਂ ਦਾ ਮੈਂ ਦਫ਼ਤਰ ਸੰੰਭਾਲਿਆ ਹੈ, ਉਦੋਂ ਤੋਂ ਅਮਰੀਕਾ ਤੋਂ ਭਾਰਤ ਨੂੰ ਹੁੰਦੀਆਂ ਬਰਾਮਦਾਂ 60 ਫੀਸਦ ਤਕ ਵੱਧ ਗਈਆਂ ਹਨ ਤੇ ਉੱਚ ਮਿਆਰ ਦੀ ਅਮਰੀਕੀ ਊਰਜਾ ਨਾਲ ਜੁੜੀਆਂ ਬਰਾਮਦਾਂ ਵਿੱਚ 500 ਫੀਸਦ ਤਕ ਉਛਾਲ ਆਇਆ ਹੈ।’ ਟਰੰਪ ਨੇ ਕਿਹਾ, ‘ਜਿਵੇਂ ਜਿਵੇਂ ਭਾਰਤ ਨਾਲ ਸਾਡੀ ਭਾਈਵਾਲੀ ਡੂੰਘੀ ਹੋਣ ਲੱਗੀ ਹੈ, ਦੋਵੇਂ ਮੁਲਕ ਜਮਹੂਰੀਅਤ ਤੇ ਸੰਵਿਧਾਨਾਂ- ਜਿਹੜੇ ਆਜ਼ਾਦੀ, ਵਿਅਕਤੀ ਵਿਸ਼ੇਸ਼ ਦੇ ਹੱਕਾਂ ਤੇ ਕਾਨੂੰਨ ਦੀ ਸੁਰੱਖਿਆ ਯਕੀਨੀ ਬਣਾਉਂਦੇ ਹਨ, ਦੀਆਂ ਸਾਂਝੀਆਂ ਰਵਾਇਤਾਂ ਨਾਲ ਜੁੜੇ ਹੋਏ ਹਨ।’ ਅਮਰੀਕੀ ਸਦਰ ਨੇ ਭਾਰਤ ਦੀ ਦੋ-ਰੋਜ਼ਾ ਫੇਰੀ ਨੂੰ ਹੈਰਾਨਕੁਨ ਤੇ ਖਾਸ ਕਰਕੇ ਮੋਟੇਰਾ ਸਟੇਡੀਅਮ ’ਚ ‘ਨਮਸਤੇ ਇੰਡੀਆ’ ਪ੍ਰੋਗਰਾਮ ਦੀ ਰੱਜਵੀਂ ਤਾਰੀਫ਼ ਕੀਤੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਅਮਰੀਕਾ ਸਬੰਧਾਂ ਨੂੰ 21ਵੀਂ ਸਦੀ ਦੀ ਸਭ ਤੋਂ ਅਹਿਮ ਭਾਈਵਾਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੁਵੱਲਾ ਰੱਖਿਆ ਤੇ ਸੁਰੱਖਿਆ ਸਹਿਯੋਗ ਇਸ ਭਾਈਵਾਲੀ ਦੇ ਅਹਿਮ ਪਹਿਲੂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਜਿੱਥੋਂ ਤਕ ਦੁਵੱਲੇ ਵਣਜ ਦੀ ਗੱਲ ਹੈ ਤਾਂ ਦੋਵਾਂ ਮੁਲਕਾਂ ਦੇ ਵਣਜ ਮੰਤਰੀਆਂ ਵਿਚਾਲੇ ਹੋਈ ਗੱਲਬਾਤ ਸਕਾਰਾਤਮਕ ਰਹੀ। ਉਨ੍ਹਾਂ ਕਿਹਾ, ‘ਰਾਸ਼ਟਰਪਤੀ ਟਰੰਪ ਤੇ ਮੈਂ ਇਸ ਗੱਲ ’ਤੇ ਸਹਿਮਤ ਹਾਂ ਕਿ ਸਾਡੀਆਂ ਟੀਮਾਂ ਦੋਵੇਂ ਵਣਜ ਮੰਤਰੀਆਂ ਵੱਲੋਂ ਵਿਕਸਤ ਕੀਤੀ ਸਮਝ ਨੂੰ ਕਾਨੂੰਨੀ ਸ਼ਕਲ ਦੇਣਗੀਆਂ। ਅਸੀਂ ਵੱਡੇ ਵਪਾਰਕ ਸਮਝੌਤੇ ਲਈ ‘ਸਾਲਸ’ ਦਾ ਅਮਲ ਸ਼ੁਰੂ ਕਰਨ ਲਈ ਵੀ ਸਹਿਮਤੀ ਦਿੱਤੀ ਹੈ।
HOME 3 ਅਰਬ ਡਾਲਰ ਦੇ ਰੱਖਿਆ ਸਮਝੌਤਿਆਂ ’ਤੇ ਮੋਹਰ